ਨਿਹੰਗਾਂ ਦੀ ਮਹਾਪੰਚਾਇਤ, 80 ਫੀਸਦੀ ਲੋਕਾਂ ਨੇ ਨਿਹੰਗਾਂ ਨੂੰ ਡਟੇ ਰਹਿਣ ਲਈ ਕਿਹਾ

TeamGlobalPunjab
2 Min Read

ਸੋਨੀਪਤ : ਕੁੰਡਲੀ ਬਾਰਡਰ ’ਤੇ ਨਿਹੰਗਾਂ ਦੀ ਮਹਾਪੰਚਾਇਤ ’ਚ ਸਰਬ ਸੰਮਤੀ ਨਾਲ ਬਾਰਡਰ ’ਤੇ ਬੈਠੇ ਰਹਿਣ ਦਾ ਫੈਸਲਾ ਕੀਤਾ ਗਿਆ। 15 ਅਕਤੂਬਰ ਨੂੰ ਸਿੰਘੂ ਬਾਰਡਰ ‘ਤੇ ਇਕ ਨੌਜਵਾਨ ਦੀ ਹੋਈ ਹੱਤਿਆ ਦੇ ਮਾਮਲੇ ਪਿਛੋਂ ਨਿਸ਼ਾਨੇ ‘ਤੇ ਆਏ ਨਿਹੰਗ ਸਿੰਘਾਂ ਨੇ ਉਥੋਂ ਵਾਪਸ ਜਾਣ ਜਾਂ ਨਾ ਜਾਣ ਦੇ ਫੈਸਲੇ ਤੋਂ ਪਹਿਲਾਂ ਰਾਏਸ਼ੁਮਾਰੀ ਕਰਵਾਈ ਹੈ।ਕਰੀਬ ਪੰਜ ਘੰਟੇ ਤਕ ਚੱਲੀ ਮਹਾਪੰਚਾਇਤ ’ਚ ਨਿਹੰਗਾਂ ਦੇ ਦੇਸ਼-ਵਿਦੇਸ਼ ਦੇ ਜਥੇਦਾਰਾਂ ਨੇ ਆਨਲਾਈਨ ਤੇ ਆਫਲਾਈਨ ਹਿੱਸਾ ਲਿਆ ਤੇ ਆਪਸ ’ਚ ਜਨਮਤ ਸੰਗ੍ਰਹਿ ਕਰਾਇਆ।  ਨਿਹੰਗ ਸਿੰਘਾਂ ਅਤੇ ਉਨ੍ਹਾਂ ਦੇ ਹਮਾਇਤੀ ਸੰਗਠਨਾਂ ਨੇ ਦਾਅਵਾ ਕੀਤਾ ਹੈ ਕਿ 80 ਫੀਸਦੀ ਲੋਕਾਂ ਨੇ ਰਾਏਸ਼ੁਮਾਰੀ ‘ਚ ਉਨ੍ਹਾਂ ਨੂੰ ਬਾਰਡਰ ‘ਤੇ ਟਿਕੇ ਰਹਿਣ ਦੀ ਸਲਾਹ ਦਿੱਤੀ ਹੈ। ਹੁਣ ਉਹ ਉਥੋਂ ਨਹੀਂ ਜਾਣਗੇ।

ਮਹਾਪੰਚਾਇਤ ’ਚ ਜਨਮਤ ਸੰਗ੍ਰਹਿ ਤੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਨਿਹੰਗ ਪ੍ਰਦਰਸ਼ਨ ਤੋਂ ਵਾਪਸ ਨਹੀਂ ਜਾਣਗੇ। ਉਹ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਸੱਦੇ ’ਤੇ ਨਹੀਂ ਆਏ ਤੇ ਨਾ ਹੀ ਉਨ੍ਹਾਂ ਦੇ ਕਹਿਣ ’ਤੇ ਵਾਪਸ ਜਾਣਗੇ। ਨਿਹੰਗਾਂ ਨੇ 26 ਜਨਵਰੀ ਨੂੰ ਪ੍ਰਦਰਸ਼ਨਕਾਰੀਆਂ ਨੂੰ ਬਚਾਇਆ ਸੀ, ਨਹੀਂ ਤਾਂ ਉਸੇ ਦਿਨ ਪ੍ਰਦਰਸ਼ਨ ਖਤਮ ਹੋ ਜਾਂਦਾ। ਪ੍ਰਦਰਸ਼ਨ ’ਚ ਸਰਗਰਮ ਆਗੂ ਪਲਵਿੰਦਰ ਸਿੰਘ ਤਲਵਾੜਾ ਨੇ ਮੰਚ ਤੋਂ ਕਿਹਾ ਕਿ ਪੂਰੇ ਪੰਜਾਬ ਤੇ ਵਿਦੇਸ਼ ਦੀਆਂ ਸੰਗਤਾਂ ਨੇ ਸਲਾਹ ਦਿੱਤੀ ਹੈ ਕਿ ਨਿਹੰਗਾਂ ਨੂੰ ਵਾਪਸ ਨਹੀਂ ਜਾਣਾ ਚਾਹੀਦਾ। ਇੱਥੋਂ ਕੋਈ ਆਰਡਰ ਕਰ ਕੇ ਉਨ੍ਹਾਂ ਨੂੰ ਨਹੀਂ ਕੱਢ ਸਕਦਾ। ਇਕ ਸੱਦੇ ’ਤੇ ਪੂਰਾ ਪੰਜਾਬ ਇੱਥੇ ਹਾਜ਼ਰ ਹੋ ਸਕਦਾ ਹੈ। ਕੋਈ ਵੀ ਜਥੇਬੰਦੀ ਵਾਪਸ ਨਹੀਂ ਜਾਵੇਗੀ।

Share this Article
Leave a comment