ਨਿਊਜ਼ ਡੈਸਕ: ਇਲੋਨ ਮਸਕ ਦੀ ਕੰਪਨੀ ਸਪੇਸਐਕਸ ਦੇ ਫਾਲਕਨ-9 ਰਾਕੇਟ ਦਾ ਇੱਕ ਬੇਕਾਬੂ ਹਿੱਸਾ ਚੰਨ ਦੀ ਸਤ੍ਹਾ ਨਾਲ ਟਕਰਾ ਗਿਆ ਹੈ। ਕਰੀਬ 4 ਹਜ਼ਾਰ ਕਿਲੋਗ੍ਰਾਮ ਭਾਰ ਵਾਲਾ ਇਹ 45 ਫੁੱਟ ਲੰਬਾ ਹਿੱਸਾ ਲਗਭਗ 8,690 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੰਨ ਨਾਲ ਟਕਰਾਇਆ। ਨਾਸਾ ਨੇ ਸਪੱਸ਼ਟ ਕੀਤਾ ਹੈ ਕਿ ਇਸ ਘਟਨਾ ਨਾਲ ਧਰਤੀ ਨੂੰ ਕਿਸੇ ਵੀ ਤਰ੍ਹਾਂ ਦਾ ਖ਼ਤਰਾ ਨਹੀਂ ਹੈ।
ਜਨਵਰੀ 2025 ਦੇ ਮਿਸ਼ਨ ਤੋਂ ਬਾਅਦ ਪੁਲਾੜ ਵਿੱਚ ਹੀ ਭਟਕਦਾ ਰਿਹਾ
ਇਹ ਫਾਲਕਨ-9 ਰਾਕੇਟ ਦਾ ਉੱਪਰਲਾ ਹਿੱਸਾ ਸੀ, ਜਿਸ ਨੂੰ ਜਨਵਰੀ 2025 ਵਿੱਚ ਅਮਰੀਕਾ ਦੇ ਫਲੋਰੀਡਾ ਤੋਂ ਅਮਰੀਕਾ ਅਤੇ ਜਾਪਾਨ ਦੇ ਦੋ ਲੂਨਰ ਲੈਂਡਰਾਂ ਨੂੰ ਪੁਲਾੜ ਵਿੱਚ ਭੇਜਣ ਲਈ ਲਾਂਚ ਕੀਤਾ ਗਿਆ ਸੀ। ਮਿਸ਼ਨ ਪੂਰਾ ਹੋਣ ਤੋਂ ਬਾਅਦ ਇਹ ਹਿੱਸਾ ਪੁਲਾੜ ਵਿੱਚ ਹੀ ਭਟਕਦਾ ਰਿਹਾ। ਪਿਛਲੇ 18 ਮਹੀਨਿਆਂ ਦੌਰਾਨ ਧਰਤੀ, ਚੰਨ ਅਤੇ ਸੂਰਜ ਦੀ ਗੁਰੁਤਾਕਰਸ਼ਣ ਸ਼ਕਤੀ ਕਾਰਨ ਇਸ ਦਾ ਰਸਤਾ ਬਦਲਦਾ ਗਿਆ ਅਤੇ ਅੰਤ ਵਿੱਚ ਇਹ ਚੰਨ ਨਾਲ ਟਕਰਾ ਗਿਆ। ਖਗੋਲ ਵਿਗਿਆਨੀਆਂ ਨੇ ਪਹਿਲਾਂ ਹੀ ਇਸ ਟੱਕਰ ਦੀ ਸੰਭਾਵਨਾ ਜਤਾਈ ਸੀ।
ਰਾਕੇਟ ਦੀ ਟੱਕਰ ਚੰਨ ਦੇ ਆਇੰਸਟਾਈਨ ਕ੍ਰੇਟਰ ਦੇ ਨੇੜੇ ਹੋਈ। ਇਹ ਇਲਾਕਾ ਚੰਨ ਦੇ ਉਸ ਹਿੱਸੇ ਵਿੱਚ ਸਥਿਤ ਹੈ ਜਿੱਥੇ ਦਿਨ ਦਾ ਉਜਾਲਾ ਹੁੰਦਾ ਹੈ ਅਤੇ ਜੋ ਧਰਤੀ ਤੋਂ ਵੀ ਦਿਖਾਈ ਦਿੰਦਾ ਹੈ। ਹਾਲਾਂਕਿ ਟੱਕਰ ਵੇਲੇ ਪੈਦਾ ਹੋਈ ਰੌਸ਼ਨੀ ਬਹੁਤ ਹਲਕੀ ਸੀ, ਇਸ ਲਈ ਆਮ ਦੂਰਬੀਨਾਂ ਨਾਲ ਇਸ ਨੂੰ ਨਹੀਂ ਦੇਖਿਆ ਜਾ ਸਕਿਆ।
100 ਕਿਲੋਮੀਟਰ ਤੱਕ ਧੂੜ ਦਾ ਗੁਬਾਰ ਉੱਠਣ ਦਾ ਅੰਦਾਜ਼ਾ
ਕੈਂਬ੍ਰਿਜ ਯੂਨੀਵਰਸਿਟੀ ਦੇ ਖਗੋਲ ਵਿਗਿਆਨੀ ਡਾ. ਮੈਟ ਬੋਥਵੈੱਲ ਦਾ ਮੰਨਣਾ ਹੈ ਕਿ ਟੱਕਰ ਕਾਰਨ ਚੰਨ ਦੀ ਧੂੜ ਦਾ ਵੱਡਾ ਗੁਬਾਰ ਉੱਠਿਆ ਹੋਵੇਗਾ, ਜੋ ਲਗਭਗ 100 ਕਿਲੋਮੀਟਰ ਉਚਾਈ ਤੱਕ ਗਿਆ ਅਤੇ ਕਈ ਮਿੰਟਾਂ ਤੱਕ ਬਣਿਆ ਰਿਹਾ।
ਟੱਕਰ ਵੇਲੇ ਕੋਈ ਵੀ ਆਰਬਿਟਰ ਸਹੀ ਸਥਿਤੀ ਵਿੱਚ ਨਾ ਹੋਣ ਕਰਕੇ ਇਸ ਦੀਆਂ ਤਸਵੀਰਾਂ ਨਹੀਂ ਮਿਲ ਸਕੀਆਂ। ਹੁਣ ਦੱਖਣੀ ਕੋਰੀਆ ਦਾ ਦਾਨੁਰੀ ਆਰਬਿਟਰ ਅਤੇ ਨਾਸਾ ਦਾ ਲੂਨਰ ਰੀਕਾਨਿਸੈਂਸ ਆਰਬਿਟਰ (LRO) ਟੱਕਰ ਵਾਲੀ ਥਾਂ ਤੋਂ ਲੰਘਣ ਮਗਰੋਂ ਤਸਵੀਰਾਂ ਇਕੱਠੀਆਂ ਕਰਨਗੇ। ਵਿਗਿਆਨੀ ਪੁਰਾਣੀਆਂ ਅਤੇ ਨਵੀਆਂ ਤਸਵੀਰਾਂ ਦੀ ਤੁਲਨਾ ਕਰਕੇ ਚੰਨ ਦੀ ਸਤ੍ਹਾ ‘ਤੇ ਬਣੇ ਨਵੇਂ ਨਿਸ਼ਾਨਾਂ ਦਾ ਅਧਿਐਨ ਕਰਨਗੇ।
ਚੰਨ ‘ਤੇ ਮਨੁੱਖੀ ਕੂੜੇ ਦੀ ਗਿਣਤੀ ਵਧੀ
ਇਸ ਘਟਨਾ ਤੋਂ ਬਾਅਦ ਚੰਨ ‘ਤੇ ਮਨੁੱਖਾਂ ਵੱਲੋਂ ਛੱਡੀਆਂ ਜਾਂ ਹਾਦਸਿਆਂ ਵਿੱਚ ਡਿੱਗੀਆਂ ਵਸਤਾਂ ਦੀ ਗਿਣਤੀ ਕਰੀਬ 3 ਹਜ਼ਾਰ ਹੋ ਗਈ ਹੈ, ਜਿਨ੍ਹਾਂ ਦਾ ਕੁੱਲ ਭਾਰ ਲਗਭਗ 190 ਟਨ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਚੰਨ ‘ਤੇ ਵਾਤਾਵਰਣ ਨਾ ਹੋਣ ਕਾਰਨ ਇਸ ਨਾਲ ਉੱਥੇ ਕਿਸੇ ਪਰਿਆਵਰਣ ਨੂੰ ਨੁਕਸਾਨ ਨਹੀਂ ਹੁੰਦਾ, ਪਰ ਭਵਿੱਖ ਵਿੱਚ ਵਧਦੇ ਲੂਨਰ ਟ੍ਰੈਫਿਕ ਕਾਰਨ ਇਤਿਹਾਸਕ ਲੈਂਡਿੰਗ ਸਥਾਨਾਂ ਅਤੇ ਨਵੇਂ ਮਿਸ਼ਨਾਂ ਲਈ ਖ਼ਤਰਾ ਵਧ ਸਕਦਾ ਹੈ।
ਵਿਗਿਆਨੀਆਂ ਲਈ ਕਿਉਂ ਮਹੱਤਵਪੂਰਨ ਹੈ ਇਹ ਟੱਕਰ?
ਵਿਗਿਆਨੀਆਂ ਅਨੁਸਾਰ ਇਹ ਟੱਕਰ ਇੱਕ ਮਹੱਤਵਪੂਰਨ ਵਿਗਿਆਨਕ ਮੌਕਾ ਹੈ। ਰਾਕੇਟ ਦੀ ਰਫ਼ਤਾਰ, ਭਾਰ ਅਤੇ ਆਕਾਰ ਬਾਰੇ ਪਹਿਲਾਂ ਤੋਂ ਜਾਣਕਾਰੀ ਹੋਣ ਕਾਰਨ ਹੁਣ ਟੱਕਰ ਨਾਲ ਬਣੇ ਗੱਡੇ ਅਤੇ ਧੂੜ ਦਾ ਅਧਿਐਨ ਕਰਕੇ ਚੰਨ ਅਤੇ ਸੌਰ ਮੰਡਲ ਦੇ ਸ਼ੁਰੂਆਤੀ ਇਤਿਹਾਸ ਬਾਰੇ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕੇਗੀ।
ਜਿਸ ਮਿਸ਼ਨ ਦਾ ਉੱਪਰਲਾ ਹਿੱਸਾ ਚੰਨ ਨਾਲ ਟਕਰਾਇਆ, ਉਸੇ ਫਾਲਕਨ-9 ਰਾਕੇਟ ਦਾ ਹੇਠਲਾ ਰੀਯੂਜ਼ੇਬਲ ਬੂਸਟਰ ਸੁਰੱਖਿਅਤ ਧਰਤੀ ‘ਤੇ ਵਾਪਸ ਆ ਗਿਆ ਸੀ। ਹੁਣ ਇਸੇ ਬੂਸਟਰ ਨੂੰ 10 ਅਗਸਤ ਨੂੰ 18ਵੀਂ ਵਾਰ ਮੁੜ ਲਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

