ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਐਤਵਾਰ ਨੂੰ ਹਲਕਾ ਰਾਮਪੁਰਾ ਫੂਲ ਤੋਂ ਸਿਕੰਦਰ ਸਿੰਘ ਮਲੂਕਾ ਨੂੰ ਅਕਾਲੀ ਦਲ-ਬਸਪਾ ਗਠਜੋੜ ਦਾ ਉਮੀਦਵਾਰ ਐਲਾਨਿਆ ਗਿਆ ਸੀ। ਪਰ ਸਿਕੰਦਰ ਸਿੰਘ ਮਲੂਕਾ ਨੇ ਹਲਕਾ ਰਾਮਪੁਰਾ ਫੂਲ ਤੋਂ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਇਸ ਗਠਜੋੜ ਦੇ ਹੁਣ ਤੱਕ ਐਲਾਨੇ ਉਮੀਦਵਾਰਾਂ ਵਿੱਚੋਂ ਕਿਸੇ ਨੇ ਅਲਾਟ ਕੀਤੇ ਗਏ ਚੋਣ ਹਲਕੇ ਸਬੰਧੀ ਆਪਣੀ ਅਸਹਿਮਤੀ ਜਤਾਈ ਹੈ।
ਹਲਕਾ ਰਾਮਪੁਰਾ ਫੂਲ ਤੋਂ ਟਿਕਟ ਐਲਾਨੇ ਜਾਣ ‘ਤੇ ਸਿਕੰਦਰ ਸਿੰਘ ਮਲੂਕਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ। ਪਰ ਨਾਲ ਹੀ ਉਨ੍ਹਾਂ ਸਾਫ਼ ਕੀਤਾ ਕਿ ਮੈਂ ਹਲਕਾ ਰਾਮਪੁਰਾ ਫੂਲ ਤੋਂ ਚੋਣ ਨਹੀਂ ਲੜਾਂਗਾ । ਇਸ ਹਲਕੇ ਤੋਂ ਗੁਰਪ੍ਰੀਤ ਸਿੰਘ ਮਲੂਕਾ ਚੋਣ ਲੜਨਗੇ ਕਿਉਂਕਿ ਉਹ ਰਾਮਪੁਰਾ ਫੂਲ ‘ਚ ਪਿਛਲੇ ਇੱਕ ਸਾਲ ਤੋਂ ਲਗਾਤਾਰ ਮਿਹਨਤ ਕਰ ਰਹੇ ਹਨ।
ਮਲੂਕਾ ਨੇ ਕਿਹਾ ਕਿ ਪਿਛਲੇ ਇਕ ਸਾਲ ਤੋਂ ਉਹ ਹਲਕਾ ਮੌੜ ‘ਚ ਕੰਮ ਕਰ ਰਹੇ ਹਨ। ਹਲਕਾ ਮੌੜ ਦੇ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਤੇ ਸਤਿਕਾਰ ਦਿੱਤਾ ਹੈ। ਸਾਰੇ ਵਰਕਰ ਧੜੇਬੰਦੀਆਂ ਖ਼ਤਮ ਕਰ ਕੇ ਉਨ੍ਹਾਂ ਨਾਲ ਤੁਰੇ ਹਨ। ਜੇਕਰ ਪਾਰਟੀ ਉਨ੍ਹਾਂ ਨੂੰ ਹਲਕਾ ਮੌੜ ਤੋਂ ਚੋਣ ਲੜਾਉਣਾ ਚਾਹੇ ਤਾਂ ਉਹ ਹਲਕਾ ਮੌੜ ਤੋਂ ਚੋਣ ਜ਼ਰੂਰ ਲੜਨਗੇ। ਪਾਰਟੀ ਜਿੱਥੇ ਵੀ ਉਨ੍ਹਾਂ ਦੀ ਡਿਊਟੀ ਲਗਾਏਗੀ ਉਹ ਆਪਣੀ ਡਿਊਟੀ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ।
ਸਿਕੰਦਰ ਸਿੰਘ ਮਲੂਕਾ ਦੇ ਇਸ ਬਿਆਨ ਤੋਂ ਇਹ ਵੀ ਸਾਫ਼ ਹੋ ਗਿਆ ਹੈ ਕਿ ਅਕਾਲੀ ਦਲ ਵਿੱਚ ਵੀ ਹੁਣ ਟਿਕਟਾਂ ਦੀ ਵੰਡ ਨੂੰ ਲੈ ਕੇ ਪਰਿਵਾਰਵਾਦ ਭਾਰੂ ਪੈਣ ਲੱਗਾ ਹੈ। ਦੂਜਾ ਸੁਖਬੀਰ ਬਾਦਲ ਦੇ ਫੈਸਲਿਆਂ ਖ਼ਿਲਾਫ਼ ਪਾਰਟੀ ਦੇ ਅੰਦਰੋਂ ਹੀ ਹੁਣ ਆਵਾਜ਼ ਉੱਠਣੀ ਵੀ ਸ਼ੁਰੂ ਹੋ ਗਈ ਹੈ, ਜਿਹੜੀ ਆਉਂਦੇ ਦਿਨਾਂ ‘ਚ ਹੋਰ ਜ਼ਿਆਦਾ ਬੁਲੰਦ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਵਲੋਂ ਰਾਮਪੁਰਾ ਫੂਲ, ਬਠਿੰਡਾ ਦਿਹਾਤੀ ਅਤੇ ਭੁੱਚੋ ਵਿਧਾਨ ਸਭਾ ਹਲਕਿਆਂ ਤੋਂ ਅਕਾਲੀ-ਬਸਪਾ ਗਠਜੋੜ ਦੇ ਆਪਣੇ ਤਿੰਨ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਕੁਝ ਸਮੇਂ ਬਾਅਦ ਹੀ ਸਿਕੰਦਰ ਸਿੰਘ ਮਲੂਕਾ ਵਲੋਂ ਚੋਣ ਨਾ ਲੜਨ ਬਾਰੇ ਐਲਾਨ ਕੀਤਾ ਗਿਆ ਅਤੇ ਬੇਟੇ ਲਈ ਟਿਕਟ ਦੀ ਮੰਗ ਕੀਤੀ ਗਈ।