ਅੰਮ੍ਰਿਤਸਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਮੁਤਾਬਕ ਅੱਜ ਅੰਮ੍ਰਿਤਸਰ ਦੇ ਮਾਲ ਰੋਡ ਸਕੂਲ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਗਏ। ਇਸ ਮੌਕੇ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਮੋਬਾਈਲ ਫੋਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਮੋਬਾਇਲ ਫੋਨ ਵੰਡਣ ‘ਚ ਦੇਰੀ ਹੋਈ ਹੈ ਪਰ ਹੁਣ ਆਨਲਾਈਨ ਪੜ੍ਹਾਈ ‘ਚ ਬੱਚਿਆ ਨੂੰ ਇਨ੍ਹਾਂ ਨਾਲ ਕਾਫ਼ੀ ਸਹਿਯੋਗ ਮਿਲੇਗਾ।
ਉਨਾਂ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ‘ਚ 12ਵੀਂ ਜਮਾਤ ‘ਚ ਪੜ੍ਹਦੇ ਸਾਰੇ ਬੱਚੇ, ਜਿੰਨਾ ਦੀ ਗਿਣਤੀ 13741 ਹੈ, ਨੂੰ ਮੋਬਾਈਲ ਫੋਨ ਦਿੱਤੇ ਜਾਣਗੇ। ਉਨਾਂ ਅੱਗੇ ਕਿਹਾ ਕਿ ਇਸ ਵਿਚ 7096 ਲੜਕੇ ਅਤੇ 6645 ਲੜਕੀਆਂ ਸ਼ਾਮਲ ਹਨ। ਉਨਾਂ ਕਿਹਾ ਕਿ ਇਹ ਮੋਬਾਈਲ ਫੋਨ ਸਾਰੇ ਸਕੂਲਾਂ ਵਿਚ ਵੰਡੇ ਜਾਣਗੇ, ਤਾਂ ਜੋ ਬੱਚੇ ਕੋਰੋਨਾ ਮਹਾਮਾਰੀ ਕਾਰਨ ਸਕੂਲਾਂ ਵੱਲੋਂ ਕਰਵਾਈ ਜਾ ਰਹੀ ਆਨ-ਲਾਇਨ ਪੜ੍ਹਾਈ ਦਾ ਫਾਇਦਾ ਉਠਾ ਸਕਣ। ਸੋਨੀ ਨੇ ਦੱਸਿਆ ਕਿ ਪੰਜਾਬ ਭਰ ਵਿਚ 1 ਲੱਖ 73 ਹਜ਼ਾਰ 823 ਸਮਾਰਟ ਫੋਨ ਦਿੱਤੇ ਜਾ ਰਹੇ ਹਨ, ਜਿੰਨਾ ‘ਤੇ ਪੰਜਾਬ ਸਰਕਾਰ ਕਰੀਬ 92 ਕਰੋੜ ਰੁਪਏ ਖਰਚ ਕਰ ਰਹੀ ਹੈ।
ਜ਼ਿਲ੍ਹਾ ਸਿੱਖਿਆ ਅਧਿਕਾਰੀ ਸਤਿੰਦਰਬੀਰ ਸਿੰਘ ਨੇ ਬੱਚਿਆਂ ਦੀ ਸਹੂਲਤ ਲਈ ਕੀਤੀ ਇਸ ਪਹਿਲ ‘ਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਮਜੀਠਾ ਸਕੂਲ ਦੇ 15 ਬੱਚਿਆਂ, ਜਿੰਨਾ ਵਿਚ 9 ਲੜਕੀਆਂ ਤੇ 6 ਲੜਕੇ ਸ਼ਾਮਲ ਹਨ ਨੂੰ ਮੋਬਾਈਲ ਫੋਨ ਵੰਡ ਗਏ। ਇਸ ਮੌਕੇ ਕੈਬਨਿਟ ਮੰਤ਼ਰੀਰਾਜ ਕੁਮਾਰ ਵੇਰਕਾ, ਇੰਦਰਬੀਰ ਸਿੰਘ ਬੁਲਾਰੀਆ, ਮੇਅਰ ਸ. ਕਰਮਜੀਤ ਸਿੰਘ ਰਿੰਟੂ ਅਤੇ ਹੋਰ ਮੋਹਤਬਰ ਹਾਜ਼ਰ ਸਨ।