Punjab News : ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀ ਪੰਜਾਬ ਵਿੱਚ ਪੁਰਾਣਾ ਅਕਾਲੀ-ਭਾਜਪਾ ਗੱਠਜੋੜ ਮੁੜ ਸੁਰਜੀਤ ਹੋਣ ਜਾ ਰਿਹਾ ਹੈ? ਇਹ ਸਵਾਲ ਇਸ ਲਈ ਚਰਚਾ ਵਿੱਚ ਹੈ ਕਿਉਂਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਜਾਣਕਾਰੀ ਮੁਤਾਬਕ ਇਹ ਮੁਲਾਕਾਤ ਇਸ ਹਫ਼ਤੇ ਦੇ ਸ਼ੁਰੂ ਵਿੱਚ ਨਵੀਂ ਦਿੱਲੀ ਵਿਖੇ ਹੋਈ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਪੰਜਾਬ ਦੇ ਕਈ ਅਹਿਮ ਅਤੇ ਗੰਭੀਰ ਮੁੱਦਿਆਂ ਤੋਂ ਜਾਣੂ ਕਰਵਾਇਆ। ਇਨ੍ਹਾਂ ਵਿੱਚ ਨਸ਼ਿਆਂ ਦਾ ਵਧਦਾ ਖ਼ਤਰਾ, ਗੈਂਗਸਟਰਾਂ ਦੀਆਂ ਸਰਗਰਮੀਆਂ ਅਤੇ ਪਾਕਿਸਤਾਨ ਵੱਲੋਂ ਅੱਤਵਾਦੀ ਖ਼ਤਰੇ ਵਰਗੇ ਮੁੱਦੇ ਸ਼ਾਮਲ ਸਨ। ਕੈਪਟਨ ਨੇ ਇਹ ਵੀ ਸੁਝਾਅ ਦਿੱਤੇ ਕਿ ਕੇਂਦਰ ਸਰਕਾਰ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਪੰਜਾਬ ਦੀ ਕਿਵੇਂ ਮਦਦ ਕਰ ਸਕਦੀ ਹੈ। ਹਾਲਾਂਕਿ, ਸੂਤਰਾਂ ਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਮੁਲਾਕਾਤ ਦੌਰਾਨ ਕਿਸੇ ਵੀ ਸਿਆਸੀ ਮੁੱਦੇ ‘ਤੇ ਚਰਚਾ ਨਹੀਂ ਹੋਈ। ਹੁਣ ਇਸ ਮੁਲਾਕਾਤ ਨੂੰ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਸਿਆਸੀ ਸਮੀਕਰਨਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੌ : ਪੰਜਾਬ ‘ਚ ₹500 ‘ਚ ਮਿਲੇਗਾ ਸਿਲੰਡਰ, ਔਰਤਾਂ ਦੇ ਖਾਤੇ ‘ਚ ਆਉਣਗੇ ₹2100, CM ਨੇ ਕਰ ‘ਤਾ ਐਲਾਨ
ਦਰਅਸਲ, ਪੰਜਾਬ ਵਿੱਚ ਅਕਾਲੀ ਦਲ ਅਤੇ ਭਾਜਪਾ ਦੇ ਮੁੜ ਇਕੱਠੇ ਆਉਣ ਦੀਆਂ ਚਰਚਾਵਾਂ ਲਗਾਤਾਰ ਜ਼ੋਰ ਫੜ ਰਹੀਆਂ ਹਨ। ਇਸੇ ਵਿਚਕਾਰ ਇੱਕ ਹੋਰ ਅਹਿਮ ਚਰਚਾ ਸਾਹਮਣੇ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਵੀ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਜਲਦ ਮੀਟਿੰਗ ਹੋ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਦੀ ਸਿਆਸਤ ਵਿੱਚ ਇਸ ਦੇ ਕਾਫ਼ੀ ਅਹਿਮ ਸਿਆਸੀ ਮਾਇਨੇ ਕੱਢੇ ਜਾ ਸਕਦੇ ਹਨ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਪੰਜਾਬ ਭਾਜਪਾ ਦੇ ਆਗੂ ਸੁਨੀਲ ਜਾਖੜ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਅਕਾਲੀ-ਭਾਜਪਾ ਗੱਠਜੋੜ ਦੇ ਹੱਕ ਵਿੱਚ ਆਪਣੀ ਰਾਇ ਰੱਖਦੇ ਰਹੇ ਹਨ।ਯਾਨੀ ਕਿ ਭਾਜਪਾ ਦੇ ਪੰਜਾਬ ਨਾਲ ਜੁੜੇ ਕਈ ਸੀਨੀਅਰ ਆਗੂ ਇਸ ਸਾਂਝ ਨੂੰ ਲੈ ਕੇ ਹਾਂ-ਪੱਖੀ ਰੁਖ਼ ਦਿਖਾਉਂਦੇ ਰਹੇ ਹਨ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਮੁੜ ਸਿਆਸੀ ਸਾਂਝ ਬਣੇਗੀ? ਕੀ ਦੋਵੇਂ ਪਾਰਟੀਆਂ ਪੁਰਾਣੇ ਸਾਥ ਨੂੰ ਨਵੀਂ ਸ਼ੁਰੂਆਤ ਦੇਣਗੀਆਂ ਜਾਂ ਫਿਰ ਇਹ ਸਿਰਫ਼ ਸਿਆਸੀ ਚਰਚਾਵਾਂ ਹੀ ਬਣ ਕੇ ਰਹਿ ਜਾਣਗੀਆਂ? ਫਿਲਹਾਲ ਦੋਵਾਂ ਪਾਰਟੀਆਂ ਵੱਲੋਂ ਗੱਠਜੋੜ ਬਾਰੇ ਕੋਈ ਅੰਤਿਮ ਐਲਾਨ ਸਾਹਮਣੇ ਨਹੀਂ ਆਇਆ ਹੈ। ਪਰ ਕੈਪਟਨ ਦੀ PM ਮੋਦੀ ਨਾਲ ਮੁਲਾਕਾਤ ਅਤੇ ਸੁਖਬੀਰ ਬਾਦਲ ਦੀ ਸੰਭਾਵਿਤ ਮੀਟਿੰਗ ਨੇ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਜ਼ਰੂਰ ਛੇੜ ਦਿੱਤੀ ਹੈ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਸਿਆਸਤ ਕਿਹੜਾ ਨਵਾਂ ਮੋੜ ਲੈਂਦੀ ਹੈ।

