ਅਵਤਾਰ ਸਿੰਘ
ਸੁਕਰਾਤ ਕਿਸੇ ਵਿਅਕਤੀ ਦਾ ਨਾਂ ਨਹੀਂ, ਸਦੀਵੀ ਗਿਆਨ ਦਾ ਨਾਂ ਸੁਕਰਾਤ ਹੈ। ਸੁਕਰਾਤ ਸੰਸਾਰ ਦਾ ਪਹਿਲਾ ਫਿਲਾਸਫਰ ਸੀ, ਜਿਹੜਾ ਗਿਆਨ ਦੀ ਸ਼ਕਤੀ ਨਾਲ ਜੀਵਿਆ। ਉਸਨੇ ਦੱਸਿਆ ਕਿ ਇਕ ਵਿਦਵਾਨ ਨੂੰ ਕਿਵੇਂ ਸੋਚਣਾ ਚਾਹਿਦਾ ਹੈ। ਉਸਨੇ ਹਰ ਵਿਸ਼ੇ ‘ਤੇ ਵਿਚਾਰ ਪ੍ਰਗਟ ਕੀਤੇ ਜਿਵੇਂ ਫਲਸਫਾ ਬੌਧਿਕ ਸੁੰਤਤਰਤਾ ‘ਤੇ ਟਿਕਿਆ ਹੁੰਦਾ ਹੈ, ਧਰਮ ਵਿੱਚ ਇਹ ਸੁਤੰਤਰਤਾ ਨਹੀਂ ਹੁੰਦੀ।
ਸੁਕਰਾਤ ਦਾ ਜਨਮ 469 ਈਸਵੀ ਪੂਰਵ ਨੂੰ ਯੂਨਾਨ ਵਿੱਚ ਹੋਇਆ। ਉਸਦੇ ਪਿਤਾ ਸਰਕਾਰੀ ਠੇਕੇਦਾਰ ਸਨ ਜੋ ਸੰਗਤਰਾਸ਼ੀ (ਸੰਗਮਰਮਰ ਦੀਆਂ ਮੂਰਤੀਆਂ ਬਨਾਉਣ) ਦਾ ਕੰਮ ਕਰਦੇ ਸਨ। ਸੁਕਰਾਤ ਆਪਣੇ ਪਿਤਾ ਨੂੰ ਪੁੱਛਦਾ ਹੈ, “ਪਿਤਾ ਜੀ ਤੁਸੀਂ ਪੱਥਰ ਵਿਚੋਂ ਮੂਰਤੀ ਕਿਵੇਂ ਕੱਢ ਲੈਂਦੇ ਹੋ ?” ਉਸਦਾ ਪਿਤਾ ਜੁਆਬ ਦਿੰਦਾ ਹੈ, “ਪੁੱਤਰ, ਬੁੱਤ ਤਾਂ ਪਹਿਲਾਂ ਹੀ ਪੱਥਰ ਵਿੱਚ ਹੁੰਦਾ ਹੈ,ਮੈਂ ਤਾਂ ਉਸ ਉਪਰੋਂ ਵਾਧੂ ਪਥੱਰ ਹੀ ਹਟਾਉਦਾ ਹਾਂ।” ਉਸਦੀ ਮਾਂ ਦਾਈ ਦਾ ਕੰਮ ਕਰਦੀ ਸੀ ਤੇ ਉਸਨੂੰ ਵੀ ਪੁੱਛਦਾ ਹੈ, “ਮਾਤਾ ਜੀ, ਤੁਸੀਂ ਬੱਚੇ ਕਿਥੋਂ ਲੈਂ ਆਉਂਦੇ ਹੋ?” ਉਹ ਕਹਿੰਦੀ, “ਪੁੱਤਰ ਬੱਚੇ ਤਾਂ ਪਹਿਲਾਂ ਹੀ ਹੁੰਦੇ ਹਨ, ਮੈਂ ਤਾਂ ਸਿਰਫ ਉਨਾਂ ਨੂੰ ਜਿਸਮ ਦੀ ਕੈਦ ਵਿੱਚੋਂ ਹੀ ਅਜ਼ਾਦ ਕਰਵਾਉਂਦੀ ਹਾਂ।” ਅਜਿਹੇ ਮਾਤਾ ਪਿਤਾ ਦੇ ਜੁਆਬ ਸੁਣ ਕੇ ਸੁਕਰਾਤ ਹੈਰਾਨ ਹੋ ਜਾਂਦਾ।ਉਸਨੇ ਸੋਚਣਾ ਸ਼ੁਰੂ ਕੀਤਾ ਕਿ ਹਰ ਚੀਜ਼ ਨੂੰ ਸਮਝਣ/ਸਮਝਾਉਣ ਦਾ ਯਤਨ ਕਰਨਾ ਚਾਹੀਦਾ ਹੈ।
ਜੇ ਇਨਸਾਨ ਸਹੀ ਸੁਆਲ ਕਰਨਾ ਸਿੱਖ ਜਾਵੇ ਤਾਂ ਦਿਮਾਗ ਅੰਦਰ ਕੈਦ ਖਿਆਲਾਂ ਨੂੰ ਅਜ਼ਾਦ ਕਰਵਾਇਆ ਜਾ ਸਕਦਾ।
ਸੁਕਰਾਤ ਦਾ ਸੰਗਤਰਾਸ਼ੀ ਤੋਂ ਧਿਆਨ ਹਟ ਕੇ ਸੁਆਲ ਕਰਨ ਤੇ ਪੁੱਛਣ ਵਲ ਜਿਆਦਾ ਹੋ ਜਾਂਦਾ ਹੈ। ਉਸਦੀ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਦੂਜੀ ਸ਼ਾਦੀ ਜੀਨੀ ਪੈਥੀ ਜੋ ਵੀਹ ਸਾਲ ਉਸ ਤੋਂ ਛੋਟੀ ਸੀ ਨਾਲ ਹੋਈ ਜੋ ਬਹੁਤ ਲੜਾਕੇ ਸੁਭਾਅ ਦੀ ਸੀ। ਉਹ ਉਸਦੇ ਦੋਸਤਾਂ ਦੀ ਵੀ ਬੇਇਜ਼ਤੀ ਕਰ ਦਿੰਦੀ। ਇਕ ਵਾਰੀ ਜੀਨੀ ਨੇ ਗੁਸੇ ਵਿੱਚ ਸੁਕਰਾਤ ਤੇ ਗੰਦੇ ਪਾਣੀ ਦੀ ਬਾਲਟੀ ਉਲਟਾ ਦਿਤੀ ਤੇ ਗੁੱਸੇ ਵਿੱਚ ਆਏ ਆਪਣੇ ਸ਼ਿਸ ਨੂੰ ਸੁਕਰਾਤ ਨੇ ਸ਼ਾਂਤ ਕਰਦਿਆਂ ਕਿਹਾ, ਮੇਰੀ ਪਤਨੀ ਮੇਰੀ ਪ੍ਰੇਰਣਾ ਹੈ, ਇਹ ਠੋਕ ਠੋਕ ਕੇ ਪਰਖਦੀ ਹੈ ਕਿ ਮੇਰੇ ਵਿੱਚ ਸ਼ਹਿਣਸ਼ੀਲਤਾ ਹੈ ਕਿ ਨਹੀਂ। ਉਸਨੇ ਤਿੰਨ ਪੁੱਤਰਾਂ ਨੂੰ ਜਨਮ ਦਿਤਾ। ਉਸਦੀ ਪਤਨੀ ਚਾਹੁੰਦੀ ਸੀ ਕਿ ਸੁਕਰਾਤ ਹੋਰਾਂ ਨੂੰ ਗਿਆਨ ਵੰਡਣ ਦੀ ਫੀਸ ਵਸੂਲਿਆ ਕਰੇ ਤਾਂ ਜੋ ਘਰ ਦਾ ਗੁਜ਼ਾਰਾ ਚਲ ਸਕੇ ਪਰ ਸੁਕਰਾਤ ਗਿਆਨ ਵੇਚਣ ਨੂੰ ਤਿਆਰ ਨਹੀਂ ਸੀ। ਉਸਦਾ ਗੁਜ਼ਾਰਾ ਦੋਸਤਾਂ ਦੀ ਮਦਦ ਨਾਲ ਚਲਦਾ ਸੀ। ਉਹ ਵਿਦਵਾਨਾਂ ਵਾਂਗ ਚੋਲਾ ਪਾ ਕੇ ਗਲੀਆਂ ਵਿੱਚ ਫਿਰਦਾ। ਉਸਨੇ ਲੋਕਾਂ ਨੂੰ ਦਸਿਆ ਕਿ ਮਨੁੱਖ ਨੂੰ ਜਿਉਣਾ ਕਿਵੇਂ ਚਾਹੀਦਾ ਹੈ?ਸੋਚਣਾ ਕਿਵੇਂ ਚਾਹੀਦਾ ਹੈ ਤੇ ਮਰਨਾ ਕਿਵੇਂ ਚਾਹੀਦਾ ਹੈ ? ਕਿਸੇ ਨੇ ਉਸਨੂੰ ਵਿਆਹ ਬਾਰੇ ਪੁੱਛਿਆ ਤਾਂ ਉਹਨੇ ਕਿਹਾ, ਜਿਹੜਾ ਵੀ ਫੈਸਲਾ ਕਰੋਗੇ ਪਛਤਾਉਗੇ ਜੇ ਚੰਗੀ ਪਤਨੀ ਮਿਲ ਗਈ ਤਾਂ ਆਨੰਦ ਮਾਣਗੋ ਪਰ ਜੇ ਭੈੜੀ ਮਿਲ ਗਈ ਮੇਰੇ ਵਾਂਗ ਫਿਲਾਸਫਰ ਬਣ ਜਾਵੋਗੇ। ਸੁਕਰਾਤ ਨੇ ਆਪ ਕੁਝ ਨਹੀਂ ਲਿਖਿਆ,ਉਹ ਬੋਲਦਾ ਹੀ ਸੀ, ਉਸ ਬਾਰੇ ਸਾਰੀ ਜਾਣਕਾਰੀ ਉਸਦੇ ਸ਼ਿਸ ਪਲੈਟੋ ਦੀਆਂ ਲਿਖਤਾਂ ‘ਚੋਂ ਮਿਲਦੀ ਹੈ। ਪਲੈਟੋ ਪਹਿਲਾਂ ਕਵੀ ਤੇ ਨਾਟਕਕਾਰ ਸੀ ਪਰ ਸੁਕਰਾਤ ਦੀ ਸ਼ਰਨ ਲੈਂਦਿਆਂ ਉਸਨੇ ਆਪਣੀਆਂ ਪਹਿਲੀਆਂ ਸਾਰੀਆਂ ਰਚਨਾਵਾਂ ਸਾੜ ਦਿਤੀਆਂ।ਸੁਕਰਾਤ ਦੀ ਮੌਤ ਸਮੇਂ ਉਹ 28 ਸਾਲ ਦਾ ਸੀ। ਉਸਦੀ ਮੌਤ ਮਗਰੋਂ ਉਸਦੇ ਵਿਚਾਰਾਂ ਨੂੰ ਜਾਨਣ ਲਈ ਪਲੈਟੋ ਸਾਰਾ ਯੂਨਾਨ ਘੁੰਮਿਆ। ਪਲੈਟੋ ਦੀ ਅਕਾਦਮੀ ਸੰਸਾਰ ਦੀ ਪਹਿਲੀ ਯੂਨੀਵਰਸਿਟੀ ਸੀ। ਸੁਕਰਾਤ ਪਲੈਟੋ ਦਾ ਉਸਤਾਦ ਸੀ। ਸੁਕਰਾਤ ਦੇ ਸਮੇਂ ਯੂਨਾਨ ਵਿਚ ਸਰਕਾਰੀ ਧਰਮ ਦੇਵੀ ਦੇਵਤਿਆਂ ਦਾ ਬੋਲ ਬਾਲਾ ਸੀ ਤੇ ਪੂਜਾ ਹੀ ਧਰਮ ਸੀ।
ਲੋਕਾਂ ਦੇ ਵੱਖਰੇ ਵੱਖਰੇ ‘ਰੱਬ’ ਸਨ।ਇਨਾਂ ਵਿਚ ਕੋਈ ਸੂਰਜ ਦਾ ਦੇਵਤਾ, ਕੋਈ ਚੰਦਰਮਾ ਦਾ ਦੇਵਤਾ ਕੋਈ ਇਸ਼ਕ ਦਾ ਦੇਵਤਾ, ਕੋਈ ਹੁਸਨ ਦੀ ਦੇਵੀ ਆਦਿ ਸਨ। ਅਸਰ ਰਸੂਖ ਵਾਲੇ ਲੋਕਾਂ ਨੇ ਇਨਾਂ ਦੇਵਤਿਆਂ ਨੂੰ ਵੀ ਆਪਣੇ ਕਬਜੇ ਵਿੱਚ ਕੀਤਾ ਸੀ। ਅਜਿਹੇ ਸਮੇਂ ਸੁਕਰਾਤ ਨੇ ਸੂਰਜ ਨੂੰ ਦਹਿਕਦਾ ਹੋਇਆ ਪਹਾੜ,ਪੱਥਰ ਤੇ ਚੰਦਰਮਾ ਨੂੰ ਜ਼ਮੀਨ ਦਾ ਟੁੱਕੜਾ ਕਹਿ ਦਿੱਤਾ। ਕਮਾਲ ਦੀ ਗੱਲ ਹੈ ਕਿ ਜਿਹੜੀ ਗਲ ਸੁਕਰਾਤ ਨੇ ਸਦੀਆਂ ਪਹਿਲਾਂ ਕਹੀ ਸੀ ਉਹ ਅੱਜ ਸੱਚ ਸਾਬਤ ਹੋ ਰਹੀ ਹੈ।
ਸੁਕਰਾਤ ਦੇ ਸੁਤੰਤਰ ਵਿਚਾਰਾਂ ਕਰਕੇ ਯੂਨਾਨ ਦੇ ਨੌਜਵਾਨ ਉਸਦੇ ਮਤਵਾਲੇ ਸਨ ਪਰ ਉਨਾਂ ਦੇ ਮਾਪੇ ਅਤੇ ਹਾਕਮ ਇਨਾਂ ਨੌਜਵਾਨਾਂ ਦੇ ਘੋਖਵੇਂ ਸੁਆਲਾਂ ਕਾਰਨ ਸੁਕਰਾਤ ਦੇ ਵਿਰੋਧੀ ਸਨ।ਸੁਕਰਾਤ ਨੂੰ ਬਦਨਾਮ ਕਰਨ ਲਈ ਤਿੰਨ ਦੋਖੀਆਂ ਨੇ ਸੁਕਰਾਤ ਤੇ ਦੋਸ਼ ਲਾਇਆ ਕਿ ਉਹ ਦੇਵਤਿਆਂ ਦਾ ਸਤਿਕਾਰ ਨਹੀਂ ਕਰਦਾ ਅਤੇ ਉਸਦੇ ਨਵੇਂ ਵਿਚਾਰ ਨੌਜਵਾਨਾਂ ਨੂੰ ਭ੍ਰਿਸ਼ਟ ਕਰਕੇ ਕੁਰਾਹੇ ਪਾ ਰਹੇ ਹਨ। ਸੁਕਰਾਤ ਨੇ ਦੇਵਤਿਆਂ ਨੂੰ ਪਸ਼ੂਆਂ ਦੀ ਬਲੀ ਦੇਣ ਦੀ ਰੀਤ ਨੂੰ ਕੋਝੀ ਕਿਸਮ ਦੀ ਰਿਸ਼ਵਤ ਦੱਸਿਆ ਸੀ ਅਤੇ ਉਹ ਨੌਜਵਾਨਾਂ ਨੂੰ ਕਿਸੇ ਗਰੰਥ ਨੂੰ ਮੰਨਣ ਦੀ ਥਾਂ ਆਪ ਸੋਚਣ ਲਈ ਪ੍ਰੇਰਦਾ ਸੀ।ਉਸ ਸਮੇਂ ਏਥਨਜ ਜੋ ਯੂਨਾਨ ਦੀ ਰਿਆਸਤ ਸੀ ਨੂੰ ਸੰਸਾਰ ਦੀ ਸਭ ਤੋਂ ਵਧ ਅਕਲਮੰਦ ਪਰਜਾਤੰਤਰ ਮੰਨਿਆ ਜਾਂਦਾ ਸੀ। ਨੈਤਿਕ ਪਤਨ ਕਾਰਨ ਹਾਕਮ ਸੁਕਰਾਤ ਤੇ ਉਸਦੇ ਸ਼ਿਸਾਂ ਨਾਲ ਵੀ ਚਿੜੇ ਹੋਏ ਸਨ, ਇਸੇ ਕਾਰਨ ਉਸ ਤੇ ਤੀਹ ਸਾਲ ਤੋਂ ਘਟ ਉਮਰ ਦੇ ਨੌਜਵਾਨਾਂ ਨਾਲ ਗਲਬਾਤ ਕਰਨ ਦੀ ਪਾਬੰਦੀ ਲਗੀ ਹੋਈ ਸੀ। ਉਹ ਤਰਕਸ਼ੀਲ ਤੇ ਵਿਕਾਸਵਾਦੀ ਸੁਕਰਾਤ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸਨ। ਉਸ ਖਿਲਾਫ ਮੁਕੱਦਮਾ ਇਸੇ ਵਿਉਂਤ ਦਾ ਭਾਗ ਸੀ।ਮੁਕੱਦਮੇ ਦੀ ਸਾਰੀ ਕਾਰਵਾਈ ਇਕ ਦਿਨ ਵਿਚ ਨਿਪਟਾ ਕੇ ਅਗਲੇ ਦਿਨ ਹੀ ਮੌਤ ਦੀ ਸ਼ਜਾ ਤੇ ਤਾਮੀਲ ਹੋ ਜਾਂਦੀ ਸੀ।
ਸੁਕਰਾਤ ਵਕੀਲਾਂ ਨੂੰ ਕਾਨੂੰਨੀ ਵੇਸਵਾਵਾਂ ਕਹਿੰਦਾ ਸੀ ਕਿਉਂਕਿ ਵਕੀਲ ਫੀਸ ਲੈ ਕੇ ਬੇਗੁਨਾਹ ਨੂੰ ਵੀ ਗੁਨਾਹਕਾਰ ਸਾਬਤ ਕਰਨ ਦੀ ਕੋਸ਼ਿਸ ਕਰਦੇ ਸਨ।ਅਦਾਲਤ ਵਿੱਚ ਸੁਕਰਾਤ ਆਪਣੇ ਇਤਿਹਾਸਕ ਬਿਆਨ ਨਾਲ ਪੱਖਪਾਤੀ ਜੱਜਾਂ ਦੀ ਹਮਦਰਦੀ ਤੇ ਨਾ ਜਿੱਤ ਸਕਿਆ ਪਰ ਉਸਨੇ ਆਉਣ ਵਾਲੀਆਂ ਪੀੜੀਆਂ ਦੇ ਦਿਲ ਜਿੱਤ ਲਏ।ਉਸ ਸਮੇਂ ਹੋਰ ਦੋਸਤਾਂ ਨਾਲ ਅਦਾਲਤ ਵਿੱਚ ਪਲੈਟੋ ਵੀ ਹਾਜਰ ਸੀ,ਜਿਸਨੇ ਉਸਦੇ ਵਿਚਾਰਾਂ ਨੂੰ ਲਿਖਤੀ ਰੂਪ ਦਿਤਾ ਸੀ। ਉਸਨੇ ਲੰਮੇ ਬਿਆਨ ਵਿੱਚ ਕਿਹਾ, ਮੇਰੇ ‘ਤੇ ਦੋਸ਼ ਹੈ ਕਿ ਮੈਂ ਅਪਵਿੱਤਰ ਵਿਚਾਰਾਂ ਵਾਲਾ ਹਾਂ। ਮੈਂ ਕਹਿੰਦਾ ਹਾਂ ਕਿ ਅਣਪਰਖਿਆ ਜੀਵਨ, ਜੀਵਨ ਨਹੀਂ ਹੁੰਦਾ ਅਤੇ ਸੋਚਣਾ ਨਾ ਅਪਰਾਧ ਹੈ ਤੇ ਨਾ ਪਾਪ ਹੈ। ਤੁਹਾਡਾ ਇਤਰਾਜ਼ ਹੈ ਕਿ ਮੈਂ ਨਵੇਂ ਢੰਗ ਨਾਲ ਸੋਚਦਾ ਹਾਂ,ਕੀ ਇਹ ਦੋਸ਼ ਹੈ? ਜੇ ਮੈਂ ਸੋਚਣਾ ਬੰਦ ਕਰ ਦੇਵਾਂ ਤਾਂ ਤੁਸੀਂ ਮੈਨੂੰ ਬਰੀ ਕਰ ਦੇਵੋਗੇ। ਮੈਂ ਆਪਣਾ ਮਾਰਗ ਕਦੇ ਨਹੀਂ ਤਿਆਂਗਾਗਾਂ। ਮੁਕੱਦਮੇ ਦੇ ਦਿਨ ਏਥਨਜ ਦੇ ਸਾਰੇ ਲੋਕ ਗੱਲਾਂ ਕਰ ਰਹੇ ਸਨ ਪੰਜ ਮੀਲ ਲੰਮੀ ਸੜਕ ਤੇ ਭੀੜ ਸੀ। 501 ਜੱਜਾਂ ਵਿਚੋਂ 280 ਜੱਜਾਂ ਨੇ ਸੁਕਰਾਤ ਨੂੰ ਦੋਸ਼ੀ ਕਰਾਰ ਦਿਤਾ। ਉਸ ਸਮੇਂ ਦੋਸ਼ੀ ਨੂੰ ਆਪਣੀ ਸ਼ਜਾ ਖੁਦ ਤਜਵੀਜ਼ ਕਰਨ ਦਾ ਅਧਿਕਾਰ ਸੀ। ਜੇ ਉਹ ਚਾਹੁੰਦਾ ਤਾਂ ਉਹ ਏਥਨਜ ਛੱਡ ਕੇ ਜਾ ਸਕਦਾ ਸੀ ਪਰ ਉਸਨੇ ਕਿਹਾ, ਜੇ ਮੇਰੇ ਲਈ ਇਥੇ ਥਾਂ ਨਹੀਂ ਤਾਂ ਕਿਧਰੇ ਵੀ ਥਾਂ ਨਹੀਂ। ਜਦ ਉਸਨੇ ਜੱਜਾਂ ਦੇ ਕਹਿਣ ‘ਤੇ ਆਪਣੇ ਲਈ ਇਕ ਰੁਪਿਆ ਜੁਰਮਾਨਾ ਕਿਹਾ ਤਾਂ ਭੀੜ ਵਿਚ ਹਾਸਾ ਮਚ ਗਿਆ, 380 ਜੱਜਾਂ ਨੇ ਚਿੜ ਕੇ ਮੌਤ ਦੀ ਸ਼ਜਾ ਸੁਣਾ ਦਿਤੀ। 