ਸੋਨੀਪਤ ਦੇ ਨੌਜਵਾਨ ਦੀ ਨੀਦਰਲੈਂਡ ਵਿੱਚ ਮੌਤ; ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ!

Global Team
2 Min Read

ਹਰਿਆਣਾ: ਸੋਨੀਪਤ ਦੇ ਇੱਕ ਨੌਜਵਾਨ ਦੀ ਨੀਦਰਲੈਂਡ ਵਿੱਚ ਇੱਕ ਹਾਦਸੇ ਦੌਰਾਨ ਮੌਤ ਹੋ ਗਈ। ਕਈ ਦਿਨਾਂ ਤੱਕ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝਣ ਤੋਂ ਬਾਅਦ ਆਖ਼ਰਕਾਰ ਉਸ ਨੇ ਦਮ ਤੋੜ ਦਿੱਤਾ।ਪਰਿਵਾਰ ਨੇ ਕਰੀਬ 25 ਲੱਖ ਰੁਪਏ ਦਾ ਕਰਜ਼ਾ ਲੈ ਕੇ ਦੋ ਸਾਲ ਪਹਿਲਾਂ ਉਸ ਨੂੰ ਫਰਾਂਸ ਭੇਜਿਆ ਸੀ। ਪਰ, ਕੁਝ ਸਮਾਂ ਫਰਾਂਸ ਵਿੱਚ ਰਹਿਣ ਤੋਂ ਬਾਅਦ ਨੌਜਵਾਨ ਨੀਦਰਲੈਂਡ ਚਲਾ ਗਿਆ ।

ਪਰਿਵਾਰਕ ਮੈਂਬਰਾਂ ਅਨੁਸਾਰ ਸੋਨੀਪਤ ਦੇ ਪਿੰਡ ਮੋਈ ਮਾਜਰੀ ਦਾ ਸਾਗਰ ਰਾਣਾ 24 ਨਵੰਬਰ 2024 ਨੂੰ ਟੂਰਿਸਟ ਵੀਜ਼ੇ ‘ਤੇ ਭਾਰਤ ਤੋਂ ਫਰਾਂਸ ਗਿਆ ਸੀ। ਉਹ ਪੈਰਿਸ ਵਿੱਚ ਰਹਿ ਕੇ ਆਪਣੇ ਲਈ ਬਿਹਤਰ ਮੌਕੇ ਤਲਾਸ਼ ਰਿਹਾ ਸੀ। ਪਰਿਵਾਰ ਨੂੰ ਉਮੀਦ ਸੀ ਕਿ ਉਹ ਵਿਦੇਸ਼ ਵਿੱਚ ਕੁਝ ਕਰ ਦਿਖਾਏਗਾ ਅਤੇ ਘਰ ਦੀ ਆਰਥਿਕ ਹਾਲਤ ਨੂੰ ਮਜ਼ਬੂਤ ਕਰੇਗਾ। ਫਰਾਂਸ ਜਾਣ ਤੋਂ ਬਾਅਦ ਸਾਗਰ ਜਨਵਰੀ 2026 ਵਿੱਚ ਨੀਦਰਲੈਂਡ ਪਹੁੰਚਿਆ ਸੀ। ਉੱਥੇ ਕਰੀਬ ਦੋ ਮਹੀਨਿਆਂ ਤੱਕ ਉਸ ਨੂੰ ਕੋਈ ਕੰਮ ਨਹੀਂ ਮਿਲਿਆ ਅਤੇ ਉਹ ਲਗਾਤਾਰ ਰੁਜ਼ਗਾਰ ਦੀ ਭਾਲ ਵਿੱਚ ਇਧਰ-ਉਧਰ ਭਟਕਦਾ ਰਿਹਾ। ਕਾਫੀ ਸੰਘਰਸ਼ ਤੋਂ ਬਾਅਦ ਕਰੀਬ 15 ਦਿਨ ਪਹਿਲਾਂ ਹੀ ਉਸ ਨੂੰ ਦਰੱਖਤ ਕੱਟਣ ਦਾ ਕੰਮ ਮਿਲਿਆ ਸੀ।

ਪਰਿਵਾਰ ਮੁਤਾਬਕ, ਕਟਾਈ ਕਰਦੇ ਸਮੇਂ ਅਚਾਨਕ ਦਰੱਖਤ ਉਸ ਵੱਲ ਡਿੱਗਣ ਲੱਗਾ। ਉਸ ਸਮੇਂ ਸਾਗਰ ਪੌੜੀ ‘ਤੇ ਖੜ੍ਹਾ ਸੀ। ਦਰੱਖਤ ਡਿੱਗਦੇ ਸਮੇਂ ਪੌੜੀ ਉਸ ਵਿੱਚ ਉਲਝ ਗਈ, ਜਿਸ ਕਾਰਨ ਉਹ ਸੰਤੁਲਨ ਖੋ ਬੈਠਾ ਅਤੇ ਜ਼ਮੀਨ ‘ਤੇ ਜਾ ਡਿੱਗਿਆ। ਡਿੱਗਣ ਕਾਰਨ ਉਸ ਦੇ ਸਿਰ ‘ਤੇ ਗੰਭੀਰ ਸੱਟ ਲੱਗੀ ਅਤੇ ਨੱਕ ਤੇ ਕੰਨ ਵਿੱਚੋਂ ਖੂਨ ਵਗਣ ਲੱਗਾ। ਹਾਦਸੇ ਤੋਂ ਤੁਰੰਤ ਬਾਅਦ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ। ਉੱਥੇ ਉਹ ਕਈ ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਾ ਰਿਹਾ, ਪਰ ਹੁਣ ਉਸਦੀ ਮੌਤ ਦੀ ਖਬਰ ਮਿਲੀ ਹੈ ਜਿਸ ਨਾਲ ਪਰਿਵਾਰ ਚ ਸੋਗ ਫੈਲਿਆ ਹੋਇਆ ਹੈ।

ਦੱਸ ਦਈਏ ਕਿ ਪਰਿਵਾਰਕ ਮੈਂਬਰ ਲਗਾਤਾਰ ਸਰਕਾਰ ਅਤੇ ਪ੍ਰਸ਼ਾਸਨ ਨੂੰ ਗੁਹਾਰ ਲਗਾ ਰਹੇ ਹਨ ਕਿ ਉਨ੍ਹਾਂ ਦੇ ਪੁੱਤਰ ਦੀ ਦੇਹ ਨੂੰ ਵਤਨ ਲਿਆਉਣ ਵਿੱਚ ਮਦਦ ਕੀਤੀ ਜਾਵੇ, ਤਾਂ ਜੋ ਉਹ ਆਖ਼ਰੀ ਵਾਰ ਉਸ ਦਾ ਚਿਹਰਾ ਦੇਖ ਸਕਣ ਅਤੇ ਆਪਣੇ ਹੱਥਾਂ ਨਾਲ ਉਸ ਦਾ ਅੰਤਿਮ ਸੰਸਕਾਰ ਕਰ ਸਕਣ।

Share This Article
Leave a Comment