ਚੰਡੀਗੜ੍ਹ: ਕਥਿਤ ਸਟ੍ਰੀਟ ਲਾਈਟ ਘੁਟਾਲੇ ‘ਚ ਨਾਮਜ਼ਦ ਕੈਪਟਨ ਸੰਦੀਪ ਸੰਧੂ ਨੂੰ ਵੱਡੀ ਰਾਹਤ ਮਿਲੀ ਹੈ। ਪੰਜਾਬ ਹਰਿਆਣਾ ਹਾਈਕੋਰਟ ਨੇ ਸੰਦੀਪ ਸੰਧੂ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਸਟ੍ਰੀਟ ਲਾਈਟ ਘੁਟਾਲਾ ਮਾਮਲੇ ‘ਚ ਵਿਜੀਲੈਂਸ ਲਗਾਤਾਰ ਕਾਂਗਰਸੀ ਲੀਡਰ ਸੰਦੀਪ ਸੰਧੂ ਦੀ ਭਾਲ ਕਰ ਰਹੀ ਸੀ। ਜਿਸ ਦੌਰਾਨ ਹੁਣ ਉਹਨਾਂ ਨੂੰ ਹਾਈਕੋਰਟ ਤੋਂ ਰਾਹਤ ਮਿਲੀ ਗਈ ਹੈ। ਕੈਪਟਨ ਸੰਦੀਪ ਸੰਧੂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਹਨ।
ਕੈਪਟਨ ਦੀ ਸਰਕਾਰ ਸਮੇਂ ਸੰਦੀਪ ਸੰਧੂ, ਅਮਰਿੰਦਰ ਸਿੰਘ ਦੇ ਓਐਸਡੀ ਵੀ ਰਹੇ ਸਨ। ਕਾਂਗਰਸ ਦੀ ਸਰਕਾਰ ਸਮੇਂ ਹੋਇਆ ਇਹ ਘੁਟਾਲਾ 65 ਲੱਖ ਰੁਪਏ ਦਾ ਹੈ। ਇਲਜ਼ਾਮ ਹਨ ਕਿ ਲੁਧਿਆਣਾ ਜਿਲ੍ਹੇ ਦੇ 26 ਪਿੰਡਾਂ ‘ਚ ਸੋਲਰ ਲਾਈਟਾਂ ਲਗਾਈਆਂ ਜਾਣੀਆਂ ਸਨ ਤਾਂ ਇਹਨਾਂ ਲਾਈਟਾਂ ਨੂੰ ਦੁੱਗਣੇ ਰੇਟ ‘ਤੇ ਖਰੀਦਿਆ ਗਿਆ ਸੀ। ਸੂਬੇ ‘ਚ ਸਰਕਾਰ ਬਦਲਦੀ ਹੈ ਤਾਂ ਵਿਜੀਲੈਂਸ ਇਸ ਸਬੰਧੀ ਤੱਥ ਲੱਭਣੇ ਸ਼ੁਰੂ ਕਰ ਦਿੰਦੀ ਹੈ।
ਮਾਮਲੇ ਦੀ ਜਾਂਚ ਲਈ ਜਦੋਂ ਸਿੱਧਵਾਂ ਬੇਟ ਦੇ ਬੀ.ਡੀ.ਪੀ.ਓ ਸਤਵਿੰਦਰ ਸਿੰਘ ਕੰਗ ਚੇਅਰਮੈਨ ਲਖਵਿੰਦਰ ਸਿੰਘ ਵੀ.ਡੀ.ਓ ਤੇਜਾ ਸਿੰਘ ਤੇ ਹਰਪ੍ਰੀਤ ਸਿੰਘ ਤੋਂ ਘੁਟਾਲੇ ਸਬੰਧੀ ਪੁੱਛਪੜਤਾਲ ਕੀਤੀ ਤਾਂ ਕੈਪਟਨ ਸੰਦੀਪ ਸੰਧੂ ਦਾ ਨਾਮ ਸਾਹਮਣੇ ਆਇਆ ਸੀ। ਸੰਧੂ ‘ਤੇ ਇਲਜ਼ਾਮ ਹੈ ਕਿ ਉਸ ਨੇ ਚੈੱਕ ਪਾਸ ਕਰਵਾਉਣ ਲਈ ਦਬਾਅ ਪਾਇਆ ਅਤੇ ਪੈਸੇ ਲੈ ਲਏ।