ਪੰਜਾਬੀ ਯੂਨੀਵਰਸਿਟੀ ਨੂੰ ਆਰਥਿਕ ਸੰਕਟ ਚੋਂ ਕੱਢਣ ਵਿਚ ਸੂਬਾ ਸਰਕਾਰ ਹੋਈ ਫੇਲ: ਪਰਮਿੰਦਰ ਢੀਂਡਸਾ

TeamGlobalPunjab
2 Min Read

ਚੰਡੀਗੜ੍ਹ: ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੀ.ਐਸ.ਘੁੰਮਣ ਵੱਲੋਂ ਅਸਤੀਫ਼ਾ ਦਿਤੇ ਜਾਣ ਦੇ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਵਿਰੁਧ ਤਿੱਖੀ ਪ੍ਰਤੀਕ੍ਰਿਆ ਜ਼ਾਹਿਰ ਕਰਦੇ ਹੋਏ ਇਸ ਨੂੰ ਮੰਦਭਾਗਾ ਕਰਾਰ ਦਿਤਾ ਹੈ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੰਜਾਬੀ ਯੂਨੀਵਰਸਿਟੀ ਦੀ ਆਰਥਿਕ ਮਦਦ ਕਰਨ ਤੋਂ ਪਿੱਛੇ ਹੱਟਣ ਕਾਰਨ ਸਿੱਖਿਆ ਪ੍ਰੇਮੀਆਂ ਨੂੰ ਕਾਫ਼ੀ ਨਿਰਾਸ਼ਾ ਹੋਈ ਹੈ।

ਢੀਂਡਸਾ ਨੇ ਕਿਹਾ ਕਿ ਪੰਜਾਬ ਸਰਕਾਰ ਇਕ ਪਾਸੇ ਪਟਿਆਲਾ ਵਿਚ ਨਵੀਂ ਖੇਡ ਯੂਨੀਵਰਸਿਟੀ ਸਥਾਪਤ ਕਰਨ ਜਾ ਰਹੀ ਹੈ। ਪਰ ਦੂਜੇ ਪਾਸੇ ਮਾਲਵੇ ਨੂੰ ਸਿੱਖਿਆ ਖੇਤਰ ਵਿਚ ਅਥਾਹ ਅਮੀਰ ਬਣਾਉਣ ਵਾਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਲਵਾਰਸ ਛੱਡਣਾ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬ ਸਰਕਾਰ ਸਿੱਖਿਆ ਵਰਗੇ ਮਿਹਤਵਪੁਰਣ ਅਦਾਰਿਆਂ ਪ੍ਰਤੀ ਗੰਭੀਰ ਨਹੀ ਹੈ। ਉਨ੍ਹਾ ਨੇ ਦੇਸ਼ ਅਤੇ ਵਿਦੇਸ਼ ਵਿਚ ਰਹਿੰਦੇ ਸਾਬਕਾ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਯੂਨੀਵਰਸਿਟੀ ਨੂੰ ਬਚਾਉਣ ਲਈ ਅੱਗੇ ਆਉਣ। ਢੀਂਡਸਾ ਨੇ ਕਿਹਾ ਕਿ ਡਾ. ਘੁੰਮਣ ਦਾ ਪੰਜਾਬੀ ਯੂਨੀਵਰਸਿਟੀ ਵਿਚ ਇਕ ਚੰਗੇ ਪ੍ਰਸ਼ਾਸ਼ਕ ਅਤੇ ਸਿੱਖਿਆ ਸ਼ਾਸ਼ਤਰੀ ਦੇ ਰੂਪ ਵਿਚ ਸੇਵਾ ਨਿਭਾਉਂਦੇ ਹੋਏ ਅਚਾਨਕ ਅਹੁਦੇ ਤੋਂ ਲਾਂਬੇ ਹੋ ਜਾਣਾ ਸੂਬਾ ਸਰਕਾਰ ਦੀਆਂ ਨੀਤੀਆਂ ਅਤੇ ਨੀਅਤ ‘ਤੇ ਸਵਾਲ ਖੜੇ ਕਰਦਾ ਹੈ।

ਉਨ੍ਹਾ ਕਿਹਾ ਕਿ ਉਨ੍ਹਾ ਨੂੰ ਵਿਅਕਤੀਗਤ ਤੌਰ ਤੇ ਸਿੱਖਿਆ ਖੇਤਰ ਦੇ ਮਾਹਰ ਉਪ ਕੁਲਪਤੀ ਡਾ. ਬੀ.ਐਸ ਘੁੰਮਣ ਵਲੋਂ ਅਸਤੀਫ਼ਾ ਦਿਤੇ ਜਾਣ ਦਾ ਕਾਫੀ ਦੁੱਖ ਹੈ। ਉਨ੍ਹਾ ਕਿਹਾ ਕਿ ਡਾ. ਘੁੰਮਣ ਵੱਲੋਂ ਪੰਜਾਬ ਸਰਕਾਰ ਤੋਂ ਵਿੱਤੀ ਮਦਦ ਲਈ ਕਾਫ਼ੀ ਚਾਰਾਜੋਈ ਕੀਤੀ ਗਈ ਸੀ, ਪ੍ਰੰਤੂ ਸਰਕਾਰ ਵਲੋਂ ਇਸ ਸਬੰਧ ਵਿਚ ਕੋਈ ਹੁੰਗਾਰਾ ਨਾ ਮਿਲਣ ‘ਤੇ ਉਨ੍ਹਾ ਨੇ ਅਸਤੀਫ਼ਾ ਦੇਣਾ ਹੀ ਬਿਹਤਰ ਸਮਝਿਆ। ਢੀਂਡਸਾ ਨੇ ਕਿਹਾ ਕਿ ਉਹ ਇਸ ਸਿੱਖਿਆ ਅਦਾਰੇ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਅਤੇ ਇਸਦੇ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੁਲਪਤੀ-ਕਮ ਰਾਜਪਾਲ ਪੰਜਾਬ ਡਾ ਵੀ.ਪੀ ਸਿੰਘ ਬਦਨੌਰ ਨੂੰ ਮੰਗ ਪੱਤਰ ਦੇਕੇ ਪੰਜਾਬੀ ਯੂਨੀਵਰਸਿਟੀ ਨੂੰ ਆਰਥਕ ਮਦਦ ਦਿਤੇ ਜਾਣ ਦੀ ਮੰਗ ਕਰਨਗੇ। ਇਸਤੋਂ ਇਲਾਵਾ ਉਨ੍ਹਾ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਵੀ ਯੂਨੀਵਰਸਿਟੀ ਨੂੰ ਵਿੱਤੀ ਮਦਦ ਦੇਣ ਲਈ ਕਿਹਾ ਹੈ। ਤਾਂਕਿ ਯੂਨੀਵਰਸਿਟੀ ‘ਤੇ ਆਰਥਕ ਸੰਕਟ ਖਤਮ ਹੋ ਸਕੇ ਅਤੇ ਵਿਦਿਆਰਥੀਆਂ ਨੂੰ ਗੁਣਵੱਤਾ ਸਿੱਖਿਆ ਮਿਲਦੀ ਰਹੇ।

Share This Article
Leave a Comment