ਮੁਕੇਰੀਆਂ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਕ ਵਾਰ ਫਿਰ ਤੋਂ ਮਾਇਨਿੰਗ ਖੇਤਰ ਵਿੱਚ ਰੇਡ ਕੀਤੀ । ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮਾਇਨਿੰਗ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਆਖਿਆ ਕਿ ਉਹ ਦੱਸਣ ਕਿ ਕਿਹੜੇ ਨਿਯਮਾਂ ਤਹਿਤ 200 ਫੁੱਟ ਤੱਕ ਰੇਤ ਦੀ ਖੁਦਾਈ ਦੀ ਆਗਿਆ ਹੈ ਤੇ ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਦੇ ਹਲਕੇ ਦੇ ਅਨੇਕਾਂ ਪਿੰਡਾਂ ਵਿਚ ਰੇਤ ਮਾਫੀਆ ਜ਼ਿਲ੍ਹਾ ਪੁਲਿਸ ਤੇ ਮਾਇਨਿੰਗ ਵਿਭਾਗ ਨਾਲ ਰਲ ਕੇ ਸਰਗਰਮੀ ਨਾਲ ਕੰਮ ਕਰ ਰਿਹਾ ਹੈ।
ਧਾਮੀਆਂ, ਸੰਧਵਾਲ ਤੇ ਬ੍ਰਿਗਾਂਲੀ ਪਿੰਡਾਂ ਵਿਚ ਰੇਤ ਮਾਫੀਆ ਵੱਲੋਂ ਡੂੰਘਾਈ ਤੱਕ ਰੇਤ ਕੱਢਣ ਲਈ ਕੀਤੀ ਪੁਟਾਈ ਕਾਰਨ ਵਾਹਨ ਅੱਗੇ ਨਾ ਜਾ ਸਕਣ ਦੇ ਹਾਲਾਤ ਨੂੰ ਵੇਖਦਿਆਂ ਕਈ ਕਿਲੋਮੀਟਰ ਤੱਕ ਤੁਰ ਕੇ ਗਏ ਸਰਦਾਰ ਸੁਖਬੀਰ ਬਾਦਲ ਨੇ ਕਿਹਾ ਕਿ ਅਜਿਹੀਆਂ ਤਰਕੀਬਾਂ ਅਕਾਲੀ ਦਲ ਨੂੰ ਰੇਤ ਮਾਫੀਆ ਬੇਨਕਾਬ ਕਰਨ ਤੋਂ ਨਹੀਂ ਰੋਕ ਸਕਦੀਆਂ ਜਦਕਿ ਰੇਤ ਮਾਫੀਆ ਦੇ ਤਾਰ ਮੁੱਖ ਮੰਤਰੀ ਦਫਤਰ ਤੇ ਏ.ਆਈ.ਸੀ.ਸੀ. ਤੱਕ ਜੁੜੇ ਹੋਏ ਹਨ।
Walked several kms to see the extent to which illegal sand mining at Bringali village in Mukerian has ravaged the area. People told me the illegal mining was being done by Gurjant Brar s/o Cong MLA from Baghapurana Darshan Brar. Let’s see what @capt_amarinder has to say to this. pic.twitter.com/BCzN4hOgrn
— Sukhbir Singh Badal (@officeofssbadal) July 3, 2021
ਉਹਨਾਂ ਵੇਖਿਆ ਕਿ 10 ਤੋਂ ਜ਼ਿਆਦਾ ਪਿੰਡਾਂ ਵਿਚ ਮਾਫੀਆ ਨੇ ਤਬਾਹੀ ਮਚਾਈ ਹੋਈ ਹੈ ਤੇ ਸਰਕਾਰ ਨੂੰ ਇਸਦੀ ਬਿਲਕੁਲ ਵੀ ਪਰਵਾਹ ਨਹੀਂ ਹੈ। ਉਹਨਾਂ ਕਿਹਾ ਕਿ ਅੱਜ ਵੀ ਸਥਾਨਕ ਪੁਲਿਸ ਨੇ ਮਾਫੀਆ ਦੀ ਮਦਦ ਕੀਤੀ ਤ ੇਉਹਨਾਂ ਨੂੰ ਪਹਿਲਾਂ ਹੀ ਦੌਰੇ ਬਾਰੇ ਜਾਣਕਾਰੀ ਦੇ ਦਿੱਤੀ ਤਾਂ ਜੋ ਉਹ ਮੌਕੇ ਤੋਂ ਭੱਜ ਜਾਣ। ਉਹਨਾਂ ਕਿਹਾ ਕਿ ਮਾਫੀਆ ਨੇ ਇੰਨੀ ਅੱਤ ਚੁੱਕੀ ਹੈ ਕਿਉਂਕਿ ਉਸਨੇ ਡੂੰਘਾਈ ਨਾਲ ਪੁਟਾਈ ਕਰ ਦਿੱਤੀ ਹੈ ਤਾਂ ਜੋ ਅਸੀਂ ਉਹਨਾਂ ਥਾਵਾਂ ‘ਤੇ ਪਹੁੰਚ ਹੀ ਨਾ ਸਕੀਏ ਜਿੱਥੇ ਗੈਰ ਕਾਨੂੰਨੀ ਮਾਇਨਿੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮਾਫੀਆ ਨੇ ਕੱਚੀ ਸੜਕ ਪੁੱਟ ਕੇ ਬਾਹਰ ਨਿਕਲਣ ਦਾ ਰਾਹ ਵੀ ਬੰਦ ਕਰਨ ਦਾ ਯਤਨ ਕੀਤਾ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਨਿਯਮਾਂ ਤਹਿਤ ਸਿਰਫ 10 ਫੁੱਟ ਤੱਕ ਪੁਟਾਈ ਦੀ ਆਗਿਆ ਹੈ ਪਰ ਰੇਤ ਮਾਫੀਆ ਨੇ 200 ਫੁੱਟ ਤੱਕ ਡੂੰਘੀ ਪੁਟਾਈ ਕੀਤੀ ਹੋਈ ਹੈ, ਜਿਸ ਕਾਰਨ ਇਲਾਕੇ ਵਿਚ ਝੀਲ ਬਣ ਗਈ ਹੈ ਤੇ ਇਸ ਵਿਚ ਪਾਣੀ ਭਰ ਗਿਆ ਹੈ। ਉਹਨਾਂ ਦੱਸਿਆ ਕਿ ਐਨ ਜੀ ਓਜ਼ ਤੇ ਪਿੰਡ ਵਾਲੇ ਜੋ ਮੌਕੇ ‘ਤੇ ਹਾਜ਼ਰ ਸਨ, ਨੇ ਦੱਸਿਆ ਕਿ ਗੈਰ ਕਾਨੂੰਨੀ ਮਾਇਨਿੰਗ ਕਾਂਗਰਸੀ ਵਿਧਾਇਕ ਦਰਸ਼ਨ ਬਰਾੜ ਦੇ ਪੁੱਤਰ ਗੁਰਜੰਟ ਸਿੰਘ ਵੱਲੋਂ ਸਥਾਨਕ ਵਿਧਾਇਕ ਇੰਦੂ ਬਾਲਾ ਤੇ ਪੁਲਿਸ ਤੇ ਮਾਇਨਿੰਗ ਵਿਭਾਗ ਨਾਲ ਰਲ ਕੇ ਕੀਤੀ ਜਾ ਰਹੀ ਹੈ। ਉਹਨਾਂ ਇਹ ਵੀ ਦੱਸਿਆ ਕਿ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਵੀ ਮਾਫੀਆ ਦਾ ਬਚਾਅ ਕਰ ਰਿਹਾ ਹੈ।
ਸੁਖਬੀਰ ਬਾਦਲ ਨਾਲ ਗੱਲਬਾਤ ਕਰਦਿਆਂ ਗੁਰੂ ਨਾਨਕ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਕਿਰਪਾਲ ਸਿੰਘ ਗੇਰਾ ਨੇ ਕਿਹਾ ਕਿ ਸੁਸਾਇਟੀ ਲੰਬੇ ਸਮੇਂ ਤੋਂ ਰੇਤ ਮਾਫੀਆ ਦੇ ਖਿਲਾਫ ਸ਼ਿਕਾਇਤਾਂ ਕਰ ਰਹੀ ਹੈ ਪਰ ਸਥਾਨਕ ਪੁਲਿਸ ਤੇ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਮਾਇਨਿੰਗ ਦੀ ਕਿਸੇ ਵੀ ਸ਼ਿਕਾਇਤ ’ਤੇ ਕਾਰਵਾਈ ਕਰਨ ਤੋਂ ਨਾਂਹ ਕਰ ਦਿੱਤੀ ਹੈ। ਮੌਕੇ ’ਤੇ ਹਾਜ਼ਰ ਹੋਰ ਲੋਕਾਂ ਨੇ ਦੱਸਿਆ ਕਿ ਗੈਰ ਕਾਨੁੰਨੀ ਮਾਇਨਿੰਗ ਕਾਰਨ ਉਹਨਾਂ ਦੀ ਜ਼ਮੀਨ ਤਬਾਹ ਹੋ ਗਈ ਹੈ ਤੇ ਮੌਕੇ ’ਤੇ ਕੱਚੀ ਸੜਕ ਜਿਸ ਨਾਲ ਇਕ ਪਿੰਡ ਤੋਂ ਦੂਜੇ ਪਿੰਡ ਜਾਇਆ ਜਾਂਦਾ ਸੀ, ਉਹ ਵੀ ਖਰਾਬ ਹੋ ਗਈ ਹੈ। ਇਕ ਸ਼ਿਕਾਇਤਕਰਤਾ ਬੀਬੀ ਸੁਰਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਦੀ 25 ਏਕੜ ਜ਼ਮੀਨ ਵਿਚੋਂ ਮਾਫੀਆ ਨੇ ਗੈਰ ਕਾਨੁੰਨੀ ਢੰਗ ਨਾਲ ਰੇਤਾ ਕੱਢ ਲਿਆ ਹੈ।
ਸਥਾਨਕ ਟਰੱਕਾਂ ਵਾਲੇ ਤੇ ਗੁਆਂਢੀ ਹਿਮਾਚਲ ਪ੍ਰਦੇਸ਼ ਵਿਚ ਕੰਮ ਕਰਨ ਵਾਲੇ ਵੀ ਮੌਕੇ ’ਤੇ ਪਹੁੰਚ ਗਏ ਤੇ ਉਹਨਾਂ ਸ਼ਿਕਾਇਤ ਕੀਤੀ ਕਿ ਮਾਫੀਆ ਉਹਨਾਂ ਤੋਂ ਗੁੰਡਾ ਟੈਕਸ ਵਸੂਲ ਰਿਹਾ ਹੈ। ਹਿਮਾਚਲ ਦੇ ਅਪਰੇਟਰਾਂ ਨੇ ਦੱਸਿਆ ਕਿ ਇਸ ਮਾਮਲੇ ਬਾਰੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਇਯ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਹੋਈ ਅਤੇ ਉਹ ਹਿਮਾਚਲ ਤੋਂ ਰੇਤਾ ਪੰਜਾਬ ਲੈ ਕੇ ਆਉਂਦੇ ਹਨ ਤਾਂ 10 ਹਜ਼ਾਰ ਰੁਪਏ ਪ੍ਰਤੀ ਟਰੱਕ ਗੁੰਡਾ ਟੈਕਸ ਦੇਣਾ ਪੈਂਦਾ ਹੈ।
ਇਸ ਦੌਰਾਨ ਸਰਦਾਰ ਸੁਖਬੀਰ ਬਾਦਲ, ਜਿਹਨਾਂ ਦੇ ਨਾਲ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਯੂਥ ਆਗੂ ਸਰਬਜੋਤ ਸਿੰਘ ਸਾਬੀ ਵੀ ਸਨ, ਨੇ ਕਿਹਾ ਕਿ ਅਕਾਲੀ ਦਲ ਮਾਫੀਆ ਨੁੰ ਬੇਨਕਾਬ ਕਰਨਾ ਜਾਰੀ ਰੱਖੇਗਾ ਤੇ ਉਹ ਆਪਣੇ ਆਗੂਆਂ ਖਿਲਾਫ ਕੇਸ ਦਰਜ ਹੋਣ ਤੋਂ ਡਰਨ ਵਾਲਾ ਨਹੀਂ ਹੈ।