ਚੰਡੀਗੜ੍ਹ: ਚੰਡੀਗਡ਼੍ਹ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਨਤਕ ਥਾਵਾਂ ‘ਤੇ ਥੁੱਕਣ ਨੂੰ ਅਪਰਾਧ ਬਣਾ ਦਿੱਤਾ ਹੈ। ਖੁੱਲ੍ਹੇ ਵਿਚ ਥੁੱਕਣ ਵਾਲਿਆਂ ਨੂੰ ਭਾਰੀ ਜ਼ੁਰਮਾਨੇ ਦੇ ਨਾਲ ਇਸ ਲਈ ਸਜ਼ਾ ਦਾ ਵੀ ਪ੍ਰਾਵਧਾਨ ਵੀ ਰਖਿਆ ਗਿਆ ਹੈ। ਹੁਣ ਜੇਕਰ ਕਿਸੇ ਨੇ ਪਾਨ, ਗੁਟਕਾ ਜਾਂ ਤੰਬਾਕੂ ਆਦਿ ਖਾਕੇ ਥੁੱਕਿਆ ਤਾਂ ਉਸਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ। ਅਧਿਕਾਰੀਆਂ ਨੂੰ ਇਨ੍ਹਾਂ ਆਦੇਸ਼ਾਂ ਦੀ ਸੱਖਤੀ ਨਾਲ ਪਾਲਣ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਰਾਜਪਾਲ ਵੀਪੀ ਸਿੰਘ ਬਦਨੌਰ ਨੇ ਚੰਡੀਗੜ੍ਹ ਨੂੰ ਕੋਰੋਨਾ ਦਾ ਹਾਟਸਪਾਟ ਐਲਾਨ ਕਰਨ ਤੋਂ ਬਾਅਦ ਅਧਿਕਾਰੀਆਂ ਨੂੰ ਹੋਰ ਸਖਤੀ ਬਰਤਣ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਿਲਣ ਵਾਲੇ ਸਾਰੇ ਨਿਰਦੇਸ਼ਾਂ ਦਾ ਸ਼ਹਿਰ ਵਿੱਚ ਸਖਤੀ ਨਾਲ ਪਾਲਣ ਹੋਣਾ ਚਾਹੀਦਾ ਹੈ। ਸਿਹਤ ਵਿਭਾਗ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕੋਰੋਨਾ ਨਾਲ ਲੜ ਰਹੇ ਡਾਕਟਰਾਂ ਅਤੇ ਹੈਲਥ ਵਰਕਰਾਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ। ਇਸ ਤੋਂ ਇਲਾਵਾ ਜਾਂਚ ਪਰਿਕ੍ਰੀਆ ਵਿੱਚ ਤੇਜੀ ਲਿਆਉਣ ਲਈ ਇੰਡਿਅਨ ਕਾਉਂਸਿਲ ਆਫ ਮੈਡੀਕਲ ਰਿਸਰਚ ਨਾਲ ਸੁਝਾਈ ਗਈ ਨਵੀਂ ਤਕਨੀਕਾਂ ਦਾ ਸਹਾਰਾ ਲਿਆ ਜਾਵੇ।