ਨਿਊ ਯਾਰਕ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੰਯੁਕਤ ਰਾਸ਼ਟਰ ਮਹਾਸਭਾ ‘ਚ ਆਪਣੇ ਸੰਬੋਧਨ ਵਿੱਚ ਕਸ਼ਮੀਰ ਦਾ ਰਾਗ ਅਲਾਪਿਆ। ਇਮਰਾਨ ਨੇ ਕਿਹਾ ਕਿ ਦੱਖਣੀ ਏਸ਼ੀਆ ਵਿੱਚ ਸਥਾਈ ਸ਼ਾਂਤੀ ਜੰਮੂ-ਕਸ਼ਮੀਰ ਵਿਵਾਦ ਦੇ ਹੱਲ ‘ਤੇ ਨਿਰਭਰ ਕਰਦੀ ਹੈ। ਇਮਰਾਨ ਦੇ ਇਸ ਪ੍ਰੋਪੇਗੈਂਡਾ ਦਾ ਭਾਰਤ ਦੀ ਇੱਕ ਜੂਨੀਅਰ ਅਧਿਕਾਰੀ ਨੇ ਠੋਕਵਾਂ ਅਤੇ ਢੁਕਵਾਂ ਜਵਾਬ ਦਿੱਤਾ ਹੈ।
ਭਾਰਤ ਦੀ ਡਿਪਲੋਮੈਟ ਸਨੇਹਾ ਦੁਬੇ ਨੇ ਸੰਯੁਕਤ ਰਾਸ਼ਟਰ ਵਿੱਚ ਜਿਸ ਤਿੱਖੇ ਅੰਦਾਜ਼ ਵਿੱਚ ਇਮਰਾਨ ‘ਤੇ ਜਵਾਬੀ ਹਮਲਾ ਕੀਤਾ, ਉਸਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ। ਸਨੇਹਾ ਲਈ ਸੋਸ਼ਲ ਮੀਡੀਆ ‘ਤੇ ਹੈਸ਼ਟੈਗ ਨਾਰੀ ਸ਼ਕਤੀ (#NariShakti) ਟ੍ਰੈਂਡ ਕਰ ਰਿਹਾ ਹੈ।
ਸੁਣੋ ਭਾਰਤ ਦੀ ਡਿਪਲੋਮੈਟ ਸਨੇਹਾ ਦੁਬੇ ਨੇ ਸੰਯੁਕਤ ਰਾਸ਼ਟਰ ਵਿੱਚ ਕਿਸ ਤਰ੍ਹਾਂ ਪਾਕਿਸਤਾਨ ਨੂੰ ਠੋਕਵਾਂ ਜਵਾਬ ਦਿੱਤਾ।
Watch: India exercises its right of reply at the #UNGA @AmbTSTirumurti @MEAIndia @harshvshringla pic.twitter.com/YGcs28fYYa
— India at UN, NY (@IndiaUNNewYork) September 25, 2021
ਸਨੇਹਾ ਦੁਬੇ ਨੇ ਕਿਹਾ, “ਸਮੁੱਚਾ ਜੰਮੂ-ਕਸ਼ਮੀਰ ਅਤੇ ਲੱਦਾਖ ਹਮੇਸ਼ਾ ਭਾਰਤ ਦਾ ਅਨਿੱਖੜਵਾਂ ਅੰਗ ਰਿਹਾ ਹੈ ਅਤੇ ਰਹੇਗਾ। ਇਨ੍ਹਾਂ ਵਿੱਚ ਪਾਕਿਸਤਾਨ ਦੇ ਕਬਜ਼ੇ ਵਾਲੇ ਹਿੱਸੇ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਪਾਕਿਸਤਾਨ ਵੱਲੋਂ ਤੁਰੰਤ ਛੱਡ ਦੇਣਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ ਜਾਣਦੇ ਹਨ ਕਿ ਪਾਕਿਸਤਾਨ ਦਾ ਇਤਿਹਾਸ ਅੱਤਵਾਦੀਆਂ ਨੂੰ ਉਤਸ਼ਾਹਤ ਕਰਨ ਅਤੇ ਉਨ੍ਹਾਂ ਦੀ ਮਦਦ ਕਰਨ ਦਾ ਰਿਹਾ ਹੈ, ਇਹ ਪਾਕਿਸਤਾਨ ਦੀ ਨੀਤੀ ਵਿੱਚ ਸ਼ਾਮਲ ਹੈ।”
ਸਨੇਹਾ ਨੇ ਪਾਕਿਸਤਾਨ ‘ਤੇ ਤੰਜ਼ ਕੱਸਦਿਆਂ ਕਿਹਾ,”ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਦੇ ਮੰਚ ਦੀ ਵਰਤੋਂ ਭਾਰਤ ਵਿਰੁੱਧ ਝੂਠ ਫੈਲਾਉਣ ਅਤੇ ਦੁਨੀਆ ਦਾ ਧਿਆਨ ਭਟਕਾਉਣ ਲਈ ਕੀਤੀ ਹੈ, ਜਦੋਂ ਕਿ ਅੱਤਵਾਦੀ ਪਾਕਿਸਤਾਨ ਵਿੱਚ ਖੁੱਲ੍ਹੇਆਮ ਘੁੰਮਦੇ ਹਨ। ਓਸਾਮਾ ਬਿਨ ਲਾਦੇਨ ਨੂੰ ਵੀ ਪਾਕਿਸਤਾਨ ਨੇ ਸ਼ਰਨ ਦਿੱਤੀ ਸੀ। ਅੱਜ ਵੀ ਪਾਕਿਸਤਾਨੀ ਸਰਕਾਰ ਬਿਨ ਲਾਦੇਨ ਨੂੰ ਸ਼ਹੀਦ ਕਹਿੰਦੀ ਹੈ।”
ਸਨੇਹਾ ਦੁਬੇ 2012 ਬੈਚ ਦੀ ਆਈਐਫਐਸ ਅਧਿਕਾਰੀ ਹੈ, ਵਰਤਮਾਨ ਵਿੱਚ ਉਹ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਫਰਸਟ ਸੈਕਰੇਟਰੀ ਹੈ। ਸਨੇਹਾ ਗੋਆ ਵਿੱਚ ਵੱਡੀ ਹੋਈ, ਆਪਣੀ ਸਕੂਲ ਦੀ ਪੜ੍ਹਾਈ ਗੋਆ ਵਿੱਚ ਹੀ ਕੀਤੀ। ਇਸ ਤੋਂ ਬਾਅਦ, ਉਨ੍ਹਾਂ ਆਪਣੀ ਉੱਚ ਸਿੱਖਿਆ ਪੁਣੇ ਦੇ ਫਰਗੂਸਨ ਕਾਲਜ ਤੋਂ ਅਤੇ ਫਿਰ ਜੇਐਨਯੂ ਦਿੱਲੀ ਤੋਂ ਐਮਫਿਲ ਕੀਤੀ। ਸਨੇਹਾ ਨੇ 2011 ਵਿੱਚ ਪਹਿਲੀ ਕੋਸ਼ਿਸ਼ ਵਿੱਚ ਸਿਵਲ ਸੇਵਾਵਾਂ ਦੀ ਪ੍ਰੀਖਿਆ ਪਾਸ ਕੀਤੀ। ਉਨ੍ਹਾਂ ਦੀ ਪਹਿਲੀ ਨਿਯੁਕਤੀ ਵਿਦੇਸ਼ ਮੰਤਰਾਲੇ ਵਿੱਚ ਹੋਈ ਸੀ। ਬਾਅਦ ਵਿੱਚ 2014 ਵਿੱਚ, ਉਨ੍ਹਾਂ ਨੂੰ ਮੈਡਰਿਡ ਵਿੱਚ ਭਾਰਤੀ ਦੂਤਾਵਾਸ ਵਿੱਚ ਭੇਜਿਆ ਗਿਆ ਸੀ।