ਅੱਜ ਹੈ ਬਾਲੀਵੁੱਡ ਮਸ਼ਹੂਰ ਅਦਾਕਾਰ ਸੋਨੂੰ ਸੂਦ ਦਾ 48ਵਾਂ ਜਨਮਦਿਨ

TeamGlobalPunjab
3 Min Read

ਸਾਊਥ ਸਿਨੇਮਾ ਤੋਂ ਬਾਲੀਵੁੱਡ ਦੀ ਯਾਤਰਾ ਕਰ ਚੁੱਕੇ ਅਭਿਨੇਤਾ ਸੋਨੂੰ ਸੂਦ ਦਾ 30 ਜੁਲਾਈ ਨੂੰ 48 ਵਾਂ ਜਨਮਦਿਨ ਹੈ। ਉਨ੍ਹਾਂ ਦਾ ਜਨਮ 30 ਜੁਲਾਈ 1973 ਨੂੰ ਮੋਗਾ, ਪੰਜਾਬ ਵਿੱਚ ਹੋਇਆ । ਸੋਨੂੰ ਸੂਦ ਨੇ ਬੇਸ਼ੱਕ ਬਾਲੀਵੁੱਡ ਵਿੱਚ ਜ਼ਿਆਦਾਤਰ ਖਲਨਾਇਕਾਂ ਦੀ ਭੂਮਿਕਾ ਨਿਭਾਈ ਪਰ ਅਸਲ ਜ਼ਿੰਦਗੀ ਵਿੱਚ ਉਹ ਕਿਸੇ ਮਸੀਹਾ ਤੋਂ ਘੱਟ ਨਹੀਂ ਹਨ। ਕੋਰੋਨਾ ਦੇ ਸਮੇਂ ਦੌਰਾਨ, ਸੋਨੂੰ ਸੂਦ ਲੋੜਵੰਦਾਂ ਦੀ ਹਰ ਸੰਭਵ ਸਹਾਇਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਹੁਣ ਵੀ ਇਹ ਪ੍ਰਕਿਰਿਆ ਜਾਰੀ ਹੈ।

ਲੋਕਾਂ ਨੇ ਉਨ੍ਹਾਂ ਦੀ ਅਦਾਕਾਰੀ ਨੂੰ ਤਾਂ ਪਸੰਦ ਕੀਤਾ ਹੀ ਹੈ ਸਗੋਂ ਇਨਸਾਨੀਅਤ ਦੇ ਨਾਤੇ ਕੀਤੇ ਕੰਮਾਂ ਲਈ ਵੀ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ। ਉਹ ਅਜਿਹੇ ਕਲਾਕਾਰ ਹਨ, ਜਿਨ੍ਹਾਂ ਦਾ ਭਾਵੇਂ ਕੋਈ ਫਿਲਮੀ ਪਿਛੋਕੜ ਨਹੀਂ ਸੀ ਪਰ ਆਪਣੀ ਪ੍ਰਤਿਭਾ ਤੇ ਮਿਹਨਤ ਦੇ ਬਲਬੂਤੇ ਆਪਣਾ ਵਿਲੱਖਣ ਮੁਕਾਮ ਹਾਸਲ ਕੀਤਾ ਹੈ। ਉਹ ਆਪਣੀ ਗੱਲ ਬੇਬਾਕੀ ਨਾਲ ਰੱਖਣ ਲਈ ਜਾਣੇ ਜਾਂਦੇ ਹਨ। ਸੋਨੂੰ ਸੂਦ ਨੇ  ਅਦਾਕਾਰੀ ਵਿੱਚ ਆਪਣਾ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਅਦਾਕਾਰ ਨੇ ਆਪਣੀ ਪੜ੍ਹਾਈ ਨਾਗਪੁਰ ਤੋਂ ਕੀਤੀ। ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਨੇ ਫਿਲਮਾਂ ਵਿੱਚ ਆਉਣ ਦਾ ਮਨ ਬਣਾ ਲਿਆ ਅਤੇ 1999 ਵਿੱਚ ਤਮਿਲ ਫਿਲਮ ‘ਕੱਲਾਜਾਗਰ’ ਨਾਲ ਆਪਣੇ ਅਭਿਨੈ ਕਰੀਅਰ ਦੀ ਸ਼ੁਰੂਆਤ ਕੀਤੀ ।

