-ਪਰਮਿੰਦਰ ਕੌਰ
ਮਾਂ ਬਾਪ ਦੀ ਜੀਵਨ ਜਾਚ ਅਨੁਸ਼ਾਸਨ ਵਿੱਚ ਨਾ ਬੱਝੀ ਹੋਵੇ ਤਾਂ ਬੱਚਿਆਂ ਨੂੰ ਕਿਸੇ ਤਰ੍ਹਾਂ ਦਾ ਅਨੁਸ਼ਾਸਨ ਸਿਖਾ ਸਕਣਾ ਮੁਸ਼ਕਿਲ ਕਾਰਜ ਹੈ। ਸੱਚਾਈ, ਇਮਾਨਦਾਰੀ, ਮਿਹਨਤ, ਮਿਲਵਰਤਣ, ਸਹਿਣਸ਼ੀਲਤਾ ਅਤੇ ਸੇਵਾ ਭਾਵਨਾ ਆਦਿ ਗੁਣ ਪਰਿਵਾਰਕ ਮਾਹੌਲ ਵਿੱਚੋਂ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ। ਅਜਿਹੇ ਗੁਣ ਹੀ ਕਿਸੇ ਬੱਚੇ ਦੇ ਜ਼ਿੰੰਦਗੀ ਵਿੱਚ ਪ੍ਰਵਾਨ ਚੜ੍ਹਨ ਤੋਂ ਬਾਅਦ ਉਸ ਦੀ ਸ਼ਖਸੀਅਤ ਦਾ ਆਧਾਰ ਬਣਦੇ ਹਨ। ਜੇ ਪਰਿਵਾਰ ਦੇ ਜੀਅ ਹਰ ਸਮੇਂ ਝੂਠ ਬੇਈਮਾਨੀ , ਲਾਲਚ, ਨਫ਼ਰਤ ਤੇ ਸੁਆਰਥੀ ਭਾਵਨਾ ਨਾਲ ਪਰਿਵਾਰਕ ਮਾਹੌਲ ਨੂੰ ਗੰਧਲਾ ਕਰੀ ਰੱਖਦੇ ਹਨ ਤਾਂ ਉਥੇ ਬੱਚਿਆਂ ਤੋਂ ਚੰਗੇ ਦੀ ਆਸ ਕਰਨੀ ਮਹਿਜ਼ ਭਰਮ ਹੈ। ਬੱਚਾ ਸਮਾਜ ਵਿੱਚ ਵਿਚਰਦਿਆਂ ਆਪਣੇ ਹਾਣੀਆਂ ਤੇ ਹੋਰ ਲੋਕਾਂ ਦੇ ਸੰਪਰਕ ਵਿੱਚ ਆਉਣ ਨਾਲ ਚੰਗਾ ਮਾੜਾ ਬਹੁਤ ਕੁਝ ਸਿੱਖਦਾ ਹੈ।
ਇਸ ਸਮੇਂ ਵੀ ਮਾਪਿਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਨਿਰਾਰਥਕ ਤੇ ਗੈਰ ਸਦਾਚਾਰਕ ਗੱਲਾਂ ਤੋਂ ਬਚੇ ਰਹਿ ਸਕਣ। ਜ਼ਿੰਦਗੀ ਦੀਆਂ ਸਾਰਥਿਕ ਕਦਰਾਂ ਕੀਮਤਾਂ ਨੂੰ ਅਪਨਾਉਣ ਦੀ ਸਿੱਖਿਆ ਬੱਚੇ ਦੇ ਮਨ-ਮਸਤਕ ਵਿੱਚ ਪਾਉਣ ਲਈ ਭਾਵੇ ਪ੍ਰੇਰਨਾ ਦੀ ਵੱਡੀ ਭੂਮਿਕਾ ਹੈ, ਪਰ ਵਧੇਰੇ ਅਸਰ ਮਾਪਿਆਂ ਜਾਂ ਘਰ ਦੇ ਜੀਆਂ ਦੇ ਗੁਣਾਂ ਦਾ ਹੁੰਦਾ ਹੈ। ਛੋਟੇ ਬੱਚੇ ਬਹੁਤ ਕੁਝ ਨਕਲ ਦੁਆਰਾ ਹੀ ਸਿੱਖਦੇ ਹਨ। ਜੇ ਪਰਿਵਾਰ ਵਿੱਚ ਮੰਦੀ ਭਾਸ਼ਾ ਦੀ ਵਰਤੋਂ ਹੋਵੇਗੀ ਤਾਂ ਸੁਭਾਵਿਕ ਹੀ ਬੱਚਾ ਵੀ ਉਹੀ ਸਿੱਖੇਗਾ। ਅਜਿਹੇ ਪ੍ਰਭਾਵ ਉਮਰ ਭਰ ਵਿਅਕਤੀ ਦੀ ਜ਼ਿੰਦਗੀ ਦਾ ਹਿੱਸਾ ਬਣੇ ਰਹਿੰਦੇ ਹਨ।
