ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਕੈਲੀਫੋਰਨੀਆਂ ਦਾ ਸ਼ਹਿਰ ਫਰਿਜ਼ਨੋ ਪੰਜਾਬੀਅਤ ਦੀ ਸੰਘਣੀ ਵੱਸੋਂ ਹੋਣ ਕਰਕੇ ਆਪਣੇ ਰਸਮੀਂ ਮੇਲਿਆਂ ਅਤੇ ਤਿਉਹਾਰਾਂ ਨੂੰ ਰਲ ਵੱਡੇ ਇਕੱਠਾ ਵਿੱਚ ਪੂਰੇ ਰਿਵਾਇਤੀ ਢੰਗਾ ਨਾਲ ਮਨਾਉਂਦਾ ਹੈ।ਕੋਵਿਡ-19 ਦੀਆਂ ਬੰਦਸ਼ਾਂ ਖੁੱਲਣ ਤੋਂ ਬਾਅਦ ਹੁਣ ਲੋਕ ਫਿਰ ਪੂਰੇ ਰੋਹ ਵਿੱਚ ਆਏ ਹਨ। ਹੁਣ ਮੇਲਿਆਂ, ਨਗਰ ਕੀਰਤਨ ਅਤੇ ਹੋਰ ਭਾਰੀ ਇਕੱਠ ਪਹਿਲਾ ਵਾਂਗ ਸ਼ੁਰੂ ਹੋ ਗਏ ਹਨ।
ਇਸੇ ਦੌਰਾਨ ਫਰਿਜ਼ਨੋ ਸ਼ਹਿਰ ਦੇ ‘ਵਿਰਸਾ ਫਾਊਡੇਸ਼ਨ’ ਦੇ ਗਰੁੱਪ ਵਿੱਚ ਐਸ. ਐਮ. ਬ੍ਰਦਰਜ਼ (S.M. Brother’s), ਬਿੱਲ ਨਿੱਝਰ ਅਤੇ ਐਸ. ਡੀ. ਐਮ. ਸਟਾਰ (SDM Star) ਵੱਲੋਂ ਆਪਣੇ ਸਹਿਯੋਗੀਆਂ ਦੀ ਮਦਦ ਨਾਲ ਫਰਿਜ਼ਨੋ ਗੋਲਫ ਕਲੱਬ ਦੀ ਖੁੱਲ੍ਹੀ ਗਰਾਊਂਡ ਵਿੱਚ “ਫਤਹਿ ਮੇਲਾ” ਕਰਵਾਇਆ ਗਿਆ। ