ਜਲੰਧਰ: ਸ਼ਹਿਰ ਦੇ ਗੜ੍ਹਾ ਇਲਾਕੇ ’ਚ ਸਥਿਤ ਇਕ ਘਰ ’ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਜਲੰਧਰ ਦੇ ਥਾਣਾ 7 ਅਧੀਨ ਆਉਂਦੇ ਇਲਾਕੇ ਵਿੱਚ ਬੇਅਦਬੀ ਦੀ ਘਟਨਾ ਨੂੰ ਲੈ ਕੇ ਸਿੱਖ ਸੰਗਠਨਾਂ ਵਿੱਚ ਗੁੱਸਾ ਹੈ। ਜਿਸ ਕਾਰਨ ਸਿੱਖ ਸੰਗਠਨਾਂ ਨੇ ਥਾਣੇ ਦੇ ਬਾਹਰ ਹੰਗਾਮਾ ਕੀਤਾ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਮੌਕੇ ’ਤੇ ਪੁੱਜੇ ਏਡੀਸੀਪੀ ਹਰਿੰਦਰ ਸਿੰਘ ਗਿੱਲ ਤੇ ਏਸੀਪੀ ਮਾਡਲ ਟਾਊਨ ਨੇ ਬੇਅਦਬੀ ਦੀ ਘਟਨਾ ਦਾ ਜਾਇਜ਼ਾ ਲਿਆ। ਏਡੀਸੀਪੀ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਮਾਮਲੇ ’ਚ ਪੁੱਛਗਿੱਛ ਲਈ ਉਕਤ ਪਰਿਵਾਰ ਤੇ ਕੁਝ ਹੋਰ ਸ਼ੱਕੀ ਲੋਕਾਂ ਨੂੰ ਥਾਣੇ ਬੁਲਾਇਆ ਗਿਆ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਬੇਅਦਬੀ ਦੀ ਇਹ ਘਟਨਾ ਅਰਬਨ ਅਸਟੇਟ ਸਥਿਤ ਇੱਕ ਘਰ ਵਿੱਚ ਵਾਪਰੀ। ਜਿਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਘਰ ਤੋਂ ਚੁੱਕ ਕੇ ਗੁਰਦੁਆਰਾ ਸਾਹਿਬ ਵਿੱਚ ਰੱਖੇ ਗਏ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਅਸਲ ਦੋਸ਼ੀ ਦਾ ਪਤਾ ਪੁੱਛਗਿੱਛ ਤੋਂ ਬਾਅਦ ਹੀ ਲੱਗੇਗਾ। ਸਿੱਖ ਵਿਅਕਤੀ ਨੇ ਕਿਹਾ ਕਿ ਇਹ ਘਟਨਾ ਉਕਤ ਪਰਿਵਾਰ ਦੀ ਢਿੱਲ ਕਾਰਨ ਵਾਪਰੀ ਹੈ। ਇਸ ਮਾਮਲੇ ਸਬੰਧੀ ਉਨ੍ਹਾਂ ਨੇ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਸਿੱਖ ਸੰਗਠਨਾਂ ਨਾਲ ਮੀਟਿੰਗ ਬੁਲਾਈ ਹੈ।