ਨਵੀ ਦਿੱਲੀ, 26 ਮਾਰਚ : IPL 2025 ਦੇ ਪੰਜਵੇਂ ਮੈਚ ‘ਚ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਸ਼ਾਨਦਾਰ ਪਾਰੀ ਖੇਡੀ। ਉਸ ਨੇ ਗੁਜਰਾਤ ਟਾਈਟਨਸ ਦੇ ਖਿਲਾਫ ਸਿਰਫ 42 ਗੇਂਦਾਂ ‘ਚ ਨਾਬਾਦ 97 ਦੌੜਾਂ ਬਣਾਈਆਂ। ਇਸ ਪਾਰੀ ਦੌਰਾਨ ਸ਼੍ਰੇਅਸ ਨੇ 5 ਚੌਕੇ ਅਤੇ 9 ਛੱਕੇ ਲਗਾਏ। ਉਸ ਦੀ ਪਾਰੀ ਦੀ ਬਦੌਲਤ ਪੰਜਾਬ ਨੇ 240 ਦੌੜਾਂ ਦਾ ਅੰਕੜਾ ਛੂਹ ਲਿਆ।
ਪੰਜਾਬ ਕਿੰਗਜ਼ ਦੇ ਕਪਤਾਨ ਦੀ ਧਮਾਕੇਦਾਰ ਪਾਰੀ ਦੀ ਬਦੌਲਤ ਕਿੰਗਜ਼ ਨੇ IPL 2025 ਦੇ ਪਹਿਲੇ ਮੈਚ ‘ਚ ਗੁਜਰਾਤ ਨੂੰ 11 ਦੌੜਾਂ ਨਾਲ ਹਰਾਇਆ।ਉਸ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਨਾ ਸਿਰਫ ਪ੍ਰਸ਼ੰਸਕ ਖੁਸ਼ ਸਨ, ਸਗੋਂ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਵੀ ਬਹੁਤ ਪ੍ਰਭਾਵਿਤ ਹੋਏ ।
ਅਈਅਰ ਦੀ ਬੱਲੇਬਾਜ਼ੀ ਤੋਂ ਬਾਅਦ ਗਾਂਗੁਲੀ ਨੇ ਸੋਸ਼ਲ ਮੀਡੀਆ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਅਈਅਰ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਪਿਛਲੇ ਇਕ ਸਾਲ ‘ਚ ਸਰਵੋਤਮ ਬੱਲੇਬਾਜ਼ ਰਿਹਾ ਹੈ। ਗਾਂਗੁਲੀ ਨੇ ਅਈਅਰ ਦੀ ਫਾਰਮ ‘ਤੇ ਵੀ ਭਰੋਸਾ ਜਤਾਇਆ ਅਤੇ ਕਿਹਾ ਕਿ ਹੁਣ ਉਹ ਖੇਡ ਦੇ ਸਾਰੇ ਫਾਰਮੈਟਾਂ ‘ਚ ਖੇਡਣ ਦੇ ਸਮਰੱਥ ਹੈ। ਉਨ੍ਹਾਂ ਨੇ ਮੰਨਿਆ ਕਿ ਅਈਅਰ ਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਖਾਸ ਕਰਕੇ ਚੰਗੀ ਲੰਬਾਈ ਦੀਆਂ ਗੇਂਦਾਂ ਨਾਲ ਨਜਿੱਠਣ ਵਿੱਚ, ਪਰ ਉਸਨੇ ਆਪਣੀਆਂ ਕਮਜ਼ੋਰੀਆਂ ‘ਤੇ ਕੰਮ ਕੀਤਾ ਹੈ।
ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਗਾਂਗੁਲੀ ਨੇ ਲਿਖਿਆ, “ਸ਼੍ਰੇਅਸ ਅਈਅਰ ਪਿਛਲੇ ਇਕ ਸਾਲ ‘ਚ ਸਭ ਤੋਂ ਵਧੀਆ ਬੱਲੇਬਾਜ਼ ਹੈ। ਉਹ ਸਾਰੇ ਫਾਰਮੈਟਾਂ ਲਈ ਤਿਆਰ ਹੈ। ਲੰਬਾਈ ਦੀਆਂ ਕੁਝ ਸਮੱਸਿਆਵਾਂ ਤੋਂ ਬਾਅਦ ਉਨ੍ਹਾਂ ‘ਚ ਸੁਧਾਰ ਦੇਖਣਾ ਬਹੁਤ ਸ਼ਾਨਦਾਰ ਹੈ”
ਦੱਸ ਦੇਈਏ ਕਿ ਸ਼੍ਰੇਅਸ ਪਿਛਲੇ ਕੁਝ ਸਮੇਂ ਤੋਂ ਭਾਰਤ ਦੀ ਵਨਡੇ ਟੀਮ ਦਾ ਨਿਯਮਤ ਹਿੱਸਾ ਰਹੇ ਹਨ, ਪਰ ਟੈਸਟ ਅਤੇ ਟੀ-20 ਵਿੱਚ ਆਪਣੀ ਜਗ੍ਹਾ ਬਰਕਰਾਰ ਰੱਖਣ ਲਈ ਕਾਫੀ ਸੰਘਰਸ਼ ਕਰ ਰਹੇ ਹਨ। ਸ਼੍ਰੇਅਸ ਚੈਂਪੀਅਨਸ ਟਰਾਫੀ 2025 ਵਿੱਚ ਭਾਰਤ ਦੀ ਮੁਹਿੰਮ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਵੀ ਸੀ, ਜਿੱਥੇ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਫਾਈਨਲ ‘ਚ ਨਿਊਜ਼ੀਲੈਂਡ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਟੀਮ ਇੰਡੀਆ ਦਾ ਇਹ ਸਟਾਰ ਬੱਲੇਬਾਜ਼ ਮੌਜੂਦਾ IPL ਸੀਜ਼ਨ ‘ਚ ਪੰਜਾਬ ਕਿੰਗਜ਼ ਟੀਮ ਦੀ ਕਮਾਨ ਵੀ ਸੰਭਾਲ ਰਿਹਾ ਹੈ।