ਚੇਨਈ : ਦ੍ਰਵਿਡਾ ਮੁਨੇਤਰਾ ਕਜ਼ਗਮ (ਡੀਐਮਕੇ) ਦੇ ਮੁਖੀ ਐਮ.ਕੇ. ਸਟਾਲਿਨ ਨੇ ਸ਼ੁੱਕਰਵਾਰ ਨੂੰ ਰਾਜ ਭਵਨ ਵਿਖੇ ਤਾਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵੱਡੇ ਐਲਾਨ ਕਰ ਦਿੱਤੇ। ਸਭ ਤੋਂ ਅਹਿਮ ਐਲਾਨ ਕਰਦਿਆਂ ਸਟਾਲਿਨ ਨੇ ਨਿੱਜੀ ਹਸਪਤਾਲਾਂ ਵਿੱਚ ਕੋਰੋਨਾ ਦਾ ਇਲਾਜ ਕਰਵਾ ਰਹੇ ਲੋਕਾਂ ਦਾ ਖ਼ਰਚ ਸਰਕਾਰ ਵੱਲੋਂ ਚੁੱਕਣ ਦਾ ਐਲਾਨ ਕੀਤਾ ਹੈੈ।
ਇਸ ਤੋਂ ਇਲਾਵਾ ਸਟਾਲਿਨ ਨੇ ਰਾਜ ਦੇ ਲੋਕਾਂ ਲਈ 2,000 ਰੁਪਏ ਕੋਵਿਡ-19 ਮਹਾਮਾਰੀ ਰਾਸ਼ੀ, ਸਰਕਾਰੀ ਦੁੱਧ ਦੀ ਕੀਮਤ ਵਿੱਚ ਕਟੌਤੀ ਅਤੇ ਸਰਕਾਰੀ ਬੱਸਾਂ ਵਿੱਚ ਔਰਤਾਂ ਲਈ ਸਫ਼ਰ ਮੁਫ਼ਤ ਕਰਨ ਦਾ ਐਲਾਨ ਕਰ ਦਿੱਤਾ। ਡੀਐਮਕੇ ਨੇ ਇਹ ਸਾਰੇ ਵਾਅਦੇ ਅਪ੍ਰੈਲ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਸਨ।
ਇਕ ਸਰਕਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਸਟਾਲਿਨ ਨੇ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਪਹਿਲੇ ਆਦੇਸ਼ ਜਾਰੀ ਕਰਦਿਆਂ ਨਿੱਜੀ ਹਸਪਤਾਲਾਂ ਵਿਚ ਕੋਵਿਡ ਇਲਾਜ ਨੂੰ ਸਰਕਾਰੀ ਬੀਮਾ ਯੋਜਨਾ ਅਧੀਨ ਲਿਆਉਣ ਦਾ ਐਲਾਨ ਕੀਤਾ ਹੈ ।
ਇਸ ਤੋਂ ਪਹਿਲਾਂ ਸਵੇਰ ਸਮੇਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਐਮ.ਕੇ. ਸਟਾਲਿਨ ਨੂੰ ਸਹੁੰ ਚੁਕਾਈ । ਇਸ ਦੌਰਾਨ ਸਟਾਲਿਨ ਦੇ ਮੰਤਰੀ ਮੰਡਲ ਵਿਚ ਸ਼ਾਮਿਲ 33 ਮੰਤਰੀਆਂ ਨੇ ਵੀ ਸਹੁੰ ਚੁੱਕੀ। ਜਿਨ੍ਹਾਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਗਿਆ ਹੈ ਉਨ੍ਹਾਂ ਨਾਵਾਂ ਵਿੱਚ 19 ਸਾਬਕਾ ਮੰਤਰੀ ਅਤੇ 15 ਨਵੇਂ ਚਿਹਰੇ ਸ਼ਾਮਲ ਹਨ। ਨਵੇਂ ਸਹੁੰ ਚੁੱਕੇ ਮੰਤਰੀਆਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ ।