ਚੰਡੀਗੜ੍ਹ: ਖੰਨਾ ਬਲਾਕ ਵਿੱਚ ਸੋਲਰ ਲਾਈਟਾਂ ਲਗਾਉਣ ਦੇ ਨਾਮ ‘ਤੇ ਹੋਏ ਕਰੀਬ 25 ਲੱਖ ਰੁਪਏ ਦੇ ਘੁਟਾਲੇ ਨੇ ਨਾ ਸਿਰਫ਼ ਹਲਕੇ ਦੀ ਰਾਜਨੀਤੀ ‘ਚ ਹਲਚਲ ਮਚਾ ਦਿੱਤੀ ਹੈ, ਸਗੋਂ ਪਿੰਡਾਂ ਦੇ ਲੋਕਾਂ ਵਿੱਚ ਵੀ ਗੁੱਸਾ ਪੈਦਾ ਕਰ ਦਿੱਤਾ ਹੈ। ਇਹ ਘਪਲਾ ਕਾਂਗਰਸ ਸਰਕਾਰ ਦੇ ਸਮੇਂ ਦਾ ਦੱਸਿਆ ਜਾ ਰਿਹਾ ਹੈ। ਹੁਣ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵੱਡਾ ਐਕਸ਼ਨ ਲੈਂਦੇ ਹੋਏ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ।
ਮੰਤਰੀ ਸੌਂਦ ਨੇ ਕਿਹਾ ਕਿ ਕੋਟਲੀ ਦੇ ਨੇੜਲੇ ਭੁਪਿੰਦਰ ਸਿੰਘ ਭਿੰਦਾ ਨੇ ਆਪਣੇ ਪੁੱਤਰ ਜਸਦੇਵ ਸਿੰਘ ਦੇ ਨਾਮ ‘ਤੇ 1 ਕਰੋੜ ਰੁਪਏ ਦਾ ਟੈਂਡਰ ਲੈ ਕੇ ਖੰਨਾ ਬਲਾਕ ਦੇ 20 ਪਿੰਡਾਂ ਵਿੱਚ ਕੰਮ ਕੀਤਾ। ਇਸ ਕੰਮ ਵਿੱਚ ਕਰੀਬ 24 ਲੱਖ 52 ਹਜ਼ਾਰ ਰੁਪਏ ਦੀ ਗੜਬੜ ਸਾਬਤ ਹੋ ਚੁੱਕੀ ਹੈ। ਜਾਂਚ ਰਿਪੋਰਟ ਮੁਤਾਬਕ, ਇਸ ਘੁਟਾਲੇ ਵਿੱਚ ਬੀਡੀਪੀਓ, ਏਈ, ਜੇਈ ਅਤੇ ਠੇਕੇਦਾਰ ਸਿੱਧੇ ਤੌਰ ‘ਤੇ ਦੋਸ਼ੀ ਹਨ।