ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿਚਲੇ ਸਿੰਘਪੋਰਾ ਇਲਾਕੇ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਸਖਤ ਮੁਕਾਬਲਾ ਚੱਲ ਰਿਹਾ ਹੈ। ਫੌਜ, ਸੀ.ਆਰ.ਪੀ.ਐੱਫ ਅਤੇ ਜੰਮੂ-ਕਸ਼ਮੀਰ ਪੁਲਿਸ ਦੀ ਸੰਯੁਕਤ ਟੀਮ ਨੇ ਇਲਾਕੇ ਵਿਚ ਅੱਤਵਾਦੀਆਂ ਦੀ ਮੌਜੂਦਗੀ ਦੀ ਖ਼ਬਰ ਮਿਲਣ ‘ਤੇ ਘੇਰਾਬੰਦੀ ਕਰਕੇ ਸਰਚ ਓਪਰੇਸ਼ਨ ਸ਼ੁਰੂ ਕੀਤਾ।
ਘੇਰਾ ਤੰਗ ਹੋਣ ‘ਤੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਦੌਰਾਨ ਇੱਕ ਜਵਾਨ ਸ਼ਹੀਦ ਹੋ ਗਿਆ। ਮੰਨਿਆ ਜਾ ਰਿਹਾ ਹੈ ਕਿ 2-3 ਅੱਤਵਾਦੀ ਘੇਰੇ ਵਿਚ ਫਸੇ ਹੋਏ ਹਨ। ਮੁਕਾਬਲਾ ਹਜੇ ਵੀ ਜਾਰੀ ਹੈ।
ਵਾਈਟ ਨਾਈਟ ਕੋਰ ਨੇ ਸੋਸ਼ਲ ਮੀਡੀਆ ‘ਤੇ ਦੱਸਿਆ ਕਿ ਹੋਰ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ ਅਤੇ ਓਪਰੇਸ਼ਨ ਉਨ੍ਹਾਂ ਦੀ ਪੂਰੀ ਤਬਾਹੀ ਤੱਕ ਜਾਰੀ ਰਹੇਗਾ। ਸੰਵੇਦਨਸ਼ੀਲ ਇਲਾਕਿਆਂ ‘ਚ ਨਿਗਰਾਨੀ ਅਤੇ ਸੁਰੱਖਿਆ ਵਧਾ ਦਿੱਤੀ ਗਈ ਹੈ।
ਦੂਜੇ ਪਾਸੇ ਕਸ਼ਮੀਰ ਜ਼ੋਨ ਦੇ ਆਈ.ਜੀ.ਪੀ ਵੀ.ਕੇ. ਬਿਰਦੀ ਨੇ ਦੱਸਿਆ ਕਿ ਪਿਛਲੇ 48 ਘੰਟਿਆਂ ਵਿਚ ਸ਼ੋਪੀਆਂ ਅਤੇ ਤ੍ਰਾਲ ‘ਚ ਹੋਈਆਂ ਦੋ ਵੱਖ-ਵੱਖ ਮੁਕਾਬਲਿਆਂ ਵਿਚ 6 ਅੱਤਵਾਦੀਆਂ ਨੂੰ ਮਾਰਿਆ ਗਿਆ। 14 ਮਈ ਨੂੰ ਸ਼ੋਪੀਆਂ ਦੇ ਅਲਸ਼ੀਪੋਰਾ ‘ਚ ਲਸ਼ਕਰ-ਏ-ਤੋਇਬਾ ਨਾਲ ਸਬੰਧਤ TRF ਦੇ ਤਿੰਨ ਅੱਤਵਾਦੀ ਢੇਰ ਕੀਤੇ ਗਏ ਸਨ।
ਜੰਮੂ-ਕਸ਼ਮੀਰ ਦੇ ਲੈਫਟਨੈਂਟ ਗਵਰਨਰ ਮਨੋਜ ਸਿਨਹਾ ਨੇ ਕਿਹਾ ਕਿ ਪਾਕਿਸਤਾਨ ਨੂੰ ਇਸ ਵਾਰੀ ਸਖ਼ਤ ਜਵਾਬ ਦਿੱਤਾ ਗਿਆ ਹੈ। ਜੇਕਰ ਅੱਗੇ ਵੀ ਉਹ ਹਮਲਿਆਂ ਦੀ ਕੋਸ਼ਿਸ਼ ਕਰਦਾ ਹੈ ਤਾਂ ਜਵਾਬ ਹੋਰ ਵੀ ਸਖਤ ਹੋਵੇਗਾ। ਆਪਰੇਸ਼ਨ ਸਿੰਦੂਰ ਅਜੇ ਖਤਮ ਨਹੀਂ ਹੋਇਆ, ਸਿਰਫ ਰੋਕਿਆ ਗਿਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।