ਅੰਮ੍ਰਿਤਸਰ ਵਿੱਚ ਕੋਰੋਨਾ ਫੈਲਣ ਤੋਂ ਰੋਕਣ ਲਈ ਸਖ਼ਤ ਕਦਮ ਚੁਕਣ ਦੀ ਲੋੜ : ਗੁਮਟਾਲਾ

TeamGlobalPunjab
2 Min Read

ਅੰਮ੍ਰਿਤਸਰ (ਅਵਤਾਰ ਸਿੰਘ): ਪੰਜਾਬ ਸਮੇਤ ਸਮੁੱਚੇ ਭਾਰਤ ਵਿੱਚ ਕੋਰੋਨਾ ਲਗਾਤਾਰ ਵੱਧ ਰਿਹਾ ਹੈ, ਜਿਸ ਦੇ ਕਈ ਕਾਰਨ ਹਨ। ਇਨ੍ਹਾਂ ਵਿੱਚੋਂ ਇਕ ਕਾਰਨ ਸਰਕਾਰ ਦੀਆਂ ਹਦਾਇਤਾਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਖ਼ਤੀ ਨਾਲ ਲਾਗੂ ਨਾ ਕਰਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਲਾਊਡ ਸਪੀਕਰਾਂ ਰਾਹੀਂ ਹਦਾਇਤਾਂ ਦਾ ਪ੍ਰਚਾਰ ਨਾ ਕਰਨਾ ਹੈ।

ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੂੰ ਲਿਖੇ ਪੱਤਰ ਵਿੱਚ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ: ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਬਹੁਗਿਣਤੀ ਵਿੱਚ ਲੋਕ ਮਾਸਕ ਨਹੀਂ ਪਾ ਰਹੇ। ਟ੍ਰੈਫਿਕ ਪੁਲੀਸ ਕਾਰਾਂ ਦੇ ਕਾਗਜ਼ਾਤ ਚੈੱਕ ਕਰਦੀ ਆਮ ਵੇਖੀ ਜਾ ਸਕਦੀ ਹੈ ਪਰ ਉਹ ਮਾਸਕ ਨਾ ਪਾਉਣ ਵਾਲਿਆਂ ਦੇ ਚਲਾਨ ਕਟਣ ਵੱਲ ਬਹੁਤਾ ਧਿਆਨ ਨਹੀਂ ਦੇ ਰਹੀ। ਏਸੇ ਤਰ੍ਹਾਂ ਸਕੂਟਰਾਂ ਅਤੇ ਮੋਟਰ ਸਾਈਕਲਾਂ ਉੱਪਰ ਸੁਆਰੀ ਬਿਠਾਉਣ ਦੀ ਮਨਾਹੀ ਹੈ ਪਰ ਵੇਖਣ ਵਿਚ ਆਇਆ ਹੈ ਕਿ ਚਾਰ-ਚਾਰ ਜਣੇ ਮੋਟਰ ਸਾਈਕਲਾਂ ਅਤੇ ਸਕੂਟਰਾਂ ਉੱਪਰ ਬੈਠੇ ਹੋਏ ਆਮ ਨਜ਼ਰ ਆ ਰਹੇ ਹਨ। ਪੁਲੀਸ ਇਨ੍ਹਾਂ ਦੇ ਚਲਾਣ ਵੀ ਨਹੀਂ ਕਰ ਰਹੀ। ਦੁਕਾਨਾਂ ਉੱਪਰ ਵੀ ਗਾਹਕ ਲੋੜੀਂਦਾ ਫਾਸਲਾ ਨਹੀਂ ਰੱਖ ਰਹੇ। ਇਸ ਲਈ ਟ੍ਰੈਫਿਕ ਪੁਲੀਸ ਨੂੰ ਚਾਹੀਦਾ ਹੈ ਕਿ ਉਹ ਮੁੱਖ ਸੜਕਾਂ ਤੋਂ ਇਲਾਵਾ ਆਪੋ ਆਪਣੇ ਇਲਾਕੇ ਦੀਆਂ ਗ਼ਲੀਆਂ ਬਜਾਰਾਂ ਵਿੱਚ ਜਾ ਕੇ ਅਜਿਹੇ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਦੀ ਖੇਚਲ ਕਰਨ।ਡਿਪਟੀ ਕਮਿਸ਼ਨਰ ਤੇ ਪੁਲੀਸ ਕਮਿਸ਼ਨਰ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਖ਼ੁਦ ਵੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਚੱਕਰ ਲਾਉਣ ਤਾਂ ਜੋ ਲੋਕਾਂ ਵਿੱਚ ਡਰ ਦੀ ਭਾਵਨਾ ਪੈਦਾ ਹੋਵੇ।

Share This Article
Leave a Comment