70 ਸਾਲਾ ਸੁਕਰਾਤ ਨੇ ਜੱਜਾਂ ਨੂੰ ਕਿਹਾ, ਤੁਸੀਂ ਸਿਆਣਪ ਨਹੀਂ ਕੀਤੀ, ਥੋੜ੍ਹਾ ਚਿਰ ਉਡੀਕ ਲੈਂਦੇ ਮੈਂ ਉਂਜ ਹੀ ਮਰ ਜਾਣਾ ਸੀ। ਤੁਸੀਂ ਇਕ ਨਿਰਦੋਸ਼ ਨੂੰ ਮਾਰਨ ਦਾ ਕਲੰਕ ਸਹੇੜ ਲਿਆ ਹੈ, ਜਿਸ ਕਰਕੇ ਆਉਣ ਵਾਲੀਆਂ ਪੀੜੀਆਂ ਤੁਹਾਡੇ ‘ਤੇ ਉਂਗਲਾਂ ਉਠਾਉਣਗੀਆਂ। ਮੈਂ ਮੌਤ ਸਹਿ ਲਵਾਂਗਾ ਪਰ ਸੱਚ ਬੋਲਣ ਤੋਂ ਕਦੇ ਨਹੀਂ ਹਟਾਂਗਾ।
ਤੁਸੀਂ ਜਿੰਨਾ ਚਿਰ ਜੀਵੋਗੇ ਬਦਨਾਮੀ ਖਟਦੇ ਰਹੋਗੇ। ਤੁਸੀਂ ਭੁਲ ਜਾਉ ਕਿ ਤੁਸੀਂ ਮੈਨੂੰ ਮਾਰ ਕੇ ਸੁਖ ਦੀ ਨੀਂਦ ਸੌਂਵੋਗੇ। ਫੈਸਲਾ ਸੁਣਾ ਕੇ ਜੱਜ ਲੁੱਕ ਗਏ। ਇਕ ਰੀਤ ਅਨੁਸਾਰ ਇਕ ਜਹਾਜ਼ ਦੀ ਤੀਰਥ ਯਾਤਰਾ ਕਰਕੇ ਕਿਸੇ ਨੂੰ ਸ਼ਜਾ ਦੇਣ ਦੀ ਮਨਾਹੀ ਹੋਣ ਕਾਰਨ ਉਸਨੂੰ ਵੀਹ ਦਿਨ ਖੁੱਲੀ ਜੇਲ ਵਿਚ ਰਹਿਣਾ ਪਿਆ। ਉਸਦੇ ਕਰੀਟੋ ਤੇ ਹੋਰ ਮਿੱਤਰਾਂ ਨੇ ਦੌੜ ਜਾਣ ਲਈ ਕਿਹਾ। ਉਸਨੇ ਹੱਸ ਕੇ ਜੁਆਬ ਦਿਤਾ, ਇਵੇਂ ਸੋਚਣਾ ਨਹੀਂ ਚਾਹੀਦਾ, ਮੇਰੇ ਦੌੜ ਜਾਣ ਨਾਲ ਜੱਜਾਂ ਦਾ ਅਨਿਆਂ ਨਿਆਂ ਪ੍ਰਤੀਤ ਹੋਣ ਲਗ ਪਏਗਾ ਅਤੇ ਲੋਕ ਮੇਰੇ ਗਿਆਨ ਦੀਆਂ ਨਹੀਂ ਭਗੌੜੇ ਹੋਣ ਦੀਆਂ ਗੱਲਾਂ ਕਰਨਗੇ। ਜ਼ਹਾਜ ਦੀ ਵਾਪਸੀ ਤੋਂ ਬਾਅਦ ਉਸਦੀ ਮੌਤ ਦਾ ਦਿਨ ਆਇਆ ਤਾਂ ਉਸਦੀ ਪਤਨੀ, ਪੁੱਤਰ ਤੇ ਮਿੱਤਰ ਰੋ ਰਹੇ ਸਨ। ਉਨ੍ਹਾਂ ਨੂੰ ਵਿਦਾ ਕਰਨ ਤੋਂ ਬਾਅਦ ਸ਼ਾਮ ਵੇਲੇ ਜਦੋਂ ਏਥਨਜ ਦੇ ਲੋਕਾਂ ਨੇ ਜੇਲ ਨੂੰ ਘੇਰਾ ਪਾਇਆ ਹੋਇਆ ਸੀ। ਤਾਂ ਸੁਕਰਾਤ ਨੇ ਜੇਲਰ ਵਲੋਂ ਲਿਆਂਦੇ ਜ਼ਹਿਰ ਦੇ ਪਿਆਲੇ ਨੂੰ ਫੜ ਕੇ ਸਾਰਾ ਇਕੋ ਡੀਕ ਨਾਲ ਪੀ ਗਿਆ ਤੇ ਕੋਲ ਖੜੇ ਸ਼ਗਿਰਦ ਨੂੰ ਗੱਲਾਂ ਕਰਦੇ ਨੂੰ ਵੇਖ ਕੇ ਜੇਲਰ ਨੇ ਉਸਨੂੰ ਕਿਹਾ ਕਿ ਸੁਕਰਾਤ ਨੂੰ ਕਹੋ, ਗੱਲਾਂ ਨਾ ਕਰੇ, ਜੋਸ਼ ਨਾਲ ਖੂਨ ਗਰਮ ਹੋ ਜਾਂਦਾ ਹੈ ਤੇ ਜ਼ਹਿਰ ਦਾ ਅਸਰ ਘਟ ਜਾਂਦਾ ਹੈ। ਇਸ ਲਈ ਦੋ ਤਿੰਨ ਵਾਰ ਜ਼ਹਿਰ ਦੇਣਾ ਪਵੇਗਾ। ਸੁਕਰਾਤ ਨੇ ਕਿਹਾ, ਜੇ ਇਕ ਵਾਰ ਜ਼ਹਿਰ ਪੀ ਲਿਆ ਤਾਂ ਦੋ ਤਿੰਨ ਵਾਰ ਪੀਣ ਵਿਚ ਕੀ ਫਰਕ ਪੈਂਦਾ ਹੈ। ਉਸ ਰਾਤ ਏਥਨਜ ਦੇ ਕਿਸੇ ਚੁੱਲੇ ਵਿਚ ਅੱਗ ਨਹੀਂ ਸੀ ਬਲੀ। ਨੌਜਵਾਨਾਂ ਨੇ ਲੱਭ ਲੱਭ ਕੇ ਕਈ ਜੱਜ ਮੌਤ ਦੇ ਘਾਟ ਉਤਾਰ ਦਿਤੇ। ਸਾਰੀ ਰਾਤ ਲੋਕ ਵਿਦਾਇਗੀ ਦੇ ਗੀਤ ਗਾਉਦੇ ਰਹੇ। ਸੁਕਰਾਤ ਮਰਿਆ ਨਹੀਂ ਸੀ, ਵਿਦਾ ਹੋਇਆ ਸੀ। ਸਭ ਤੋਂ ਵੱਡਾ ਅਲੋਚਕ ਤੇ ਪ੍ਰਸੰਸਕ ਸਮਾਂ ਹੁੰਦਾ ਹੈ। ਮਹਾਨ ਉਹ ਹੁੰਦਾ ਹੈ ਜੋ ਉਸਨੂੰ ਮਰਨ ਨਹੀਂ ਦਿੰਦਾ। ਸੁਕਰਾਤ, ਪ੍ਰਗਟਾਵੇ ਅਤੇ ਸੋਚਣ ਦੀ ਸੁੰਤਤਰਤਾ ਦਾ ਪਹਿਲਾਂ ਸ਼ਹੀਦ ਸੀ। ਅੱਜ ਵੀ ਉਹ ਮਾਨਵਤਾ ਦੇ ਚੇਤਿਆਂ ਵਿਚ ਘੁੰਮਦਾ ਵੇਖਿਆ ਜਾ ਸਕਦਾ ਹੈ