ਪੰਜਾਬ ਵਿੱਚ ਇਮੀਗ੍ਰੇਸ਼ਨ ਸਲਾਹਕਾਰਾਂ ਅਤੇ ਆਈਲੈਟਸ ਸੈਂਟਰਾਂ ਵਾਸਤੇ ਜਲਦ ਹੀ ਬਣਾਈ ਜਾਵੇਗੀ ਐਸ.ਓ.ਪੀ. : ਸੁਖਜਿੰਦਰ ਰੰਧਾਵਾ

TeamGlobalPunjab
3 Min Read

  ਸੂਬੇ ’ਚ ਫਰਜ਼ੀ ਵਿਆਹਾਂ ਦੇ ਮੁੱਦੇ ਅਤੇ ਬਾਇਓਮੈਟ੍ਰਿਕ ਮੁਲਾਕਾਤ ਵਿੱਚ ਚੱਲ ਰਹੀ ਧਾਂਦਲੀ ਨਾਲ ਨਜਿੱਠਣ ਲਈ ਹੋਈ ਉੱਚ ਪੱਧਰੀ ਮੀਟਿੰਗ

ਚੰਡੀਗੜ੍ਹ : ਪੰਜਾਬ ਸਰਕਾਰ ਜਲਦ ਹੀ ਸੂਬੇ ਵਿੱਚ ਇਮੀਗ੍ਰੇਸ਼ਨ ਸਲਾਹਕਾਰਾਂ ਅਤੇ ਆਈਲੈਟਸ ਕੇਂਦਰਾਂ ਲਈ ਨੇਮਬੰਦੀ ਢਾਂਚਾ ਤਿਆਰ ਕਰਨ ਲਈ ਵਿਦੇਸ਼ਾਂ ਦੇ ਇਮੀਗ੍ਰੇਸ਼ਨ ਵਿਭਾਗਾਂ ਦੇ ਸਹਿਯੋਗ ਨਾਲ ਇੱਕ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸ.ਓ.ਪੀਜ) ਦਾ ਖਰੜਾ ਤਿਆਰ ਕਰੇਗੀ।

ਇਸ ਸਬੰਧ ਵਿੱਚ ਫੈਸਲਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਤਕਨੀਕੀ ਸਿੱਖਿਆ ਅਤੇ ਰੋਜ਼ਗਾਰ ਉਤਪਤੀ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਲਿਆ ਗਿਆ। ਇਹ ਮੀਟਿੰਗ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਅਤੇ ਗ੍ਰਹਿ ਮਾਮਲੇ ਵਿਭਾਗ, ਪੰਜਾਬ ਵੱਲੋਂ ਸਾਂਝੇ ਤੌਰ ‘ਤੇ ਕਰਵਾਈ ਗਈ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉੱਪ ਮੁੱਖ ਮੰਤਰੀ ਅਤੇ ਤਕਨੀਕੀ ਸਿੱਖਿਆ ਮੰਤਰੀ ਨੇ ਪੰਜਾਬ ਵਿੱਚ ਇਮੀਗ੍ਰੇਸ਼ਨ ਸਲਾਹਕਾਰਾਂ ਨੂੰ ਨੇਮਬੱਧ ਕਰਨ, ਫਰਜ਼ੀ ਵਿਆਹਾਂ ਨੂੰ ਰੋਕਣ ਅਤੇ ਬਾਇਓਮੈਟ੍ਰਿਕ ਲਈ ਅਗਾਊਂ ਸਮਾਂ (ਅਪੁਆਇੰਟਮੈਂਟ) ਲੈਣ ਵਿੱਚ ਚੱਲ ਰਹੀ ਧਾਂਦਲੀ ਵਰਗੇ ਮੁੱਦਿਆਂ ਨੂੰ ਠੱਲ ਪਾਉਣ ਲਈ ਐਸ.ਓ.ਪੀ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਆਈਲੈਟਸ ਟੈਸਟ ਕਰਵਾਉਣ ਲਈ ਅੰਤਰਰਾਸ਼ਟਰੀ ਸੰਸਥਾ ਆਈਡੀਪੀ ਐਜੂਕੇਸ਼ਨ ਲਿਮਟਡ ਨਾਲ ਤਾਲਮੇਲ ਕਰਕੇ ਇੱਕ ਨਿਰੋਲ ਨੀਤੀ ਵੀ ਤਿਆਰ ਕੀਤੀ ਜਾਵੇਗੀ।

- Advertisement -

ਉੱਪ ਮੁੱਖ ਮੰਤਰੀ ਰੰਧਾਵਾ ਨੇ ਕਿਹਾ ਕਿ ਸੂਬੇ ਦੇ ਨੌਜਵਾਨ ਵਿਦੇਸ਼ ਜਾ ਰਹੇ ਹਨ ਅਤੇ ਪੰਜਾਬ ਸਰਕਾਰ ਉਨ੍ਹਾਂ ਨੂੰ ਇੱਕ ਸੁਚਾਰੂ ਕਾਨੂੰਨੀ ਢਾਂਚਾ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਜਿਸ ਰਾਹੀਂ ਉਹ ਧੋਖੇ ਨਾਲ ਪੈਸੇ ਠੱਗਣ ਵਾਲੇ ਇੰਮੀਗ੍ਰੇਸ਼ਨ ਸਲਾਹਕਾਰਾਂ ਦੇ ਸ਼ਿਕਾਰ ਹੋਣ ਤੋਂ ਬਚ ਸਕਣ ਅਤੇ ਉਨ੍ਹਾਂ ਨੂੰ ਵਿਦੇਸ਼ ਜਾਣ ਲਈ ਕੋਈ ਗੈਰ-ਕਾਨੂੰਨੀ ਰਾਹ ਅਖ਼ਤਿਆਰ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਟਰੈਵਲ ਏਜੰਟਾਂ ਹੱਥੋਂ ਹੋ ਰਹੀ ਲੁੱਟ ਨੂੰ ਰੋਕਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ।

 ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਹ ਸੰਸਥਾ ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਵਿਭਾਗ ਦੀ ਨਿਗਰਾਨੀ ਵਿੱਚ ਟੈਕਨੀਕਲ ਯੂਨੀਵਰਸਿਟੀਆਂ ਵਿੱਚ ਆਈਲੈਟਸ ਸਿਖਲਾਈ ਅਤੇ ਟੈਸਟਿੰਗ ਕੇਂਦਰ ਸਥਾਪਤ ਕਰਨ ਵਿੱਚ ਸਹਾਇਤਾ ਕਰੇਗੀ ਤਾਂ ਜੋ ਪ੍ਰਾਈਵੇਟ ਆਈਲੈਟਸ ਕੇਂਦਰਾਂ ਨੂੰ ਨਿਯਮਤ ਕੀਤਾ ਜਾ ਸਕੇ।

ਇਸ ਮੌਕੇ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ, ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਦਲੀਪ ਕੁਮਾਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ, ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਡਾਇਰੈਕਟਰ ਐਮ.ਕੇ. ਅਰਵਿੰਦ ਕੁਮਾਰ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵਰੁਣ ਰੂਜ਼ਮ, ਆਈ.ਜੀ ਕ੍ਰਾਈਮ ਗੌਤਮ ਚੀਮਾ, ਸਲਾਹਕਾਰ ਡਾ. ਸੰਦੀਪ ਸਿੰਘ ਕੌੜਾ ਅਤੇ ਹੋਰ ਵੀ ਹਾਜ਼ਰ ਸਨ।

Share this Article
Leave a comment