ਪੰਜਾਬ ਸਰਕਾਰ ਨੇ ਸੂਝ-ਬੂਝ ਨਾਲ ਆੜਤੀਆਂ ਤੇ ਕਿਸਾਨਾਂ ਦਾ ਨਹੁੰ ਮਾਸ ਦਾ ਰਿਸ਼ਤਾ ਟੁੱਟਣੋਂ ਬਚਾਇਆ

TeamGlobalPunjab
2 Min Read

ਚੜਿੱਕ / ਮੋਗਾ: ਕੇਂਦਰ ਸਰਕਾਰ ਵੱਲੋਂ ਫਸਲ ਵੇਚ ਦੀ ਅਦਾਇਗੀ ਆੜਤੀਆਂ ਰਾਹੀਂ ਕਰਨ ਦੀ ਬਿਜਾਏ ਕਿਸਾਨਾਂ ਨੂੰ ਸਿੱਧੇ ਤੌਰ ਉੱਤੇ ਕਰਨ ਦੇ ਐਲਾਨ ਨਾਲ ਜਿੱਥੇ ਦੋਵਾਂ ਧਿਰਾਂ ਵਿੱਚ ਅਜੀਬ ਜਿਹੀ ਸਥਿਤ ਪੈਦਾ ਹੋ ਗਈ ਸੀ ਅਤੇ ਆਪਸੀ ਆਪਸੀ ਸਹਿਚਾਰ ਅਤੇ ਇਤਫ਼ਾਕ ਨੂੰ ਵੀ ਸੱਟ ਲੱਗਣ ਦਾ ਖਤਰਾ ਪੈਦਾ ਹੋ ਗਿਆ ਸੀ। ਪਰ ਪੰਜਾਬ ਸਰਕਾਰ ਨੇ ਇਸ ਪੇਚੀਦਾ ਮਾਮਲੇ ਨੂੰ ਸੂਝ ਬੂਝ ਨਾਲ ਸੁਲਝਾ ਲਿਆ।

ਉਕਤ ਵਿਚਾਰ ਪਿੰਡ ਚੜਿੱਕ ਦੇ ਆੜਤੀਏ ਅਤੇ ਕਿਸਾਨ ਸ੍ਰ ਇਕਬਾਲ ਸਿੰਘ ਨੇ ਅੱਜ ਆਪਣੇ ਪਿੰਡ ਦੀ ਦਾਣਾ ਮੰਡੀ ਵਿੱਚ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਸਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਸਿੱਧੇ ਤੌਰ ਉੱਤੇ ਕਰਨ ਦੇ ਨਾਦਰਸ਼ਾਹੀ ਫੁਰਮਾਨ ਨਾਲ ਕਿਸਾਨਾਂ ਅਤੇ ਆੜ੍ਹਤੀਆਂ ਵਿੱਚ ਆਪਸੀ ਫਿੱਕ ਪਵਾਉਣ ਦੀ ਕੋਸ਼ਿਸ਼ ਕੀਤੀ ਸੀ ਜੁ ਕਿ ਸਫ਼ਲ ਨਹੀਂ ਹੋਈ। ਪਰ ਪੰਜਾਬ ਸਰਕਾਰ ਨੇ ਸੂਬੇ ਦੇ ਕਿਸਾਨਾਂ ਅਤੇ ਆੜ੍ਹਤੀਆਂ ਦੇ ਆਪਸੀ ਸਬੰਧਾਂ ਨੂੰ ਬੜੀ ਚੰਗੀ ਤਰ੍ਹਾਂ ਸਮਝਿਆ ਅਤੇ ਬੜੀ ਸੂਝ ਬੂਝ ਨਾਲ ਨਹੁੰ ਮਾਸ ਦਾ ਇਹ ਰਿਸ਼ਤਾ ਟੁੱਟਣੋਂ ਬਚਾਅ ਲਿਆ। ਜਿਸ ਦੀ ਪੰਜਾਬ ਦੇ ਆੜਤੀਏ ਅਤੇ ਕਿਸਾਨ ਬਹੁਤ ਹੀ ਸ਼ਲਾਘਾ ਕਰਦੇ ਹਨ।

ਇਕਬਾਲ ਸਿੰਘ ਨੇ ਕਿਹਾ ਕਿ ਆਪਸੀ ਮਿਲਵਰਤਨ ਨਾਲ ਜ਼ਿਲ੍ਹਾ ਮੋਗਾ ਦੀਆਂ ਦਾਣਾ ਮੰਡੀਆਂ ਵਿੱਚ ਫਸਲ ਦੀ ਖਰੀਦ ਬਹੁਤ ਹੀ ਸੁਚਾਰੂ ਤਰੀਕੇ ਨਾਲ ਜਾਰੀ ਹੈ। ਖਰੀਦ ਨਾਲ ਸਬੰਧਤ ਹਰ ਵਸਤ ਅਤੇ ਸਹੂਲਤ ਮੌਜੂਦ ਹੈ। ਮੰਡੀਆਂ ਵਿੱਚ ਨਾ ਤਾਂ ਕਿਸਾਨ ਨੂੰ ਅਤੇ ਨਾ ਹੀ ਕਿਸੇ ਆੜਤੀ ਨੂੰ ਕੋਈ ਪ੍ਰੇਸ਼ਾਨੀ ਪੇਸ਼ ਆ ਰਹੀ ਹੈ। ਉਹਨਾਂ ਕਿਹਾ ਕਿ ਸੁੱਕੀ ਫਸਲ ਦੀ ਖਰੀਦ, ਲਿਫਟਿੰਗ ਅਤੇ ਅਦਾਇਗੀ ਨਾਲੋਂ ਨਾਲ ਹੋ ਰਹੀ ਹੈ। ਕਿਸਾਨ ਨੂੰ ਸਿੱਧੀ ਅਦਾਇਗੀ ਹੋਣ ਨਾਲ ਅਤੇ ਆੜਤੀ ਨੂੰ ਉਸਦਾ ਹੱਕ ਮਿਲਣ ਨਾਲ ਹੁਣ ਹਾਲਾਤ ਸਾਜਗਾਰ ਹੋ ਗਏ ਹਨ।

ਉਹਨਾਂ ਕਿਹਾ ਕਿ ਉਹ ਅਤੇ ਸਮੂਹ ਆੜਤੀ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਨ। ਇਸ ਮੌਕੇ ਹਾਜ਼ਰ ਕਿਸਾਨ ਗੁਰਸੇਵਕ ਸਿੰਘ ਨੇ ਵੀ ਕਿਹਾ ਕਿ ਉਹ ਆੜਤੀਆਂ ਵਰਗ ਪੰਜਾਬ ਸਰਕਾਰ ਦੇ ਸਹਿਯੋਗ ਕਾਰਨ ਬੜੀ ਅਸਾਨੀ ਨਾਲ ਪੁੱਤਾਂ ਵਾਂਗ ਪਾਲੀ ਫਸਲ ਨੂੰ ਵੇਚਣ ਵਿੱਚ ਸਫਲ ਹੋ ਰਹੇ ਹਨ। ਉਹਨਾਂ ਭਰੋਸਾ ਦਿੱਤਾ ਕਿ ਕਣਕ ਦੀ ਖਰੀਦ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾੜ੍ਹਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

- Advertisement -

Share this Article
Leave a comment