ਘਰ ਵਿੱਚ ਨਿੱਤ ਦਾ ਕਲੇਸ਼, ਮਾਰ ਕੁਟਾਈ ਤੇ ਗਾਲ੍ਹਾਂ ਬੱਚੇ ਦੀ ਮਾਨਸਿਕਤਾ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ ਤੇ ਉਹ ਗਲਤ ਦਿਸ਼ਾ ਅਖਤਿਆਰ ਕਰ ਲੈਂਦਾ ਹੈ। ਅਜੋਕੇ ਸਮੇਂ ਦਾ ਮਾਹੌਲ ਇਸ ਕਦਰ ਗੰਧਲਾ ਹੋ ਚੁੱਕਾ ਹੈ ਕਿ ਸਕੂਲ ਕਾਲਜ ਜਾਂਦੇ ਬੱਚਿਆਂ ਦੇ ਥਿੜਕਣ ਦਾ ਡਰ ਹਮੇਸ਼ਾਂ ਬਣਿਆ ਰਹਿੰਦਾ ਹੈ।ਇਸ ਸਥਿਤੀ ਵਿੱਚ ਮਾਪਿਆਂ ਦਾ ਫ਼ਰਜ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਤੇ ਲਗਾਤਾਰ ਨਜਰ ਰੱਖਣ ਹਰ ਰੋਜ਼ ਕੁਝ ਸਮਾਂ ਬੱਚਿਆਂ ਨਾਲ ਬੈਠ ਕੇ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ। ਹਰ ਸਮੇਂ ਟੋਕਣ ਨਾਲੋਂ ਉਨ੍ਹਾਂ ਦੀ ਪੜ੍ਹਾਈ, ਕਾਰਗੁਜ਼ਾਰੀ ਤੇ ਸਮੱਸਿਆਵਾਂ ਬਾਰੇ ਸੁਖਾਵੇਂ ਮਾਹੌਲ ਵਿੱਚ ਚਰਚਾ ਕਰਨੀ ਲਾਹੇਵੰਦ ਸਾਬਤ ਹੋ ਸਕਦੀ ਹੈ। ਇਸ ਤਰ੍ਹਾਂ ਬੱਚੇ ਦੀਆਂ ਆਦਤਾਂ ਤੇ ਸੁਭਾਅ ਵਿੱਚ ਆਈ ਕਿਸੇ ਤਬਦੀਲੀ ਨੂੰ ਵੀ ਨੋਟ ਕੀਤਾ ਜਾ ਸਕਦਾ ਹੈ।
ਬੱਚਿਆਂ ਨੂੰ ਵਿਸ਼ਵਾਸ਼ ਵਿੱਚ ਲੈ ਕੇ ਗੱਲਬਾਤ ਕਰਨ ਨਾਲ ਪਰਿਵਾਰਕ ਮਾਹੌਲ ਵਿੱਚ ਪਿਆਰ, ਸਾਂਝ ਤੇ ਅਪਣੱਤ ਪੈਦਾ ਹੰੁਦੀ ਹੈ ਤੇ ਕਈ ਵਾਰ ਬੱਚਾ ਦੋਸਤਾਂ ਸੰਗ ਵਿਚਰਦਿਆਂ ਕਿਸੇ ਸੰਕਟ ਵਿੱਚ ਫਸ ਜਾਂਦਾ ਹੈ। ਘਰ ਦਾ ਮਾਹੌਲ ਸੰਕੀਰਨ ਹੋਵੇ ਤਾਂ ਉਹ ਡਰ ਕਾਰਨ ਮਾਪਿਆਂ ਨੂੰ ਕੁਝ ਨਹੀਂ ਦੱਸਦਾ, ਪਰ ਸੁਖਾਵੇ ਮਾਹੌਲ ਵਿੱਚ ਬੱਚਾ ਸਾਰੀ ਗੱਲ ਮਾਪਿਆਂ ਨੂੰ ਦੱਸ ਦਿੰਦਾ ਹੈ। ਇਸ ਤਰ੍ਹਾਂ ਬੱਚੇ ਨੂੰ ਉਲਝਣ ਤੋਂ ਬਚਾਇਆ ਜਾ ਸਕਦਾ ਹੈ। ਮਾਪਿਆਂ ਨੂੰ ਸੁਚੇਤ ਰੂਪ ਵਿੱਚ ਘਰ ਦਾ ਮਾਹੌਲ ਸਾਜ਼ਗਰ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ।
ਬੱਚਿਆਂ ਨਾਲ ਪੇਸ਼ ਆਉਣ ਸਮੇਂ ਸੂਝ-ਬੂਝ ਤੇ ਠਰੰਮੇ ਦਾ ਪ੍ਰਗਟਾਵਾ ਲਾਜ਼ਮੀ ਹੈ। ਕਿਸੇ ਵੀ ਪਰਿਵਾਰ ਦਾ ਅਨੁਸ਼ਾਸਨਮਈ ਆਸ਼ਾਵਾਦੀ, ਸਨੇਹਪੂਰਨ ਤੇ ਸੂਝ ਭਰਿਆ ਮਾਹੌਲ ਬੱਚਿਆਂ ਦੇ ਮਨ ਵਿੱਚ ਸਾਰਥਿਕ ਰੁੁੁਚੀਆਂ, ਆਦਤਾਂ ਤੇ ਸਭਿਆਚਾਰਕ ਕਦਰਾਂ-ਕੀਮਤਾਂ ਦੇ ਬੀਜ ਬੀਜਣ ਵਿੱਚ ਸਹਾਈ ਹੁੰਦਾ ਹੈ। ਕਿਸੇ ਵੀ ਮਸਲੇ ਨੂੰ ਸੂਝ ਬੂਝ ਨਾਲ ਸੁਲਝਾਉਣ ਦੇ ਯਤਨ ਕਰਨ ਵਾਲੇ ਪਰਿਵਾਰਾਂ ਦੇ ਬੱਚਿਆਂ ਵਿੱਚ ਵੀ ਸਹਿਜਤਾ ਅਤੇ ਸਿਆਣਪ ਜਿਹੇ ਗੁਣ ਪੈਦਾ ਹੰੁਦੇ ਹਨ।
ਕਈ ਵਾਰ ਮਾਵਾਂ ਮੋਹ ਮਮਤਾ ਕਾਰਨ ਬੱਚਿਆਂ ਦੀਆਂ ਗੰਭੀਰ ਗ਼ਲਤੀਆਂ ਨੂੰ ਪਿਤਾ ਤੋਂ ਛੁਪਾਉਣ ਦੀ ਕੋਸ਼ਿਸ਼ ਕਰਦੀਆਂ ਹਨ ਜਿਸ ਦੇ ਅੱਗੇ ਜਾ ਕੇ ਗੰਭੀਰ ਸਿੱਟੇ ਨਿਕਲਦੇ ਹਨ। ਕਈ ਵਾਰ ਸਥਿਤੀ ਇਹ ਬਣ ਜਾਂਦੀ ਹੈ ਕਿ ਬੱਚਿਆਂ ਦੀਆਂ ਗਤੀਵਿਧੀਆਂ ਬਾਰੇ ਮਾਪਿਆਂ ਨੂੰ ਕੋਈ ਖ਼ਬਰ ਨਹੀ ਹੰੁਦੀ ਤੇ ਜਦੋਂ ਤਕ ਪਤਾ ਲੱਗਦਾ ਹੈ, ਪਾਣੀ ਸਿਰ ਉਪਰੋਂ ਲੰਘ ਚੁੱਕਾ ਹੁੰਦਾ ਹੈ।