ਕੋਲਕਾਤਾ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਸੁਪਰੀਮੋ ਮਮਤਾ ਬੈਨਰਜੀ ਨੇ ਇਕ ਵਾਰ ਫਿਰ ਮੋਦੀ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਹੈ। ਉਸਨੇ ਭਾਜਪਾ ਅਤੇ ਕੇਂਦਰ ਸਰਕਾਰ ‘ਤੇ “ਜਗੀਰਦਾਰ ਜ਼ਿਮੀਂਦਾਰ” ਵਾਂਗ ਵਿਵਹਾਰ ਕਰਨ ਦਾ ਦੋਸ਼ ਲਗਾਇਆ ਜਿਸ ਨੇ ਆਲੋਚਨਾਤਮਕ ਨੇਤਾਵਾਂ ਨੂੰ ਜੇਲ੍ਹ ਭੇਜਿਆ। ਉਨ੍ਹਾਂ ਕਿਹਾ, ‘ਜੇਕਰ ਕੋਈ ਵਿਰੋਧੀ ਨੇਤਾ ਭਾਜਪਾ ਦੇ ਖਿਲਾਫ ਬੋਲਦਾ ਹੈ ਤਾਂ ਅਗਲੇ ਦਿਨ ਸੀਬੀਆਈ ਅਤੇ ਈਡੀ ਉਸ ਦੇ ਘਰ ਪਹੁੰਚ ਜਾਂਦੇ ਹਨ। ਹਰ ਕੋਈ ਜਾਣਦਾ ਹੈ ਕਿ ਭਾਜਪਾ ਕਿੰਨੀ ਇਮਾਨਦਾਰ ਹੈ। ਭਾਰਤ ਹੀ ਨਹੀਂ, ਬੀਬੀਸੀ ਵੀ ਇਹੀ ਗੱਲ ਕਹਿ ਰਹੀ ਹੈ। ਅਸੀਂ ਦੇਸ਼ ਦੇ ਨਾਲ ਹਾਂ।
ਮਮਤਾ ਬੈਨਰਜੀ ਨੇ ਭਾਜਪਾ ਨੂੰ ਘੇਰਨ ਲਈ 2002 ਦੇ ਗੁਜਰਾਤ ਦੰਗਿਆਂ ਦਾ ਵੀ ਜ਼ਿਕਰ ਕੀਤਾ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, “ਉਹ ਕਹਿੰਦੇ ਹਨ ਕਿ ਬੰਗਾਲ ਵਿੱਚ ਨਸਲਕੁਸ਼ੀ ਹੋਈ ਹੈ। ਕੀ ਤੁਸੀਂ ਨਸਲਕੁਸ਼ੀ ਦਾ ਮਤਲਬ ਸਮਝਦੇ ਹੋ? ਇਹ ਗੋਧਰਾ ਵਿੱਚ ਹੋਇਆ ਸੀ। ਇਹ ਬਿਲਕੀਸ ਨਾਲ ਹੋਇਆ ਸੀ ਅਤੇ ਇਹ NRC/CAA ਨਾਲ ਹੋਇਆ ਸੀ। ਦਿੱਲੀ ਵਿੱਚ ਕੀ ਹੋਇਆ?” ਮਮਤਾ ਬੈਨਰਜੀ ਬੰਗਾਲ ਪ੍ਰਤੀ ਕੇਂਦਰ ਦੇ ਕਥਿਤ ਪੱਖਪਾਤੀ ਰਵੱਈਏ ਅਤੇ ਸੂਬੇ ਨੂੰ ਆਪਣੇ ਹਿੱਸੇ ਦਾ ਫੰਡ ਨਾ ਦੇਣ ਦੇ ਵਿਰੋਧ ‘ਚ ਦੋ ਦਿਨਾਂ ਤੋਂ ਧਰਨੇ ‘ਤੇ ਬੈਠੀ ਹੈ।
ਮਮਤਾ ਬੈਨਰਜੀ ਨੇ ਵਿਅੰਗਮਈ ਢੰਗ ਨਾਲ ਕਿਹਾ ਕਿ ਭਾਜਪਾ ਵਿਰੋਧੀ ਧਿਰ ਦੇ ਹਰ ਕਿਸੇ ਨੂੰ ਭ੍ਰਿਸ਼ਟ ਅਤੇ ਦੇਸ਼ ਵਿਰੋਧੀ ਕਹਿ ਰਹੀ ਹੈ। ਕੇਵਲ ਆਪ ਹੀ ਇਮਾਨਦਾਰ ਅਤੇ ਦੇਸ਼ ਭਗਤ ਹੈ। ਵਿਰੋਧੀ ਧਿਰ ਵਿੱਚ ਕਿਸੇ ਵੀ ਪਾਰਟੀ ਦਾ ਕੋਈ ਅਜਿਹਾ ਆਗੂ ਨਹੀਂ ਬਚਿਆ ਜਿਸ ਖ਼ਿਲਾਫ਼ ਸੀਬੀਆਈ ਅਤੇ ਈਡੀ ਦੇ ਛਾਪੇ ਨਾ ਪਏ ਹੋਣ। ਮਮਤਾ ਨੇ ਕਿਹਾ ਕਿ ਭਾਜਪਾ ਨੇ ਦੇਸ਼ ਵਿੱਚ ਐਲਆਈਸੀ ਤੋਂ ਲੈ ਕੇ ਐਸਬੀਆਈ ਤੱਕ ਸਭ ਕੁਝ ਵੇਚ ਦਿੱਤਾ ਹੈ। ਦੇਸ਼ ਨੂੰ ਕੁਝ ਲੋਕ ਹੀ ਚਲਾ ਰਹੇ ਹਨ।
ਬੰਗਾਲ ਦੇ ਸੀਐਮ ਨੇ ਕਿਹਾ- ‘ਦੇਸ਼ ਵਿੱਚ ਅਣਐਲਾਨੀ ਐਮਰਜੈਂਸੀ ਚੱਲ ਰਹੀ ਹੈ। ਭਾਜਪਾ ਸ਼ਾਸਤ ਰਾਜਾਂ ਨੂੰ ਛੱਡ ਕੇ ਕੇਂਦਰ ਨੇ ਹੋਰ ਰਾਜਾਂ ਨੂੰ ਕਈ ਕੇਂਦਰੀ ਯੋਜਨਾਵਾਂ ਲਈ ਪੈਸਾ ਦੇਣਾ ਬੰਦ ਕਰ ਦਿੱਤਾ ਹੈ। ਕੇਂਦਰ ਬੰਗਾਲ ਨਾਲ ਸਭ ਤੋਂ ਵੱਧ ਵਿਤਕਰਾ ਕਰ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬੰਗਾਲ ਵਿੱਚ ਸਭ ਤੋਂ ਵੱਧ 63 ਕੇਂਦਰੀ ਸਕੀਮਾਂ ਬੰਦ ਕੀਤੀਆਂ ਗਈਆਂ ਹਨ ਕਿਉਂਕਿ ਇਸ ਲਈ ਪੈਸਾ ਉਪਲਬਧ ਨਹੀਂ ਹੈ।