ਕਰਾਚੀ ‘ਚ ਰੇਂਜਰ ਹੈੱਡਕੁਆਰਟਰ ‘ਤੇ ਭਿਆਨਕ ਆਤਮਘਾਤੀ ਹਮਲਾ, ਹਮਲਾਵਰਾਂ ਸਣੇ 4 ਜਵਾਨਾਂ ਦੀ ਮੌਤ

Global Team
2 Min Read

ਕਰਾਚੀ: ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਸਥਿਤ ਅਰਧਸੈਨਿਕ ਬਲ ਬਾਰਡਰ ਰੇਂਜਰ ਦੇ ਮੁੱਖ ਦਫ਼ਤਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਤਮਘਾਤੀ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਸੁਰੱਖਿਆ ਬਲਾਂ ਅਤੇ ਹਮਲਾਵਰਾਂ ਵਿਚਾਲੇ ਲੰਬੇ ਸਮੇਂ ਤੱਕ ਮੁਕਾਬਲਾ ਚੱਲਿਆ। ਇਸ ਦੌਰਾਨ 6 ਹਮਲਾਵਰ ਮਾਰੇ ਗਏ, ਜਦਕਿ ਸੁਰੱਖਿਆ ਬਲਾਂ ਦੇ 4 ਜਵਾਨਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋਏ।

ਧਮਾਕੇ ਤੋਂ ਬਾਅਦ ਹੋਈ ਗੋਲੀਬਾਰੀ

ਜਾਣਕਾਰੀ ਅਨੁਸਾਰ ਵਿਸਫੋਟਕਾਂ ਨਾਲ ਭਰੀ ਇੱਕ ਗੱਡੀ ਰੇਂਜਰ ਮੁੱਖ ਦਫ਼ਤਰ ਦੀ ਇਮਾਰਤ ਨਾਲ ਟਕਰਾ ਗਈ। ਇਸ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਇਆ ਅਤੇ ਫਿਰ ਗੋਲੀਬਾਰੀ ਸ਼ੁਰੂ ਹੋ ਗਈ। ਦੋਵਾਂ ਪਾਸਿਆਂ ਵੱਲੋਂ ਕਾਫ਼ੀ ਦੇਰ ਤੱਕ ਫਾਇਰਿੰਗ ਜਾਰੀ ਰਹੀ, ਜਿਸ ਤੋਂ ਬਾਅਦ ਹਾਲਾਤਾਂ ‘ਤੇ ਕਾਬੂ ਪਾਇਆ ਗਿਆ।

ਹਮਲੇ ਦੀ ਜ਼ਿੰਮੇਵਾਰੀ ਕਿਸ ਨੇ ਲਈ

ਰਿਪੋਰਟਾਂ ਮੁਤਾਬਕ ਹਮਲੇ ਵਿੱਚ ਸ਼ਾਮਲ ਸਾਰੇ 6 ਹਮਲਾਵਰ ਵੀ ਮਾਰੇ ਗਏ। ਜਿਸ ਥਾਂ ਇਹ ਘਟਨਾ ਹੋਈ, ਉਸਦੇ ਨੇੜੇ ਕਈ ਯੂਨੀਵਰਸਿਟੀਆਂ ਅਤੇ ਮੌਸਮ ਵਿਭਾਗ ਦਾ ਦਫ਼ਤਰ ਵੀ ਮੌਜੂਦ ਹੈ। ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਆਮ ਆਵਾਜਾਈ ਨੂੰ ਰੋਕ ਦਿੱਤਾ।

ਹਮਲੇ ਦੀ ਜ਼ਿੰਮੇਵਾਰੀ ਤਹਰੀਕ-ਏ-ਤਾਲਿਬਾਨ ਪਾਕਿਸਤਾਨ ਨਾਲ ਜੁੜੇ ਇੱਕ ਕੱਟੜਪੰਥੀ ਗਰੁੱਪ ਜਮਾਤ-ਉਲ-ਅਹਰਾਰ ਨੇ ਲਈ ਹੈ। ਗਰੁੱਪ ਨੇ ਦਾਅਵਾ ਕੀਤਾ ਕਿ ਇਹ ਹਮਲਾ ‘ਖੁਲਫਾ-ਏ-ਰਾਸ਼ਿਦੀਨ ਇਸਤਿਸ਼ਹਾਦੀ ਬ੍ਰਿਗੇਡ’ ਨਾਂ ਦੇ ਆਤਮਘਾਤੀ ਦਸਤੇ ਵੱਲੋਂ ਕੀਤਾ ਗਿਆ।

ਸਿੰਧ ਸਰਕਾਰ ਨੇ ਮੰਗੀ ਰਿਪੋਰਟ

ਸਿੰਧ ਦੇ ਮੁੱਖ ਮੰਤਰੀ ਨੇ ਧਮਾਕੇ ਅਤੇ ਗੋਲੀਬਾਰੀ ਦੀਆਂ ਖ਼ਬਰਾਂ ਦਾ ਨੋਟਿਸ ਲੈਂਦਿਆਂ ਇਸ ਮਾਮਲੇ ਦੀ ਵਿਸਥਾਰਤ ਰਿਪੋਰਟ ਮੰਗੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੇ, ਘਟਨਾ ਦੀ ਪੂਰੀ ਜਾਂਚ ਕਰੇ ਅਤੇ ਲੋੜੀਂਦੇ ਕਦਮ ਚੁੱਕੇ।

ਹਾਲੀਆ ਸਾਲਾਂ ਵਿੱਚ ਪਾਕਿਸਤਾਨ ਵਿੱਚ ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਕੇ ਕੀਤੇ ਜਾਣ ਵਾਲੇ ਕੱਟੜਪੰਥੀ ਹਮਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ ਅਤੇ ਅਧਿਕਾਰੀ ਇਸ ਲਈ ਮੁੱਖ ਤੌਰ ‘ਤੇ ਟੀਟੀਪੀ ਅਤੇ ਉਸ ਨਾਲ ਜੁੜੇ ਗਰੁੱਪਾਂ ਨੂੰ ਜ਼ਿੰਮੇਵਾਰ ਮੰਨਦੇ ਹਨ।

Share This Article
Leave a Comment