ਕੈਪਟਨ ਨੂੰ ਨਾ ਕਿਸਾਨਾਂ ਦਾ ਫਿਕਰ ਨਾ ਆਮ ਲੋਕਾਂ ਦਾ, ਫਿਕਰ ਹੈ ਤਾਂ ਸਿਰਫ ਕੁਰਸੀ ਦਾ : ਸੁਖਬੀਰ ਬਾਦਲ

TeamGlobalPunjab
2 Min Read

ਖਰੜ : ਕਾਂਗਰਸ ਸਰਕਾਰ ਵੱਲੋਂ ਵੱਡੇ ਬਿਜਲੀ ਕੱਟ ਲਗਾਉਣ ਤੇ ਲੋੜੀਂਦਾ ਨਹਿਰੀ ਪਾਣੀ ਨਾ ਦੇਣ ਕਾਰਨ ਖੇਤੀਬਾੜੀ ਅਰਥਚਾਰਾ ਖਤਰੇ ਵਿਚ ਪੈ ਗਿਆ ਹੈ ਜਿਸ ਕਾਰਨ ਸੂਬੇ ਵਿਚ ਝੋਨੇ ਦੀ ਫਸਲ ਤਬਾਹ ਹੋਣ ਦਾ ਖ਼ਤਰਾ ਬਣ ਗਿਆ ਹੈ। ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ।

ਸੁਖਬੀਰ ਬਾਦਲ ਖਰੜ ਮਿਉਂਸਪਲ ਕਮੇਟੀ ਦੀ ਨਵ ਨਿਯੁਕਤ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਦੇ ਤਾਜਪੋਸ਼ੀ ਸਮਾਗਮ ਵਿਚ ਸ਼ਾਮਲ ਹੋਣ ਪੁੱਜੇ ਸਨ। ਪਾਰਟੀ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ ਅਤੇ ਸਾਬਕਾ ਐਮ. ਪੀ.  ਪ੍ਰੋ. ਪ੍ਰੇਮ ਸਿੰ ਚੰਦੂਮਾਜਰਾ ਵੀ ਮੌਕੇ ‘ਤੇ ਹਾਜ਼ਰ ਸਨ। ਉਹਨਾਂ ਕਾਂਗਰਸੀ ਦਬਾਅ ਅੱਗੇ ਡਟੇ ਰਹਿਣ ਤੇ ਧੱਕੇਸ਼ਾਹੀ ਤੇ ਦਬਾਅ ਝੱਲ ਕੇ ਵੀ ਅਕਾਲੀ ਦਲ ਦੀ ਅਗਵਾਈ ਵਾਲੀ ਮਿਉਂਸਪਲ ਕਮੇਟੀ ਬਣਨੀ ਯਕੀਨੀ ਬਣਾਉਣ ਤੇ ਉਹਨਾਂ ਨੁੰ ਵਧਾਈ ਵੀ ਦਿੱਤੀ। ਉਹਨਾਂ ਐਲਾਨ ਕੀਤਾ ਕਿ ਸੂਬੇ ਵਿਚ ਅਕਾਲੀ ਸਰਕਾਰ ਬਣਨ ‘ਤੇ ਕਜੌਲੀ ਵਾਰਟਰ ਵਰਕਸ ਤੋਂ ਖਰੜ ਲਈ ਪਾਣੀ ਮਿਲਣਾ ਯਕੀਨੀ ਬਣਾਇਆ ਜਾਵੇਗਾ ਅਤੇ ਸ਼ਹਿਰ ਵਿਚ ਸਿਵਲ ਹਸਪਤਾਲ, ਬੱਸ ਸਟੈਂਡ ਤੇ ਸਟੇਡੀਅਮ ਬਣਾਇਆ ਜਾਵੇਗਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸੀ ਲੀਡਰਸ਼ਿਪ ਅੰਦਰੂਨੀ ਲੜਾਈ ਵਿਚ ਉਲਝੀ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਖਤਰੇ ਵਿਚ ਹੈ ਪਰ ਕਿਸਾਨਾਂ ਨੂੰ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੁੰ ਮੁਸ਼ਕਿਲ ਨਾਲ ਚਾਰ ਤੋਂ ਪੰਜ ਘੰਟੇ ਲਈ ਬਿਜਲੀ ਸਪਲਾਈ ਮਿਲ ਰਹੀ ਹੈ ਤੇ ਉਹ ਵੀ ਵਾਰ ਵਾਰ ਕੱਟ ਲਗਾ ਕੇ ਦਿੱਤੀ ਜਾ ਰਹੀ ਹੈ ਹਾਲਾਂਕਿ ਵਾਅਦਾ 8ਘੰਟੇ ਦੀ ਨਿਰੰਤਰ ਬਿਜਲੀ ਸਪਲਾਈ ਦਾ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਨਹਿਰੀ ਪਾਣੀ ਦੀ ਸਪਲਾਈ ਵਿਚ ਵੀ ਵਿਘਨ ਪਿਆ ਹੈ ਜਿਸ ਕਾਰਨ ਸੂਬੇ ਦੀ ਮਾਲਵਾ ਪੱਟੀ ਵਿਚ ਵੱਡੇ ਇਨਾਕੇ ਵਿਚ ਝੋਨੇ ਦੀ ਫਸਲ ਤਬਾਹ ਹੋਣ ਦਾ ਖ਼ਤਰਾ ਬਣ ਗਿਆ ਹੈ।

Share this Article
Leave a comment