ਸਿੱਖਿਆ ਮੰਤਰੀ ਨੇ ਕਿਸਾਨਾਂ ਦੇ ਹੱਕ ਵਿਚ ਕੀਤੀ ਭੁੱਖ ਹੜਤਾਲ, ਕੇਂਦਰ ਨੂੰ ਨਵੇਂ ਖੇਤੀ ਕਾਨੂੰਨ ਵਾਪਸ ਲੈਣ ਦੀ ਅਪੀਲ

TeamGlobalPunjab
3 Min Read

ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅਤੇ ਕਿਸਾਨਾਂ ਦੇ ਹੱਕ ਵਿਚ ਸੰਗਰੂਰ ਵਿਖੇ ਇੱਕ ਰੋਜਾ ਭੁੱਖ ਹੜਤਾਲ ਕੀਤੀ। ਇਸ ਭੁੱਖ ਹੜਤਾਲ ਵਿਚ ਇਲਾਕੇ ਦੇ 200 ਤੋਂ ਵੱਧ ਆੜਤੀਆਂ ਨੇ ਵੀ ਸਿੱਖਿਆ ਮੰਤਰੀ ਦਾ ਸਾਥ ਦਿੱਤਾ ਅਤੇ ਕਿਸਾਨਾਂ ਵੱਲੋਂ ਦੇਸ਼ ਭਰ ਵਿਚ ਦਿੱਤੇ ਜਾ ਰਹੇ ਧਰਨਿਆਂ ਦੀ ਹਿਮਾਇਤ ਕੀਤੀ।

ਭੁੱਖ ਹੜਤਾਲ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਿੰਗਲਾ ਨੇ ਕਿਹਾ ਕਿ ਕਿਸਾਨਾਂ ਦੁਆਰਾ ਸ਼ੁਰੂ ਕੀਤਾ ਗਿਆ ਇਹ ਸੰਘਰਸ਼ ਹੁਣ ਸੱਚੀ ਲੋਕ ਲਹਿਰ ਬਣ ਗਿਆ ਹੈੇ ਅਤੇ ਹਰ ਪੰਜਾਬੀ ਹੁਣ ਜ਼ਾਤ ਧਰਮ ਅਤੇ ਕਿੱਤੇ ਨੂੰ ਪਿੱਛੇ ਛੱਡ ਕੇ ਇਸ ਮੁਹਿੰਮ ਵਿਚ ਆਪਣਾ ਹਿੱਸਾ ਪਾ ਰਿਹਾ ਹੈ। ਪੰਜਾਬ ਵਿਚ ਆੜਤੀਏ ਅਤੇ ਕਿਸਾਨ ਦਾ ਨੌਂਹ-ਮਾਸ ਦਾ ਰਿਸ਼ਤਾ ਹੈ ਜੋ ਪਿਛਲੇ ਸੌ ਸਾਲਾਂ ਤੋਂ ਚਲਦਾ ਆ ਰਿਹਾ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਇਸ ਭੁੱਖ ਹੜਤਾਲ ਰਾਹੀਂ ਅਸੀਂ ਕਿਸਾਨ ਯੂਨੀਅਨਾਂ ਵੱਲੋਂ ਕੀਤੀਆਂ ਜਾ ਰਹੀਆਂ ਮੰਗਾਂ ਦਾ ਸਮਰਥਨ ਕਰਦੇ ਹਾਂ।

ਸਿੱਖਿਆ ਮੰਤਰੀ ਸਿੰਗਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਛੇਤੀ ਹੀ ਸੰਸਦ ਦਾ ਸਰਦ ਰੁੱਤ ਦਾ ਇਜਲਾਸ ਬੁਲਾ ਕੇ ਇਹ ਕਾਲੇ ਕਾਨੂਨ ਵਾਪਸ ਲਵੇ। ਉਹਨਾਂ ਜ਼ੋਰ ਦਿੰਦਿਆਂ ਕਿਹਾ ਕਿ ਇਹ ਕਾਲੇ ਕਾਨੰੂਨ ਭਾਰਤੀ ਜਮਹੂਰੀਅਤ ਦੇ ਸੰਘੀ ਢਾਂਚੇ ਤੇ ਹਮਲਾ ਹਨ। ਸਿੱਖਿਆ ਮੰਤਰੀ ਨੇ ਸਾਫ ਕਿਹਾ ਕਿ ਕੇਂਦਰ ਸਰਕਾਰ ਆਪਣੇ ਚਹੇਤਿਆਂ ਨੂੰ ਲਾਭ ਦੇਣ ਪਿੱਛੇ ਉਹਨਾਂ ਵਿਸ਼ਿਆਂ ਤੇ ਕਾਨੂਨ ਬਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਉਸ ਦੇ ਅਖਤਿਆਰ ਵਿਚ ਹੀ ਨਹੀਂ ਹਨ। ਉਹਨਾਂ ਕਿਹਾ ਕਿ ਭਾਵੇਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਤਿੰਨੇ ਕਾਨੂੰਨਾਂ ਨੂੰ ਨਕਾਰ ਦਿੱਤਾ ਹੈ ਪਰ ਕੇਂਦਰ ਨੂੰ ਵੀ ਇਹ ਕਾਨੂੰਨ ਵਾਪਸ ਲੈ ਕੇ ਆਪਣੇ ਪਾਪ ਧੋ ਲੈਣੇ ਚਾਹੀਦੇ ਹਨ।

ਸਿੱਖਿਆ ਮੰਤਰੀ ਨੇ ਆਮਦਨ ਕਰ ਵਿਭਾਗ ਵੱਲੋਂ ਪੰਜਾਬ ਭਰ ਵਿਚ ਆੜਤੀਆਂ ਉੱਤੇ ਕੀਤੇ ਜਾ ਰਹੇ ਛਾਪਿਆਂ ਦੀ ਵੀ ਪੁਰਜ਼ੋਰ ਨਿੰਦਾ ਕੀਤੀ। ਉਨਾਂ ਕਿਹਾ ਕਿ ਮੋਦੀ ਸਰਕਾਰ ਇਹਨਾਂ ਛਾਪਿਆਂ ਰਾਹੀਂ ਸੂਬੇ ਦੇ ਆੜਤੀਆਂ ਨੂੰ ਡਰਾਉਣਾ ਚਾਹੁੰਦੀ ਹੈ ਜੋ ਇਸ ਸੰਘਰਸ਼ ਵਿਚ ਆਪਣੇ ਕਿਸਾਨ ਭਰਾਵਾਂ ਦਾ ਸਾਥ ਦੇ ਰਹੇ ਹਨ । ਉਹਨਾਂ ਕਿਹਾ ਕਿ ਭਾਜਪਾ ਆਪਣੀ ਵੰਡਵਾਦੀ ਵਿਚਾਰਧਾਰਾ ਰਾਹੀਂ ਇਸ ਸੰਘਰਸ਼ ਨੂੰ ਜਾਤੀ, ਧਰਮ ਦੇ ਅਧਾਰ ਤੇ ਵੰਡਣ ਦੀ ਕੋਸ਼ਿਸ਼ ਕਰਦੀ ਰਹੀ ਜਿਸ ਵਿਚ ਉਹ ਬੁਰੀ ਤਰਾਂ ਫੇਲ ਹੋ ਚੁੱਕੀ ਹੈ। ਸਿੰਗਲਾ ਨੇ ਕਿਹਾ ਕਿ ਭਾਜਪਾ ਦੀਆਂ ਕੋਝੀਆਂ ਚਾਲਾਂ ਹੋਰਨਾਂ ਸੂਬਿਆਂ ਵਿੱਚ ਤਾਂ ਕਾਮਯਾਬ ਹੋ ਸਕਦੀਆਂ ਹਨ ਪਰ ਪੰਜਾਬੀ ਹਿੰਦੂ ਉਹਨਾਂ ਦੇ ਬਹਿਕਾਵੇ ਵਿਚ ਨਹੀਂ ਆਉਣਗੇ ਅਤੇ ਸੂਬੇ ਦੇ ਹਰ ਫਿਰਕੇ ਦੇ ਲੋਕ ਡੱਟ ਕੇ ਇਹਨਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।

ਉਹਨਾਂ ਕਿਹਾ ਕਿ ਆਮਦਨ ਕਰ ਵਿਭਾਗ ਵੱਲੋਂ ਆੜਤੀਆਂ ਉੱਤੇ ਪਾਏ ਜਾ ਰਹੇ ਇਹ ਛਾਪੇ ਭਾਜਪਾਅਤੇ ਕੇਂਦਰ ਸਰਕਾਰ ਦੀ ਬੌਖਲਾਹਟ ਦਾ ਨਤੀਜਾ ਸਨ। ਸਿੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਵੀ ਫ਼ਖ਼ਰ ਹੈ ਕਿ ਇਸ ਸੰਘਰਸ਼ ਵਿਚ ਪੰਜਾਬੀ ਕਿਸਾਨ ਦੇਸ਼ ਭਰ ਦੇ ਕਿਸਾਨਾਂ ਦੀ ਅਗਵਾਈ ਕਰ ਰਹੇ ਹਨ।

Share This Article
Leave a Comment