ਅਕਾਲੀ ਦਲ-ਬਸਪਾ ਗਠਜੋੜ ਦੀ ਸਰਕਾਰ ਬਣਨ ’ਤੇ ਖੰਨਾ ਨੁੰ ਜ਼ਿਲ੍ਹਾ ਬਣਾਉਣ ਦਾ ਐਲਾਨ
ਖੰਨਾ/ਅਮਲੋਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਕਿ ਸਿੱਖਿਆ ਮੰਤਰੀ ਪਰਗਟ ਸਿੰਘ ਬਹੁ-ਕਰੋੜੀ ਸਹਾਇਕ ਪ੍ਰੋਫੈਸਰ ਘੁਟਾਲੇ ਵਿਚ ਅਸਤੀਫਾ ਦੇਣ ਤੇ ਉਹਨਾਂ ਕਿਹਾ ਕਿ ਇਸ ਘੁਟਾਲੇ ਵਿਚ ਸਾਰੇ ਨਿਯਮ ਕਾਨੂੰਨ ਛਿੱਕੇ ਟੰਗੇ ਗਏ ਤੇ ਆਪਣੇ ਚਹੇਤਿਆਂ ਲਈ ਪੇਪਰ ਲੀਕ ਕੀਤੇ ਗਏ ਤੇ ਕਰੋੜਾਂ ਰੁਪਏ ਦਾ ਲੈਣ ਦੇਣ ਹੋਇਆ ਹੈ।
ਖੰਨਾ ਅਤੇ ਅਮਲੋਹ ਦੋਵਾਂ ਥਾਵਾਂ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਖਿਆ ਕਿ ਉਹ ਦੱਸਣ ਕਿ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਵਾਸਤੇ ਸਾਰੀ ਪ੍ਰੀਖਿਆ ਸਿਰਫ ਖੋਜ ਸਕਾਲਰਾਂ ਤੇ ਸਰਕਾਰੀ ਕਾਲਜਾਂ ਦੇ ਅਧਿਆਪਕਾਂ ਨੁੰ ਪੰਜ ਅੰਕ ਵੱਧ ਦੇ ਕੇ ਉਹਨਾਂ ਤੱਕ ਸੀਮਤ ਕਿਉਂ ਕੀਤੀ ਗਈ ਤੇ ਕਿਉਂਕਿ ਪੇਪਰ ਸੈਟ ਕਰਨ ਦੀ ਜ਼ਿੰਮੇਵਾਰੀ ਖੋਜ ਪ੍ਰੀਖਿਆਰਥੀਆਂ ਦੇ ਗਾਈਡਜ਼ ਨੁੰ ਦਿੱਤੀ ਗਈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਇਹ ਵੀ ਦੱਸਣ ਕਿ ਭਰਤੀ ਪ੍ਰਕਿਰਿਆ ਵਿਚ ਯੂ ਜੀ ਸੀ ਦੀਆਂ ਹਦਾਇਤਾਂ ਦੀ ਪਾਲਣਾ ਕਿਉਂ ਨਹੀਂ ਕੀਤੀ ਗਈ ਤੇ ਕਿਉਂਕਿ ਕਲਾਸ ਵਨ ਅਫਸਰਾਂ ਵਾਲੀ ਪੋਸਟ ’ਤੇ ਭਰਤੀ ਦੀ ਜ਼ਿੰਮੇਵਾਰੀ ਪੰਜਾਬ ਲੋਕ ਸੇਵਾ ਕਮਿਸ਼ਨ ਨੁੰ ਨਹੀਂ ਦਿੱਤੀ ਗਈ।
ਸੁਖਬੀਰ ਬਾਦਲ ਨੇ ਉਚੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ ਪੰਜਾਬੀ ਯੂਨੀਵਰਸਿਟੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 2 ਤੋਂ 22 ਨਵੰਬਰ ਨੁੰ ਲਈ ਗਈ ਵੱਖ ਵੱਖ ਵਿਸ਼ਿਆਂ ਦੀ ਪ੍ਰੀਖਿਆ ਵਿਚ ਉਮੀਦਵਾਰਾਂ ਦੇ ਇਤਰਾਜ਼ ਸਾਹਮਣੇ ਆਉਣ ਤੋਂ ਬਾਅਦ ਇਹਨਾਂ ’ਤੇ ਕਾਰਵਾਈ ਕਰਨ ਦੀ ਥਾਂ ਮਾਮਲਾ ਰਫਾ ਦਫਾ ਕਰਨ ਦੇ ਯਤਨਾਂ ਦੀ ਵੀ ਨਿਖੇਧੀ ਕੀਤੀ।
ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਪਰਗਟ ਸਿੰਘ ਨੇ ਪਾਰਦਰਸ਼ਤਾ ਦੀ ਸਹੁੰ ਚੁੱਕੀ ਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਭਰਤੀ ਪ੍ਰਕਿਰਿਆ ’ਤੇ ਰੋਕ ਲਾਉਣ ਤੋਂ ਬਾਅਦ ਵੀ ਪ੍ਰਤੀਕਰਮ ਪ੍ਰਗਟ ਨਹੀਂ ਕੀਤਾ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬੀ ਤੇ ਗਣਿਤ ਦੇ ਪੇਪਰਾਂ ਸਮੇਤ ਵੱਖ ਵੱਖ ਪੇਪਰ ਲੀਕ ਹੋਣ ਦੇ ਪੁਖ਼ਤਾ ਸਬੂਤ ਹੋਣ ਤੋੀ ਬਾਅਦ ਵੀ ਉਚੇਰੀ ਸਿੱਖਿਆ ਮੰਤਰੀ ਨੇ ਸਾਰੀ ਪ੍ਰਕਿਰਿਆ ਰੱਦ ਨਹੀਂ ਕੀਤੀ ਤੇ ਯੂ ਜੀ ਸੀ ਦੀਆਂ ਹਦਾਇਤਾਂ ਮੁਤਾਬਕ ਨਵੇਂ ਸਿਰੇ ਤੋਂ ਪ੍ਰੀਖਿਆ ਲਏ ਜਾਣ ਦੇ ਹੁਕਮ ਨਹੀਂ ਦਿੱਤੇ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹਾਈ ਕੋਰਟ ਨੇ ਬੇਨਿਯਮੀਆਂ ਦਾ ਨੋਟਿਸ ਲਿਆ ਹੈ। ਉਹਨਾਂ ਮੰਗ ਕੀਤੀ ਕਿ ਇਸ ਸਾਰੀ ਪ੍ਰਕਿਰਿਆ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ ਤੇ ਖੋਜ ਸਕਾਲਰਾਂ ਤੇ ਸਰਕਾਰੀ ਕਾਲਜ ਅਧਿਆਪਕਾਂ ਜਿਹਨਾਂ ਨੇ ਪ੍ਰੀਖਿਆ ਕਲੀਅਰ ਕੀਤੀ ਤੇ ਉਹਨਾਂ ਦੇ ਗਾਈਡਜ਼ ਤੇ ਸੀਨੀਅਰ ਅਧਿਆਪਕਾਂ ਜਿਹਨਾਂ ਨੇ ਪ੍ਰੀਖਿਆ ਪੇਪਰ ਸੈਟ ਕੀਤੇ, ਇਹਨਾਂ ਦਰਮਿਆਲ ਕੜੀਆਂ ਦੀ ਜਾਂਚ ਕੀਤੀ ਜਾਵੇ।
ਸੁਖਬੀਰ ਬਾਦਲ ਨੇ ਕਿਹਾ ਕਿ ਪੀੜ੍ਹਤ ਵਿਦਿਆਰਥੀ ਉਹਨਾਂ ਨੂੰ ਵੀ ਮਿਲੇ ਸਨ ਤੇ ਉਹਨਾਂ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਨੇ ਸਿਸਟਮ ’ਤੇ ਵਿਸ਼ਵਾਸ ਗੁਆ ਲਿਆ ਹੈ ਕਿਉਂਕਿ ਚੰਨੀ ਸਰਕਾਰ ਨੇ ਪ੍ਰੀਖਿਆ ਵਿਚ ਬੈਠੇ ਸਰਕਾਰੀ ਅਧਿਆਪਕਾਂ ਨੂੰ ਪੰਜ ਅੰਕ ਵਾਧੂ ਦੇਣ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਉਮੀਦਵਾਰਾਂ ਨੇ ਦੱਸਿਆ ਕਿ ਇਸੇ ਤਰੀਕੇ ਪ੍ਰਾਈਵੇਟ ਪੜ੍ਹਦੇ ਅਤੇ ਏਡਡ ਕਾਲਜਾਂ ਵਿਚ ਪੜ੍ਹਦੇ ਅਧਿਆਪਕਾਂ ਨੁੰ ਕੋਈ ਵਾਧੂ ਅੰਕ ਨਹੀਂ ਦਿੱਤੇ ਗਏ ਜੋ ਵਿਤਕਰੇ ਵਾਲਾ ਕਦਮ ਹੈ। ਉਹਨਾਂ ਕਿਹਾ ਕਿ ਅਜਿਹੇ ਵੀ ਮਾਮਲੇ ਹਨ ਜਿਹਨਾਂ ਵਿਚ ਪ੍ਰੀਖਿਆ ਵਿਚ ਜਨਰਲ ਕੈਟਾਗਿਰੀ ਦੇ ਵਿਦਿਆਰਥੀਆਂ ਨੇ ਟਾਪ ਕੀਤਾ ਹੈ ਪਰ ਉਹਨਾਂ ਦੀ ਚੋਣ ਨਿਯੁਕਤੀ ਵਾਸਤੇ ਨਹੀਂ ਹੋਈ ਕਿਉਂਕਿ ਸਰਕਾਰੀ ਅਧਿਆਪਕਾਂ ਨੂੰ ਵੱਧ ਅੰਕ ਮਿਲੇ ਹਨ।
ਇਸ ਤੋਂ ਪਹਿਲਾਂ ਖੰਨਾ ਵਿਚ ਪਾਰਟੀ ਦੇ ਉਮੀਦਵਾਰ ਜਸਦੀਪ ਸਿੰਘ ਯਾਦੂ ਤੇ ਅਮਲੋਹ ਵਿਚ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਹੱਕ ਵਿਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਆਪ ਚਮਕੌਰ ਸਾਹਿਬ ਹਲਕੇ ਵਿਚ ਰੇਤ ਮਾਫੀਆ ਚਲਾ ਰਹੇ ਹਨ। ਉਹਨਾਂ ਕਿਹਾ ਕਿ ਹਲਕੇ ਵਿਚ ਮੁੱਖ ਮੰਤਰੀ ਦੇ ਨਾਂ ’ਤੇ ਗੈਰ ਕਾਨੂੰਨੀ ਨਾਕੇ ਲੱਗੇ ਹਨ ਅਤੇ ਟਰੱਕਾਂ ਵਾਲਿਆਂ ਤੋਂ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ।
ਖੰਨਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਬਣਨ ’ਤੇ ਖੰਨਾ ਨੁੰ ਜ਼ਿਲ੍ਹਾ ਬਣਾਇਆ ਜਾਵੇਗਾ। ਉਹਨਾਂ ਨੇ ਭਰੋਸਾ ਦੁਆਇਆ ਕਿ ਸ਼ਹਿਰ ਵਿਚ ਫੜੀ ਗਈ ਨਜਾਇਜ਼ ਸ਼ਰਾਬ ਫੈਕਟਰੀ ਦੇ ਮਾਮਲੇ ਦੀ ਪੜ੍ਹਤਾਲ ਕਰਵਾਈ ਜਾਵੇਗੀ ਅਤੇ ਜੋ ਵੀ ਇਸਨੁੰ ਚਲਾ ਰਹੇ ਸਨ ਤੇ ਜਿਹਨਾਂ ਨੇ ਵੀ ਇਸ ਵਾਸਤੇ ਸਰਪ੍ਰਸਤੀ ਦਿੱਤੀ ਭਾਵੇਂ ਉਹ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਹੀ ਕਿਉਂ ਨਾ ਹੋਣ ਸਭ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ।