ਨਿਊਜ਼ ਡੈਸਕ: ਡੇਰਾ ਸੱਚਾ ਸੌਦਾ ਦੀ ਗੱਦੀ ਹਨੀਪ੍ਰੀਤ ਇੰਸਾਂ ਨੂੰ ਸੌਂਪੇ ਜਾਣ ਦੀਆਂ ਚਰਚਾਵਾਂ ਸ਼ੂਰੂ ਹੋ ਗਈਆਂ ਹਨ। ਸ਼ਨਿਚਰਵਾਰ ਨੂੰ ਫਤਿਹਾਬਾਦ ’ਚ ਆਨਲਾਈਨ ਗੁਰੂਕੁਲ ਮੁਹਿੰਮ ਦੇ ਤਹਿਤ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਦੇ ਆਨਲਾਈਨ ਸਤਿਸੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ’ਚ ਡੇਰਾ ਸੱਚਾ ਸੌਦਾ ਮੈਨੇਜਮੈਂਟ ਵੱਲੋਂ ਇੰਟਰਨੈੱਟ ਮੀਡੀਆ ਨੂੰ ਲੈ ਕੇ ਲਾਏ ਗਏ ਬੋਰਡਾਂ ’ਤੇ ਗੁਰਮੀਤ ਦੇ ਨਾਲ-ਨਾਲ ਹੁਣ ਹਨੀਪ੍ਰੀਤ ਦੇ ਇੰਟਰਨੈੱਟ ਮੀਡੀਆ ਅਕਾਊਂਟਸ ਨੂੰ ਫਾਲੋ ਕਰਨ ਦਾ ਵੀ ਸੱਦਾ ਦਿੱਤਾ ਗਿਆ ਹੈ। ਰਾਮ ਰਹੀਮ ਦੇ ਇਸ ਆਨਲਾਈਨ ਗੁਰੂਕੁਲ ਕਰਵਾਉਣ ਦੀ ਪੂਰੀ ਪਲਾਨਿੰਗ ਹਨੀਪ੍ਰੀਤ ਦੀ ਹੈ। ਇਸ ਦਾ ਖੁਲਾਸਾ ਖੁਦ ਡੇਰੇ ਦੇ ਜ਼ਿੰਮੇਵਾਰਾਂ ਨੇ ਰਾਮ ਰਹੀਮ ਦੇ ਸਾਹਮਣੇ ਖੜ੍ਹੇ ਹੋ ਕੇ ਪ੍ਰੇਮੀਆਂ ਦੇ ਸਾਹਮਣੇ ਕਰਨਾ ਸ਼ੁਰੂ ਕਰ ਦਿੱਤਾ ਹੈ, ਤਾਂਕਿ ਪ੍ਰੇਮੀ ਭਵਿੱਖ ਵਿੱਚ ਹਨੀਪ੍ਰੀਤ ਦੇ ਵਾਰਿਸ ਨੂੰ ਹੌਲੀ-ਹੌਲੀ ਸਵੀਕਾਰ ਕਰ ਸਕਣ, ਜਿਸ ਦੇ ਲਈ ਪ੍ਰੇਮੀਆਂ ਦਾ ਭਰੋਸਾ ਜਿੱਤਣਾ ਜ਼ਰੂਰੀ ਹੈ।
ਇਹ ਪਹਿਲੀ ਵਾਰੀ ਹੈ ਜਦੋਂ ਡੇਰਾ ਸੱਚਾ ਸੌਦਾ ਮੈਨੇਜਮੈਂਟ ਵੱਲੋਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਦੇ ਇਲਾਵਾ ਕਿਸੇ ਹੋਰ ਇੰਟਰਨੈੱਟ ਮੀਡੀਆ ਅਕਾਊਂਟਸ ਦਾ ਵੀ ਪ੍ਰਚਾਰ ਕੀਤਾ ਹੈ। ਹਨੀਪ੍ਰੀਤ ਨੂੰ ਡੇਰੇ ਦੀ ਗੱਦੀ ਸੌਂਪੇ ਜਾਣ ਦੀਆਂ ਚਰਚਾਵਾਂ ਉਸ ਸਮੇਂ ਸ਼ੁਰੂ ਹੋਈਆਂ ਸਨ ਜਦੋਂ ਗੁਰਮੀਤ ਸਿੰਘ ਦੇ ਪਰਿਵਾਰਕ ਆਈਡੀ ’ਚ ਬਾਕੀ ਪਰਿਵਾਰਕ ਮੈਂਬਰਾਂ ਦੇ ਨਾਂ ਕੱਟ ਕੇ ਮੁੱਖ ਪੈਰੋਕਾਰ ਦੇ ਤੌਰ ’ਤੇ ਸਿਰਫ਼ ਹਨੀਪ੍ਰੀਤ ਨੂੰ ਹੀ ਥਾਂ ਦਿੱਤੀ ਗਈ ਸੀ। ਦੱਸ ਦੇਈਏ 22 ਫਰਵਰੀ 2022 ਦੇ ਟਰੱਸਟ ਡੀਡ ਵਿੱਚ ਕੀਤੀ ਗਈ ਸੋਧ ਵਿੱਚ ਹਨੀਪ੍ਰੀਤ ਹੁਣ ਡੇਰਾ ਪ੍ਰਬੰਧਕ ਕਮੇਟੀ ਦੇ ਟਰੱਸਟੀ ਬੋਰਡ ਦੀ ਚੇਅਰਪਰਸਨ ਅਤੇ ਟਰੱਸਟ ਦੀ ਉਪ ਪੈਟਰਨ ਵੀ ਬਣ ਗਈ ਹੈ। ਰਾਮ ਰਹੀਮ ਨੇ ਆਪਣੇ ਪਰਿਵਾਰਕ ਪਛਾਣ ਪੱਤਰ ਵਿੱਚ ਹਨੀਪ੍ਰੀਤ ਨੂੰ ਆਪਣੀ ਮੁੱਖ ਚੇਲੀ ਦੱਸਿਆ ਹੈ। ਪਰਿਵਾਰਕ ਸ਼ਨਾਖਤੀ ਕਾਰਡ ਵਿੱਚ ਪਰਿਵਾਰ ਦੇ ਕਿਸੇ ਮੈਂਬਰ ਦਾ ਨਾਮ ਨਹੀਂ ਹੈ।ਹਨੀਪ੍ਰੀਤ ਮੂਲ ਰੂਪ ਨਾਲ ਫਤਿਹਾਬਾਦ ਦੀ ਰਹਿਣ ਵਾਲੀ ਹੈ ਤੇ ਉਨ੍ਹਾਂ ਦਾ ਪੁਰਾਣਾ ਨਾਂ ਪ੍ਰਿਅੰਕਾ ਤਨੇਜਾ ਹੈ।