ਪੰਜਾਬ ਵਿੱਚ ਖੋਲ੍ਹੇ ਜਾਣਗੇ 16 ਹਜ਼ਾਰ ਮੁਹੱਲਾ ਕਲੀਨਿਕ, ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਨੇ ਕੀਤਾ ਐਲਾਨ

TeamGlobalPunjab
3 Min Read

ਪਟਿਆਲਾ- ਡੈਂਟਲ ਕਾਲਜ ਵਿਖੇ ਆਏ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਪੰਜਾਬ ਵਿੱਚ 16 ਹਜ਼ਾਰ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ ਅਤੇ ਸੂਬੇ ਦੇ ਹਰ ਵਿਅਕਤੀ ਲਈ ਇੱਕ ਹੈਲਥ ਕਾਰਡ ਬਣਾਇਆ ਜਾਵੇਗਾ। ਇਸ ਕਾਰਡ ਰਾਹੀਂ ਲੋਕ ਸਰਕਾਰੀ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਲੈ ਸਕਣਗੇ। ਕੇਂਦਰ ਸਰਕਾਰ ਦਾ ਆਯੁਸ਼ਮਾਨ ਕਾਰਡ ਵੀ ਪਹਿਲਾਂ ਵਾਂਗ ਕੰਮ ਕਰਦਾ ਰਹੇਗਾ। ਉਹ ਪਟਿਆਲਾ ਦੇ ਡੈਂਟਲ ਕਾਲਜ ਵਿੱਚ ਪੜ੍ਹਾਈ ਕਰ ਚੁੱਕੇ ਅਤੇ ਖੇਡਾਂ ਸਮੇਤ ਹੋਰ ਗਤੀਵਿਧੀਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਾਲਾਨਾ ਸਮਾਗਮ ਵਿੱਚ ਇਨਾਮ ਅਤੇ ਸਰਟੀਫਿਕੇਟ ਵੰਡਣ ਆਏ ਸਨ।

ਸਿਹਤ ਮੰਤਰੀ ਇਸ ਕਾਲਜ ਤੋਂ 1988 ਬੈਚ ਵਿੱਚ ਦੰਦਾਂ ਦੀ ਸਰਜਰੀ ਦੀ ਪੜ੍ਹਾਈ ਕਰਕੇ ਗਏ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਗਲਾ ਨੇ ਕਿਹਾ ਕਿ ਸੂਬੇ ਦੇ ਹਸਪਤਾਲਾਂ ਵਿੱਚ ਡਾਕਟਰਾਂ, ਪੈਰਾ ਮੈਡੀਕਲ ਦੇ ਨਾਲ-ਨਾਲ ਹੋਰ ਸਟਾਫ਼ ਦੀ ਘਾਟ ਹੈ, ਜਿਸ ਨੂੰ ਦੂਰ ਕਰਨ ਲਈ ਉਨ੍ਹਾਂ ਦੇ ਵਿਭਾਗ ਨੇ ਹੀ ਨਹੀਂ ਸਗੋਂ ਸਰਕਾਰ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹੇ ਦੇ ਪੇਂਡੂ ਖੇਤਰਾਂ ਦੇ ਕਈ ਹਸਪਤਾਲਾਂ ਦੀ ਮਾੜੀ ਹਾਲਤ ਅਤੇ ਸਟਾਫ਼ ਦੀ ਘਾਟ ਬਾਰੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰੇਗੀ।

ਸਰਕਾਰੀ ਹਸਪਤਾਲਾਂ ‘ਚ ਦਵਾਈਆਂ ਨਾ ਮਿਲਣ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ‘ਤੇ ਕੋਈ ਕੰਮ ਨਹੀਂ ਕੀਤਾ ਅਤੇ ਇਸੇ ਕਰਕੇ ਪੰਜਾਬ ਦੇ ਤਿੰਨ ਕਰੋੜ ਲੋਕਾਂ ਨੇ ਉਨ੍ਹਾਂ ਨੂੰ ਨਕਾਰ ਕੇ ਆਮ ਆਦਮੀ ਪਾਰਟੀ ਦਾ ਸਾਥ ਦੇ ਕੇ ਪੰਜਾਬ ‘ਚ ਸਰਕਾਰ ਬਣਾਈ ਹੈ। ਇਸ ਲਈ ਆਉਣ ਵਾਲੇ ਸਮੇਂ ਵਿੱਚ ਛੇ ਮਹੀਨਿਆਂ ਵਿੱਚ ਹਰ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਯੂਕਰੇਨ ਦੀ ਪੜ੍ਹਾਈ ਅਧੂਰੀ ਛੱਡ ਚੁੱਕੇ ਵਿਦਿਆਰਥੀਆਂ ਸਮੇਤ ਉਨ੍ਹਾਂ ਦੇ ਮਾਪਿਆਂ ਨੇ ਡਾ. ਵਿਜੇ ਸਿੰਗਲਾ ਨਾਲ ਮੁਲਾਕਾਤ ਕੀਤੀ ਅਤੇ ਆਪਣੀਆਂ ਸਮੱਸਿਆਵਾਂ ਦੱਸੀਆਂ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਨੂੰ ਪੜ੍ਹਾਈ ਪੂਰੀ ਕਰਨ ਲਈ ਕਿਸੇ ਵੀ ਕਾਲਜ ਵਿੱਚ ਆਰਜ਼ੀ ਤੌਰ ’ਤੇ ਦਾਖ਼ਲਾ ਦਿੱਤਾ ਜਾਵੇ। ਜਦੋਂ ਤੱਕ ਦਾਖਲਾ ਪ੍ਰਕਿਰਿਆ ਪੂਰੀ ਨਹੀਂ ਹੁੰਦੀ, ਉਨ੍ਹਾਂ ਦੀਆਂ ਆਨਲਾਈਨ ਕਲਾਸਾਂ ਸ਼ੁਰੂ ਕੀਤੀਆਂ ਜਾਣ।

ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਇਸ ਸਬੰਧੀ ਕੇਂਦਰ ਸਰਕਾਰ ‘ਤੇ ਦਬਾਅ ਬਣਾ ਕੇ ਉਨ੍ਹਾਂ ਦੀ ਪੜ੍ਹਾਈ ਮੁਕੰਮਲ ਕਰਵਾਉਣ ਲਈ ਕੰਮ ਕਰਵਾਏ। ਇਸ ‘ਤੇ ਸਿਹਤ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਇਹ ਰਾਜ ਸਰਕਾਰ ਦੇ ਹੱਥ ‘ਚ ਨਹੀਂ ਹੈ, ਉਹ ਇਸ ਮਾਮਲੇ ‘ਤੇ ਹਾਈਕਮਾਂਡ ਨਾਲ ਗੱਲ ਕਰਕੇ ਕੋਈ ਢੁੱਕਵਾਂ ਹੱਲ ਕੱਢਣਗੇ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment