ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ, ਜੋ ਕਿ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ, ਨੂੰ ਬੇਨਤੀ ਕੀਤੀ ਕਿ ਉਹ ਆਪਣੇ ਵਾਈਸ ਚਾਂਸਲਰ ਨੂੰ ਹਦਾਇਹਤ ਦੇਣ ਕਿ ਸੈਨੇਟ ਦੀਆਂ ਚੋਣਾਂ ਤੁਰੰਤ ਕਰਵਾਈਆਂ ਜਾਣ ਜੋ ਕਿ ਬਹੁਤ ਦੇਰ ਤੋਂ ਲਟਕ ਰਹੀਆਂ ਹਨ, ਤਾਂ ਜੋ ਪ੍ਰਮੁੱਖ ਸੰਸਥਾ ਵਿਚ ਲੋਕਤੰਤਰੀ ਕਦਰਾਂ ਕੀਮਤਾਂ ਤਬਾਹ ਨਾ ਹੋਣ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਪ ਰਾਸ਼ਟਰਪਤੀ ਨੂੰ ਇਹ ਵੀ ਕਿਹਾ ਕਿ ਉਹ ਪੰਜਾਬ ਯੂਨੀਵਰਸਿਟੀ ਦੇ ਅਧਿਕਾਰੀਆਂ ਨੁੰ ਹਦਾਇਤ ਦੇਣ ਕਿ ਉਹ ਸਰਵਉਚ ਗਵਰਡਿੰਗ ਬਾਡੀ ਲਈ ਮੈਂਬਰ ਨਾਮਜ਼ਦ ਰਕਨ ਦੀ ਤਜਵੀਜ਼ ਰੱਦ ਕਰਨ। ਉਹਨਾਂ ਕਿਹਾ ਕਿ ਵਾਈਸ ਚਾਂਸਲਰ ਦੇ ਹੱਥ ਵਿਚ ਸ਼ਕਤੀਆਂ ਦਾ ਕੇਂਦਰੀਕਰਨ ਪੰਜਾਬ ਸਮੇਤ ਹੋਰ ਭਾਈਵਾਲਾਂ ਦੇ ਹਿੱਤ ਵਿਚ ਨਹੀਂ ਹੈ। ਯਾਦ ਰਹੇ ਕਿ ਪੰਜਾਬ ਦੇ 200 ਤੋਂ ਜ਼ਿਆਦਾ ਕਾਲਜ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹਨ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦੋ ਮਹੀਨੇ ਤੋਂ ਵੱਧ ਸਮਾਂ ਕੋਰੋਨਾ ਮਹਾਮਾਰੀ ਦੇ ਨਾਂ ‘ਤੇ ਸੈਨੇਟ ਚੋਣਾਂ ਟਾਲੀਆਂ ਜਾ ਰਹੀਆਂ ਹਨ ਜਦਕਿ ਇਹ 15 ਅਗਸਤ ਤੋਂ ਪੈਂਡਿੰਗ ਹਨ। ਉਹਨਾਂ ਕਿਹਾ ਕਿ ਇਹ ਚੋਣਾਂ ਹੁਣ ਅਣਮਿੱਥੇ ਸਮੇਂ ਲਈ ਟਾਲ ਦਿੱਤੀਆਂ ਗਈਆਂ ਹਨ ਜਦਕਿ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੀਆਂ ਚੋਣਾਂ ਹਾਲ ਹੀ ਵਿਚ ਹੋ ਕੇ ਹਟੀਆਂ ਹਨ। ਉਹਨਾਂ ਕਿਹਾ ਕਿ ਇਸ ਨਾਲ ਇਹ ਖਦਸ਼ਾ ਵੱਧ ਗਿਆ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਜਾਣ ਬੁੱਝ ਕੇ ਸੈਨੇਟ ਖਤਮ ਕਰ ਕੇ ਬੋਰਡ ਆਫ ਗਵਰਨਰਜ਼ ਨਾਮਜ਼ਦ ਕਰਨਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਅਜਿਹਾ ਕਦਮ ਭਾਵੇਂ ਅਧਿਕਾਰੀਆਂ ਲਈ ਦਾ ਲਾਭਾਰੀ ਹੋਵੇ ਪਰ ਇਸ ਨਾਲ ਪੰਜਾਬ ਦੇ ਵਡੇਰੇ ਹਿੱਤਾਂ ਨੂੰ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਨਾਮਜ਼ਦ ਕੀਤੀ ਗਈ ਸੰਸਥਾ ਇਲਾਕੇ ਦੇ ਲੋਕਾਂ ਨੁੰ ਜਵਾਬਦੇਹ ਨਹੀਂ ਹੋਵੇਗੀ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਨੇ ਖਿੱਤੇ ਨੁੰ ਅਕਾਦਮਿਕ ਲੀਡਰਸ਼ਿਪ ਪ੍ਰਦਾਨ ਕੀਤੀ ਹੈ ਤੇ ਇਸਨੇ ਸਕਾਲਰਾਂ ਦੀਆ ਕਈ ਪੀੜੀਆਂ ਪਾਲੀਆਂ ਹਨ। ਉਹਨਾਂ ਕਿਹਾ ਕਿ ਇਹ ਸੰਸਕਾ ਅਸਲ ਵਿਚ ਸੂਬੇ ਦੀ ਯੂਨੀਵਰਸਿਟੀ ਹੈ ਤੇ ਪੰਜਾਬ ਸਰਕਾਰ ਹਰ ਸਾਲ ਇਸਦੇ ਬਜਟ ਵਿਚ ਯੋਗਦਾਨ ਪਾਉਂਦੀ ਹੈ। ਉਹਨਾਂ ਕਿਹਾ ਕਿ ਸੈਨੇਟ ਦੇ ਮੈਂਬਰ ਚੁਣੇ ਜਾਂਦੇ ਹਨ ਤੇ ਪੰਜਾਬ ਵੱਲੋਂ ਨਾਮਜ਼ਦ ਕੀਤੇ ਜਾਂਦੇ ਹਨ।