Home / News / ਪ੍ਰਦਰਸ਼ਨਕਾਰੀਆਂ ਨੇ ਡੇਗ ਦਿੱਤਾ ਸਰ ਜੌਹਨ ਏ. ਮੈਕਡੌਨਲਡ ਦਾ ਬੁੱਤ

ਪ੍ਰਦਰਸ਼ਨਕਾਰੀਆਂ ਨੇ ਡੇਗ ਦਿੱਤਾ ਸਰ ਜੌਹਨ ਏ. ਮੈਕਡੌਨਲਡ ਦਾ ਬੁੱਤ

ਹੈਮਿਲਟਨ (ਓਂਂਟਾਰੀਓ) : ਪ੍ਰਦਰਸ਼ਨਕਾਰੀਆਂ ਨੇ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਸਰ ਜੌਹਨ ਅਲੈਗਜ਼ੈਂਡਰ ਮੈਕਡੌਨਲਡ ਦੇ ਬੁੱਤ ਨੂੰ ਨਿਸ਼ਾਨਾ ਬਣਾਇਆ। ਕੈਨੇਡਾ ਦੇ ਰਿਹਾਇਸ਼ੀ ਸਕੂਲਾਂ ਵਿਚ ਬੱਚਿਆਂ ਦੀਆਂ ਕਬਰਾਂ ਤੇ ਕੰਕਾਲ ਮਿਲਣ ਮਗਰੋਂ ਮੂਲਵਾਸੀ ਲੋਕਾਂ ਦਾ ਗੁੱਸਾ ਲਗਾਤਾਰ ਵਧਦਾ ਜਾ ਰਿਹਾ ਹੈ। ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਕੈਨੇਡਾ ਦੇ ਹੈਮਿਲਟਨ ਦੀ ਡਾਊਨਟਾਊਨ ਪਾਰਕ ਵਿਚ ਲੱਗੇ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਸਰ ਜੌਹਨ ਅਲੈਗਜ਼ੈਂਡਰ ਮੈਕਡੌਨਲਡ ਦਾ ਬੁੱਤ ਹੇਠਾਂ ਡੇਗ ਦਿੱਤਾ। ਬੁੱਤ ਨੂੰ ਰੱਸੀ ਨਾਲ ਖਿੱਚ ਕੇ ਸੜਕ ’ਤੇ ਸੁੱਟਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

     

ਹੈਮਿਲਟਨ ਵਿਚ ਸਥਾਨਕ ਮੂਲਵਾਸੀ ਭਾਈਚਾਰੇ ਦੇ ਸਹਿਯੋਗ ਨਾਲ ਰੈਲੀ ਕੱਢੀ ਗਈ ਜਿਸ ਵਿਚ ਸੈਂਕੜੇ ਹੀ ਲੋਕ ਸ਼ਾਮਲ ਹੋਏ। ਡਾਊਨ ਟਾਊਨ ਪਾਰਕ ਵਿਚ ਲੱਗੇ ਸਰ ਜੌਹਨ ਅਲੈਗਜ਼ੈਂਡਰ ਮੈਕਡੌਨਲਡ ਦੇ ਬੁੱਤ ਦੁਆਲੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ ਤੇ ਉਨ੍ਹਾਂ ਬੁੱਤ ਦੇ ਗਲ ਵਿਚ ਰੱਸੀ ਪਾ ਕੇ ਬੁੱਤ ਨੂੰ ਹੇਠਾਂ ਸੁੱਟ ਲਿਆ।

ਰੈਲੀ ਦੇ ਪ੍ਰਬੰਧਕਾਂ ਨੇ ਕਿਹਾ ਕਿ ਰੈਲੀ ਦਾ ਉਦੇਸ਼ ਸਿਟੀ ਕੌਂਸਲ ਦੇ 8 ਜੁਲਾਈ ਦੇ ਉਸ ਫ਼ੈਸਲੇ ਦਾ ਵਿਰੋਧ ਕਰਨਾ ਹੈ, ਜਿਸ ਤਹਿਤ ਹੈਮਿਲਟਨ ਦੀ ਗੋਰ ਪਾਰਕ ਵਿਚ ਸਿਟੀ ਕੌਂਸਲ ਨੇ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਦਾ ਬੁੱਤ ਨਾ ਹਟਾਉਣ ਦਾ ਫ਼ੈਸਲਾ ਕੀਤਾ ਸੀ।

 ਪ੍ਰਦਰਸ਼ਨਕਾਰੀਆਂ ਨੇ ਤਾੜੀਆਂ ਮਾਰੀਆਂ ਤੇ ਬੁੱਤ ਜ਼ਮੀਨ ’ਤੇ ਡਿੱਗਣ ਮਗਰੋਂ ਉਸ ਨਾਲ ਹੋਰ ਭੰਨਤੋੜ ਕੀਤੀ। ਇਕ ਰੈਲੀ ਆਯੋਜਕ ਜੌਰਡਨ ਕੈਰੀਅਰ ਨੇ ਕਿਹਾ ਕਿ ਉਨ੍ਹਾਂ ਨੂੰ ਬੁੱਤ ਨੂੰ ਹੇਠਾਂ ਡੇਗਣ ਦੀ ਉਮੀਦ ਨਹੀਂ ਸੀ। ਉਨ੍ਹਾਂ ਕਿਹਾ ਕਿ ਅਸੀਂ ਰੈਲੀ ਦਾ ਆਯੋਜਨ ਇਸ ਕਰ ਕੇ ਕੀਤਾ ਸੀ ਤਾਂ ਜੋ ਸ਼ਾਂਤੀ ਪੂਰਨ ਪ੍ਰਦਰਸ਼ਨ ਰਾਹੀਂ ਸਿਟੀ ਕੌਂਸਲ ਹੈਮਿਲਟਨ ਨੂੰ ਇਹ ਯਾਦ ਦਿਵਾਇਆ ਜਾਵੇ ਕਿ ਸਾਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹੈ।

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਪ੍ਰਦਰਸ਼ਨਕਾਰੀਆਂ ਨੇ  ਕਿੰਗਸਟਨ ਵਿਖੇ ਸਰ ਜੌਹਨ ਅਲੈਗਜ਼ੈਂਡਰ ਮੈਕਡੌਨਲਡ ਦੀ ਕਬਰ ਨੂੰ ਵੀ ਨੁਕਸਾਨ ਪਹੁੰਚਾਇਆ ਸੀ।

 ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਬੁੱਤਾਂ ਦਾ ਉਦੇਸ਼ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਪ੍ਰਫੁੱਲਤ ਕਰਨਾ, ਉਤਸ਼ਾਹਤ ਕਰਨਾ ਅਤੇ ਸਾਂਝ ਦੇ ਜਸ਼ਨ ਮਨਾਉਣਾ ਹੁੰਦਾ ਹੈ। ਪਰ ਸਿਟੀ ਕੌਂਸਲ ਨੂੰ ਇਸ ਬੁੱਤ ਨੂੰ ਜਨਤਕ ਥਾਂ ਉਤੇ ਰੱਖ ਕੇ ਉਨ੍ਹਾਂ ਕੌੜੀਆਂ ਯਾਦਾਂ ਨੂੰ ਯਾਦ ਕਰਵਾਉਣ ਦਾ ਕੰਮ ਕੀਤਾ ਹੈ, ਜਿਸ ਨੇ ਮੂਲਵਾਸੀ ਲੋਕਾਂ ਨੂੰ ਬਹੁਤ ਡੂੰਘੇ ਜ਼ਖ਼ਮ ਦਿੱਤੇ ਹਨ। ਜਦੋਂ ਹਜ਼ਾਰਾਂ ਹੀ ਮੂਲਵਾਸੀ ਲੋਕਾਂ ਦੇ ਬੱਚਿਆਂ ਨੂੰ ਮਾਰ ਦਿੱਤਾ ਗਿਆ। ਮੂਲਵਾਸੀ ਲੋਕਾਂ ’ਤੇ ਤਸ਼ੱਦਦ ਹੋਇਆ। ਸਿਟੀ ਕੌਂਸਲ ਦਾ ਫ਼ਰਜ਼ ਬਣਦਾ ਸੀ ਕਿ ਲੋਕਾਂ ਨੂੰ ਅਜਿਹੇ ਸਦਮੇ ਤੋਂ ਦੂਰ ਰੱਖਿਆ ਜਾਂਦਾ ਪਰ ਸਿਟੀ ਕੌਂਸਲ ਨੇ ਪਾਰਕ ਵਿਚ ਮੈਕਡੌਨਲਡ ਦਾ ਬੁੱਤ ਲਾ ਕੇ ਜ਼ਖ਼ਮਾਂ ਉਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ।

ਫਿਲਹਾਲ ਪੁਲਿਸ ਨੇ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਪਰ ਮਾਮਲੇ ਦੀ ਜਾਂਚ ਚੱਲ ਰਰੀ ਹੈ। ਪੁਲਿਸ ਦਾ ਅੰਦਾਜ਼ਾ ਹੈ ਕਿ ਲਗਭਗ 200 ਲੋਕ ਰੈਲੀ ਵਿਚ ਸ਼ਾਮਲ ਹੋਏ।

Check Also

ਬਿਕਰਮ ਮਜੀਠੀਆ ਅੰਮ੍ਰਿਤਸਰ ਪੂਰਬੀ ਤੋਂ ਸਿੱਧੂ ਖਿਲਾਫ ਲੜਨਗੇ ਚੋਣ

ਚੰਡੀਗੜ੍ਹ:  ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵੱਡਾ ਐਲਾਨ ਕਰਦਿਆਂ ਬਿਕਰਮਜੀਤ ਸਿੰਘ ਮਜੀਠੀਆ ਨੂੰ ਨਵਜੋਤ ਸਿੰਘ …

Leave a Reply

Your email address will not be published. Required fields are marked *