ਮਲੋਟ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਹਲਕਾ ਮਲੋਟ ਤੋਂ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਐਲਾਨਿਆ ਹੈ। ਇਸ ਦੌਰਾਨ ਮਲੋਟ ਹਲਕੇ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਅਤੇ ਹੋਰ ਆਗੂ ਪੁੱਜੇ ਹਨ।
ਮਲੋਟ ਯਾਤਰਾ ਦੌਰਾਨ ਸੁਖਬੀਰ ਬਾਦਲ ਨੇ ਹਾਜ਼ਰ ਇਲਾਕਾ ਨਿਵਾਸੀਆਂ ਨਾਲ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪਿਛੋਕੜ ਯਾਦ ਕਰਵਾਉਂਦੇ ਹੋਏ, ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਜਿਵੇਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਦਾ ਵਿਕਾਸ ਹੁੰਦਾ ਆਇਆ, ਅਕਾਲੀ-ਬਸਪਾ ਸਰਕਾਰ ਉਸੇ ਲੀਹ ‘ਤੇ ਅੱਗੇ ਕਦਮ ਵਧਾਏਗੀ।
ਅੱਜ ਦੀ ਮਲੋਟ ਹਲਕੇ ਦੀ ਯਾਤਰਾ ਦੀ ਸ਼ੁਰੂਆਤ ਸਮੇਂ ਮਲੋਟ ਦੇ ਨੌਜਵਾਨਾਂ ਵੱਲੋਂ ਮੋਟਰਸਾਈਕਲ ਰੈਲ਼ੀ ਕੱਢੀ ਗਈ। ਲੰਬੀ ਰੋਡ ਤੋਂ ਦਾਣਾ ਮੰਡੀ ਮਲੋਟ ਤੱਕ ਜਾਣ ਸਮੇਂ ਹਜ਼ਾਰਾਂ ਨੌਜਵਾਨ ਮੋਟਰ ਸਾਈਕਲਾਂ ‘ਤੇ ਸੁਖਬੀਰ ਬਾਦਲ ਨਾਲ ਚੱਲੇ, ਅਤੇ ਰਸਤੇ ਵਿੱਚੋਂ ਸੈਂਕੜੇ ਹੋਰਨਾਂ ਨੇ ਸ਼ਮੂਲੀਅਤ ਕਰਕੇ ਕਾਫ਼ਲਾ ਹੋਰ ਵਿਸ਼ਾਲ ਬਣਾ ਦਿੱਤਾ। ਅੱਜ ਦੇ ਸਮਾਗਮ ‘ਚ ਸੁਖਬੀਰ ਬਾਦਲ ਦੇ ਪੁੱਤਰ ਅਨੰਤਬੀਰ ਸਿੰਘ ਬਾਦਲ ਵੀ ਹਾਜ਼ਰ ਰਹੇ।