ਸੋਨੂੰ  ਸੂਦ ਨਾ ਸਿਰਫ ਹਿੰਦੀ ਵਿੱਚ, ਬਲਕਿ ਤੇਲਗੂ, ਕੰਨੜ ਅਤੇ ਤਾਮਿਲ ਫਿਲਮਾਂ ਵਿੱਚ ਵੀ ਕੰਮ ਕਰਦੇ ਹਨ।ਸੋਨੂੰ ਸੂਦ ਨੇ ਹਿੰਦੀ ਸਿਨੇਮਾ ’ਚ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ‘ਸ਼ਹੀਦ-ਏ-ਆਜ਼ਮ’ ’ਚ ਸ਼ਹੀਦ ਭਗਤ ਸਿੰਘ ਦਾ ਕਿਰਦਾਰ ਨਿਭਾ ਕੇ। ਇਸ ਤੋਂ ਬਾਅਦ ਉਨ੍ਹਾਂ ਨੇ ‘ਕਹਾਂ ਹੋ ਤੁਮ’, ‘ਨੇਤਾਜੀ ਸੁਭਾਸ਼ ਚੰਦਰ ਬੋਸ : ਦਾ ਫੋਰਗਟਨ ਹੀਰੋ’, ‘ਮਿਸ਼ਨ ਮੁੰਬਈ’, ‘ਯੁਵਾ’, ‘ਸ਼ੀਸ਼ਾ’, ‘ਆਸ਼ਿਕ ਬਨਾਯਾ ਆਪਨੇ’, ‘ਸਿਸਕੀਆਂ’, ‘ਡਿਵੋਰਸ’, ‘ਜੋਧਾ ਅਕਬਰ’, ‘ਸਿੰਘ ਇਜ਼ ਕਿੰਗ’, ‘ਏਕ ਵਿਵਾਹ ਐਸਾ ਵੀ’, ‘ਢੂੰਡਤੇ ਰਹਿ ਜਾਓਗੇ’, ‘ਦਬੰਗ’, ‘ਬੁੱਢਾ ਹੋਗਾ ਤੇਰਾ ਬਾਪ’, ‘ਮੈਕਸੀਮਮ’, ‘ਸ਼ੂਟਆਊਟ ਐਟ ਵਡਾਲਾ’, ‘ਰਮੱਈਆ ਵਸਤਵਿਆ’, ‘ਆਰ… ਰਾਜਕੁਮਾਰ’, ‘ਐਂਟਰਟੇਨਮੈਂਟ’, ‘ਹੈਪੀ ਨਿਊ ਈਅਰ’, ‘ਪਲਟਨ’, ‘ਸਿੰਬਾ’ ਜਿਹੀਆਂ ਹਿੰਦੀ ਫਿਲਮਾਂ ’ਚ ਮਹੱਤਵਪੂਰਨ ਕਿਰਦਾਰ ਨਿਭਾਏ। ਉਨ੍ਹਾਂ ਨੇ ਨਾਮੀ ਪੰਜਾਬੀ ਗਾਇਕ ਗੁਰਦਾਸ ਮਾਨ ਨਾਲ ਫਿਲਮ ‘ਜ਼ਿੰਦਗੀ ਖ਼ੂਬਸੂਰਤ ਹੈ’ ’ਚ ਕੰਮ ਕੀਤਾ। ਉਨ੍ਹਾਂ ਨੇ ‘ਤੂਤਕ ਤੂਤਕ ਤੂਤੀਆਂ’ ਨਾਂ ਦੀ ਹਿੰਦੀ ਫਿਲਮ ਦੇ ਨਿਰਮਾਤਾ ਵਜੋਂ ਵੀ ਕੰਮ ਕੀਤਾ ਤੇ ਅਦਾਕਾਰੀ ਵੀ ਕੀਤੀ। ਉਹ ਨਾਮੀ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੇ ਗਾਏ ਗੀਤ ‘ਪਾਗ਼ਲ ਨਹੀਂ ਹੋਣਾ’ ’ਚ ਵੀ ਨਜ਼ਰ ਆਏ।

ਸੋਨੂ ਸੂਦ ਦੀ ਪਤਨੀ ਦਾ ਨਾਮ ਸੋਨਾਲੀ ਹੈ। ਸੋਨੂੰ ਅਤੇ ਸੋਨਾਲੀ ਦਾ ਵਿਆਹ ਸਾਲ 1996 ਵਿੱਚ ਹੋਇਆ ਸੀ। ਉਸ ਦੇ ਦੋ ਪੁੱਤਰ ਵੀ ਹਨ। ਜਲਦੀ ਹੀ ਦੋਵੇਂ ਵਿਆਹ ਦੇ 25 ਸਾਲ ਪੂਰੇ ਕਰਨ ਜਾ ਰਹੇ ਹਨ।

Share This Article
Leave a Comment