ਜੋਹਾਨਿਸਬਰਗ : ਦੱਖਣੀ ਅਫਰੀਕਾ ਦੀ ਸਰਬਉੱਚ ਅਦਾਲਤ ਨੇ ਭ੍ਰਿਸ਼ਟਾਚਾਰ ਦੀ ਜਾਂਚ ਦਾ ਸਾਹਮਣਾ ਕਰ ਰਹੇ ਸਾਬਕਾ ਰਾਸ਼ਟਰਪਤੀ ਜੈਕਬ ਜੁਮਾ ਨੂੰ ਪੰਦਰਾਂ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਇਸ ਦੀ ਜਾਂਚ ਕਰ ਰਹੇ ਉਪ ਮੁੱਖ ਜੱਜ ਰੇਮੰਡ ਜੋਂਡੋ ਦੀ ਅਦਾਲਤ ’ਚ ਜੈਕਬ ਜੁਮਾ ਪੇਸ਼ ਨਹੀਂ ਹੋਏ ਸਨ। ਉਨ੍ਹਾਂ ਨੂੰ ਅਦਾਲਤ ਦੀ ਹੁਕਮ ਅਦੂਲੀ ’ਚ ਇਹ ਸਜ਼ਾ ਸੁਣਾਈ ਗਈ ਹੈ।
79 ਸਾਲਾ ਜੈਕਬ ਜੁਮਾ 2009 ਤੋਂ 2018 ਤਕ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਰਹੇ ਸਨ। ਉਨ੍ਹਾਂ ਦੀ ਜੋਂਡੋ ਕਮਿਸ਼ਨ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸਜ਼ਾ ਸੁਣਾਉਣ ਦੌਰਾਨ ਜੁਮਾ ਅਦਾਲਤ ’ਚ ਹਾਜ਼ਰ ਨਹੀਂ ਸਨ। ਅਦਾਲਤ ਨੇ ਜੁਮਾ ਨੂੰ ਪੰਜ ਦਿਨਾਂ ’ਚ ਥਾਣੇ ’ਚ ਆ ਕੇ ਸੰਪਰਕ ਕਰਨ ਦਾ ਸਮਾਂ ਦਿੱਤਾ ਹੈ।
ਅਦਾਲਤ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਜਿਸ ਵਿਅਕਤੀ (ਜੁਮਾ) ਨੇ ਦੋ ਵਾਰ ਗਣਤੰਤਰ ਤੇ ਇਸ ਦੇ ਕਾਨੂੰਨ ਦੀ ਸਹੁੰ ਚੁੱਕੀ ਹੋਵੇਗ, ਉਹ ਖ਼ੁਦ ਕਾਨੂੰਨ ’ਤੇ ਅਮਲ ਤੋਂ ਕਿਵੇਂ ਮੁਕਰ ਸਕਦਾ ਹੈ।
ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜੁਮਾ ਪੰਜ ਕਰੋੜ ਰੈਂਡ (ਕਰੀਬ 25 ਕਰੋੜ ਰੁਪਏ) ਦੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਫਸੇ ਹੋਏ ਹਨ। ਉਨ੍ਹਾਂ ’ਤੇ ਮੂਲ ਰੂਪ ’ਚ ਭਾਰਤ ’ਚ ਸਹਾਰਨਪੁਰ ਦੇ ਰਹਿਣ ਵਾਲੇ ਗੁਪਤਾ ਭਰਾਵਾਂ ਨਾਲ ਮਿਲ ਕੇ ਭ੍ਰਿਸ਼ਟਾਚਾਰ ਕਰਨ ਦਾ ਦੋਸ਼ ਹੈ। ਜੁਮਾ ਦੇ ਦੋ ਪੁੱਤਰਾਂ ’ਤੇ ਵੀ ਗੁਪਤਾ ਭਰਾਵਾਂ ਤੋਂ ਲਾਭ ਲੈਣ ਦਾ ਦੋਸ਼ ਹੈ। ਫਿਲਹਾਲ ਉਹ ਦੁਬਈ ਆਪੂ ਜਲਾਵਤਨ ਹਨ। ਦੱਖਣੀ ਅਫਰੀਕਾ ਦੀ ਸਰਕਾਰ ਉਨ੍ਹਾਂ ਦੀ ਹਵਾਲਗੀ ਦੀ ਕੋਸ਼ਿਸ਼ ਕਰ ਰਹੀ ਹੈ।
ਸਾਬਕਾ ਰਾਸ਼ਟਰਪਤੀ ਨੇ ਇਸ ਤੋਂ ਪਹਿਲਾਂ ਬਿਆਨ ਦਿੱਤਾ ਸੀ ਕਿ ਉਹ ਜਾਂਚ ’ਚ ਸਹਿਯੋਗ ਦੀ ਬਜਾਏ ਜੇਲ੍ਹ ਜਾਣਾ ਬਿਹਤਰ ਸਮਝਦੇ ਹਨ।