ਬੱਚੇ ਦੇ ਕਿਸੇ ਝੂਠ ਨੂੰ ਛੁਪਾਉਣ ਦੀ ਥਾਂ ਉਸ ਨੂੰ ਪਿਆਰ ਤੇ ਠਰੰਮੇ ਨਾਲ ਸਮਝਾਉਣਾ ਤੇ ਅੱਗੇ ਤੋਂ ਉਸ ਦੀ ਕਹੀ ਗੱਲ ਤੇ ਇਤਬਾਰ ਕਰਨਾ ਜ਼ਰੂਰੀ ਹੈ। ਘਰ ਦੀ ਆਮਦਨ ਤੇ ਖ਼ਰਚ ਬਾਰੇ ਚਰਚਾ ਕਰਨੀ ਮਾੜੀ ਗੱਲ ਨਹੀਂ ਹੈ ਤਾਂ ਕਿ ਉਨ੍ਹਾਂ ਨੂੰ ਕੋਈ ਭੁਲੇਖਾ ਨਾ ਰਹੇ ਤੇ ਉਹ ਗੈਰ ਜ਼ਰੂਰੀ ਮੰਗਾਂ ਤੋਂ ਸੰਕੋਚ ਕਰਨ।ਪਰਿਵਾਰ ਵਿੱਚ ਕਿਸੇ ਪ੍ਰਕਾਰ ਦਾ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਆਮ ਤੌਰ ਤੇ ਮੁੰਡਿਆਂ ਦੀ ਗੱਲ ਦਬਾਅ ਅਧੀਨ ਮੰਨਣ ਲਈ ਮਾਪੇ ਕਈ ਵਾਰ ਬੇਵੱਸ ਹੋ ਜਾਂਦੇ ਹਨ ਜਦੋਂਕਿ ਕੁੜੀਆਂ ਦੀ ਜਾਇਜ਼ ਮੰਗ ਨੂੰ ਅਣਗੌਲਿਆਂ ਕਰ ਦਿੱਤਾ ਜਾਂਦਾ ਹੈ। ਅਜਿਹੀਆਂ ਗੱਲਾਂ ਪਰਿਵਾਰ ਦੇ ਸੁਖਾਵੇ ਮਾਹੌਲ ਨੂੰ ਵਿਗਾੜ ਦਿੰਦੀਆਂ ਹਨ।
ਪਰਿਵਾਰ ਦੇ ਵੱਡੇ ਮੈਂਬਰ ਘਰ ਦੇ ਬਜ਼ੁਰਗਾਂ ਦਾ ਸਤਿਕਾਰ ਤੇ ਚੰਗੀ ਸਾਂਭ ਸੰਭਾਲ ਕਰਦੇ ਹਨ ਤਾਂ ਸੁਭਾਵਿਕ ਹੀ ਬੱੰਚੇ ਵੀ ਅਜਿਹਾ ਵਤੀਰਾ ਹੀ ਧਾਰਨ ਕਰਨਗੇ।ਜੋ ਮਾਪੇ ਹੀ ਬੁਢਾਪਾ ਹੰਢਾ ਰਹੇ ਆਪਣੇ ਬਜ਼ੁਰਗਾਂ ਨੂੰ ਅਣਗੌਲਿਆਂ ਕਰਨਗੇ।ਤਾਂ ਭਵਿੱਖ ਵਿੱਚ ਆਪਣੇ ਬੱਚਿਆਂ ਤੋਂ ਕੋਈ ਉਮੀਦ ਕਰਨੀ ਫਜ਼ੂਲ ਹੈ। ਜਿਸ ਘਰ ਵਿੱਚ ਔਰਤਾਂ ਦਾ ਆਦਰ-ਸਨਮਾਨ ਕਰਦੇ ਹਨ, ਉੱਥੇ ਬੱਚਿਆਂ ਵਿੱਚ ਅਜਿਹੀ ਪ੍ਰਵਿਰਤੀ ਪੈਦਾ ਹੋ ਜਾਂਦੀ ਹੈ। ਉਹ ਵੱਡੇ ਹੋ ਕੇ ਸਮਾਜ ਵਿੱਚ ਵਿਚਰਦਿਆਂ ਔਰਤਾਂ ਪ੍ਰਤੀ ਸਨਮਾਨ ਦੀ ਭਾਵਨਾ ਰੱਖਦੇ ਹਨ।ਅਜੋਕੇ ਸਮੇਂ ਵਿੱਚ ਮਾਪਿਆਂ ਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ। ਨਿੱਕੇ ਫੁੱਲ ਬੇਖੌਫ਼ ਖਿੜ ਸਕਣ ਤੇ ਆਪਣੀ ਮਹਿਕ ਨਾਲ ਆਲੇ ਦੁਆਲੇ ਨੂੰ ਮਹਿਕਾ ਸਕਣ।
ਸੰਪਰਕ: 94635-38739