ਚੰਡੀਗੜ੍ਹ: ਸਿੰਘ ਸਾਹਿਬਾਨਾਂ ਵੱਲੋਂ ਅਕਾਲ ਤਖਤ ਸਾਹਿਬ ਤੋਂ ਸੁਣਾਏ ਗਏ 10 ਨੁਕਤੀ ਫੈਸਲੇ ਬਹੁ-ਗਿਣਤੀ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਨਹੀਂ ਕਰਦੇ ਹਨ। ਪ੍ਰਚਾਰਕਾਂ ਦੇ ਸਬੰਧ ਵਿੱਚ ਲਏ ਗਏ ਫੈਸਲੇ ਨੂੰ ਸਿੱਖ ਸਮਾਜ ਦੇ ਵੱਡੇ ਹਿੱਸੇ ਨੂੰ ਇੱਕ ਧਿਰ ਦੇ ਦਬਾ ਥੱਲੇ ਕੀਤਾ ਇਕ ਪਾਸੜ ਐਲਾਨ ਮੰਨਿਆ ਹੈ। ਜਿਸ ਵਿੱਚੋਂ ਪੱਖਪਾਤ ਦੀ ਝਲਕ ਸਪਸ਼ਟ ਦਿਖਾਈ ਦੇ ਰਹੀ ਹੈ। ਲੰਬੇ ਸਮੇਂ ਤੋਂ ਚੱਲਦੇ ਸਿੱਖ ਸਨਾਤਨੀ ਡੇਰੇਦਾਰਾਂ ਅਤੇ ਸਿੱਖ ਮਿਸ਼ਨਰੀ ਪ੍ਰਚਾਰਕਾਂ ਵਿਚਕਾਰ ਵਿਵਾਦ ਨੂੰ ਸਿੰਘ ਸਾਹਿਬਾਨਾਂ ਦੇ ਫੈਸਲੇ ਨੂੰ ਘਟਾਉਣ ਦੀ ਥਾਂ ਵਧਾਇਆਂ ਹੈ।ਸਾਨੂੰ ਡਰ ਹੈ ਕਿ ਸਿੱਖਾਂ ਅੰਦਰ ਵੀ ਮੁਸਲਮਾਨਾਂ ਦੀ ਤਰਜ਼ ਉੱਤੇ ਸ਼ੀਆਂ ਅਤੇ ਸੂਨੀ ਫਿਰਕੇ ਖੜ੍ਹੇ ਕਰਕੇ ਆਪਸੀ ਖੂਨ-ਖਰਾਬੇ ਦਾ ਮੁੱਢ ਬੰਨਿਆ ਜਾ ਰਿਹਾ ਹੈ।
ਅਫਸੋਸ ਹੈ ਕਿ ਡੇਰੇਦਾਰਾਂ ਅਤੇ ਸਿੱਖ ਮਿਸ਼ਨਰੀ ਪ੍ਰਚਾਰਕਾਂ ਦੀ ਗੁਰਬਾਨੀ ਦੀ ਵਿਆਖਿਆ ਪ੍ਰਣਾਲੀਆਂ ਦੇ ਵਖਰੇਵਿਆਂ ਨੂੰ ਅਧਾਰ ਬਣਾਕੇ ਸਿੱਖ ਵਿਰੋਧੀ ਤਾਕਤਾਂ ਨੂੰ ਅਸੀਂ ਸਿੱਖ ਮਹਾਨ ਸੰਸਥਾਵਾਂ ਵਿੱਚ ਵਿਗਾੜ ਪਾਉਣ ਦਾ ਮੌਕਾ ਪ੍ਰਦਾਨ ਕਰ ਰਹੇ ਹਾਂ। ਉਪਰੋਕਤ ਮਸਲੇ ਨੂੰ ਗੁਰਮਤ ਸਿਧਾਂਤ ਦੀ ਰੋਸ਼ਨੀ ਵਿੱਚ ਅਤੇ ਸਿੰਘ ਜਥੇਬੰਦੀਆਂ/ਸੰਸਥਾਵਾਂ ਦੀ ਪ੍ਰਤੀਨਿਧ ਇੱਕਤਰਤਾ ਵਿੱਚ ਵਿਚਾਰ ਕਰਕੇ, ਸਾਂਝੇ ਮਤ ਤਿਆਰ ਕਰਕੇ ਹੀ ਸਿੰਘ ਸਾਹਿਬਾਨਾਂ ਨੂੰ ਫੈਸਲਾ ਕਰਨਾ ਚਾਹੀਦਾ ਹੈ। ਉਹਨਾਂ ਨੂੰ ਚਾਹੀਦਾ ਹੈ ਕਿ ਅਕਾਲ ਤਖਤ ਦੀ ਉੱਚਤਾ ਨੂੰ ਬਰਕਰਾਰ ਰੱਖਣ ਲਈ ਧਾਰਮਿਕ ਸੰਵੇਦਨਸ਼ੀਲ ਮਸਲੇ ਨੂੰ ਸਮੂਹ ਸਿੱਖਾਂ ਦੀ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਕੇ ਫੈਸਲੇ ਹੀ ਕਰਨ।
ਸਿੱਖ ਬੁਧੀਜੀਵੀਆਂ ਨੇ ਮੰਗ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ੍ਹ ਨੂੰ ਅਸਲ ਦੇ ਮੁਤਾਬਿਕ ਅੱਖਰਬੱਧ (codify) ਕਰਕੇ ਅਤੇ ਇੱਕ ਪ੍ਰਮਾਣਿਤ ਬੀੜ ਤਿਆਰ ਕਰਨੀ ਚਾਹੀਦੀ ਹੈ। ਦੁਨੀਆਂ ਭਰ ਦੇ ਸਿੱਖਾਂ ਨੂੰ ਉਸ ਅਸਲ ਮਿਆਰੀ ਬੀੜ੍ਹ ਨੂੰ ਸਤਿਕਾਰ ਸਹਿਤ ਛਾਪਣ ਦੀ ਇਜ਼ਾਜਤ ਹੋਣੀ ਚਾਹੀਦੀ ਹੈ।
ਇਸ ਸਾਂਝੇ ਬਿਆਨ ਵਿੱਚ ਗੁਰਤੇਜ ਸਿੰਘ ਆਈ.ਏ.ਐੱਸ., ਸੁਖਦੇਵ ਸਿੰਘ ਪੱਤਰਕਾਰ, ਜਸਪਾਲ ਸਿੰਘ ਸਿੱਧੂ ਪੱਤਰਕਾਰ, ਗੁਰਬਚਨ ਸਿੰਘ ਸੰਪਾਦਕ ਦੇਸ ਪੰਜਾਬ, ਭਿੰਡਰ ਸਿੰਘ (ਜੀ.ਐੱਮ. ਉਦਯੋਗ), ਡਾ: ਕੁਲਦੀਪ ਸਿੰਘ ਸਰਜਨ ਪਟਿਆਲਾ, ਰਜਿੰਦਰ ਸਿੰਘ (ਖਾਲਸਾ ਪੰਚਾਇਤ), ਅਜੈਪਾਲ ਸਿੰਘ ਬਰਾੜ (ਲੇਖਕ), ਪ੍ਰੋਫੈਸਰ ਮਨਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਪ੍ਰਧਾਨ ਗਲੋਬਲ ਸਿੱਖ ਕੌਂਸਲ।