ਵਾਸ਼ਿੰਗਟਨ: ਬੀਤੇ ਸ਼ਨੀਵਾਰ ਅਮਰੀਕਾ ਦੇ ਦੱਖਣ ‘ਚ ਤੇਜ਼ ਹਵਾਵਾਂ ਤੇ ਬੇਮੌਸਮੀ ਬਾਰਿਸ਼ ਨੇ ਕਈ ਇਲਾਕਿਆਂ ‘ਚ ਭਿਆਨਕ ਤਬਾਹੀ ਮਚਾ ਦਿੱਤੀ। ਇਸ ਭਿਆਨਕ ਤੂਫਾਨ ਕਾਰਨ ਲਗਭਗ 11 ਲੋਕਾਂ ਦੀ ਮੌਤ ਹੋ ਗਈ।
ਸ਼ਨੀਵਾਰ ਸਵੇਰ ਭਿਆਨਕ ਤੂਫਾਨ ਦੇ ਚੱਲਦਿਆ ਸ਼ਿਕਾਗੋ ਦੀਆਂ ਜ਼ਿਆਦਾਤਰ ਹਵਾਈ ਉਡਾਣਾਂ ਨੂੰ ਰੱਦ ਕਰਨਾ ਪਿਆ। ਜਿਸ ਦੇ ਚਲਦਿਆਂ ਸ਼ਿਕਾਗੋ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 950 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਜਦੋਂਕਿ ਮਿਡਵੇ ਇੰਟਰਨੈਸ਼ਨਲ ਏਅਰਪੋਰਟ ਨੇ ਵੀ ਆਪਣੀਆਂ 60 ਉਡਾਣਾਂ ਨੂੰ ਤੇਜ਼ ਹਵਾਵਾਂ ਤੇ ਬਾਰਿਸ਼ ਦੇ ਚੱਲਦਿਆਂ ਰੱਦ ਕਰ ਦਿੱਤਾ।
ਸ਼ਿਕਾਗੋ ‘ਚ ਤੇਜ਼ ਤੂਫਾਨ ਕਾਰਨ ਸ਼ਨੀਵਾਰ ਸਵੇਰੇ ਹੀ ਤੇਜ਼ ਬਾਰਿਸ਼ ਸ਼ੁਰੂ ਹੋ ਗਈ। ਉੱਤਰੀ ਅਮਰੀਕਾ ‘ਚ ਆਏ ਤੇਜ਼ ਤੂਫਾਨ ਕਾਰਨ ਕੈਨੇਡਾ ਦੇ ਅਧਿਕਾਰੀਆਂ ਨੇ ਗ੍ਰੇਟਰ ਟੋਰਾਂਟੋ ਖੇਤਰ ‘ਚ ਵੀ ਹੜ੍ਹ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ। ਕਿਉਂਕਿ ਗ੍ਰੇਟਰ ਟੋਰਾਂਟੋ ਖੇਤਰ ‘ਚ ਬਰਫੀਲੇ ਤੂਫਾਨ ਕਾਰਨ ਇਸ ਖੇਤਰ ਦੀਆਂ ਨਦੀਆਂ ਤੇ ਦਰਿਆਵਾਂ ‘ਚ ਪਾਣੀ ਦਾ ਪੱਧਰ ਵਧਣ ਦੀ ਸੰਭਾਵਨਾ ਹੈ।
ਦੱਖਣੀ ਸੰਯੁਕਤ ਰਾਜ ਅਮਰੀਕਾ ਦੇ ਅਧਿਕਾਰੀਆਂ ਨੇ ਜ਼ਿਆਦਾ ਪਾਣੀ ਵਾਲੇ ਖੇਤਰਾਂ ‘ਚ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਤੇ ਹੜ੍ਹ ਵਾਲੇ ਰਸਤਿਆਂ ‘ਚ ਨਾ ਜਾਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਮਿਸੀਸਿਪੀ ਖੇਤਰ ‘ਚ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਹੈ ਤੇ ਬਰਫੀਲੀਆਂ ਹਵਾਵਾਂ ਦੇ ਹੋਰ ਤੇਜ਼ ਹੋਣ ਦਾ ਖਦਸ਼ਾ ਜਤਾਇਆ ਹੈ।