ਡਰਬਨ : ਦੱਖਣੀ ਅਫਰੀਕਾ ਵਿੱਚ ਇੱਕ ਔਰਤ ਨੇ 10 ਬੱਚਿਆਂ ਨੂੰ ਜਨਮ ਦੇਣ ਦਾ ਦਾਅਵਾ ਕੀਤਾ ਹੈ। ਜੇਕਰ ਡਾਕਟਰ ਇਨ੍ਹਾਂ ਬੱਚਿਆਂ ਦੇ ਜਨਮ ਦੀ ਪੁਸ਼ਟੀ ਕਰਦੇ ਹਨ ਤਾਂ ਇਹ ਆਪਣੇ ਆਪ ਵਿੱਚ ਵਿਸ਼ਵ ਰਿਕਾਰਡ ਹੋਵੇਗਾ। ਹਾਲੇ ਇੱਕ ਮਹੀਨੇ ਪਹਿਲਾਂ ਹੀ ਮਾਲੀਅਨ ਔਰਤ ਨੇ ਮੋਰਾਕੋ ‘ਚ 9 ਬੱਚਿਆਂ ਨੂੰ ਜਨਮ ਦਿੱਤਾ ਸੀ।
ਦੱਸਿਆ ਜਾ ਰਿਹਾ ਹੈ ਕਿ 37 ਸਾਲਾ ਗੋਸੀਅਮ ਥਾਮਾਰਾ ਸਿਥੋਲ ਨੇ 7 ਜੂਨ ਨੂੰ ਦੱਖਣੀ ਅਫਰੀਕਾ ਦੇ ਪ੍ਰੀਟੋਰੀਆ ਦੇ ਇਕ ਹਸਪਤਾਲ ਵਿਚ 10 ਬੱਚਿਆਂ ਨੂੰ ਜਨਮ ਦੇਣ ਦਾ ਦਾਅਵਾ ਕੀਤਾ ਸੀ। ਜਿਨ੍ਹਾਂ ‘ਚੋਂ 7 ਪੁੱਤਰ ਅਤੇ 3 ਬੱਚੀਆਂ ਹਨ।
ਰਿਪੋਰਟਾਂ ਮੁਤਾਬਕ, ਗੋਸੀਅਮ ਥਾਮਾਰਾ ਸਿਥੋਲੇ ਨੇ ਦਾਅਵਾ ਕੀਤਾ ਹੈ ਕਿ ਉਹ ਕੁਦਰਤੀ ਤੌਰ ‘ਤੇ ਗਰਭਵਤੀ ਹੋਈ ਸੀ, ਪਰ ਇਹ ਗਰਭ ਅਵਸਥਾ ਉਸਦੇ ਲਈ ਸੌਖੀ ਨਹੀਂ ਸੀ ਕਿਉਂਕਿ ਉਸ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਗੋਸੀਅਮ ਬੱਚਿਆਂ ਦੇ ਜਨਮ ਤੋਂ ਬਾਅਦ ਖ਼ੁਦ ਇਸ ਗੱਲ ਤੋਂ ਹੈਰਾਨ ਸੀ, ਕਿਉਂਕਿ ਸ਼ੁਰੂ ਵਿੱਚ ਡਾਕਟਰਾਂ ਨੇ ਸਕੈਨ ਤੋਂ ਬਾਅਦ ਦੱਸਿਆ ਕਿ ਉਨ੍ਹਾਂ ਨੂੰ 6 ਬੱਚਿਆਂ ਦੀ ਉਮੀਦ ਹੈ।
ਗੋਸੀਅਮ ਥਾਮਾਰਾ ਦੇ ਪਤੀ ਟੇਬੋਗੋ ਨੇ ਦੱਸਿਆ ਕਿ ਬੱਚਿਆਂ ਦੇ ਜਨਮ ਤੋਂ ਬਾਅਦ ਉਹ ਬਹੁਤ ਭਾਵੁਕ ਅਤੇ ਖੁਸ਼ ਹਨ। ਇਹ ਵੀ ਦੱਸਣਯੋਗ ਹੈ ਕਿ ਗੋਸੀਅਮ ਤੇ ਟੇਬੋਗੋ ਦੇ ਪਹਿਲਾਂ ਹੀ 6 ਸਾਲ ਦੇ ਜੁੜਵਾ ਬੱਚੇ ਹਨ।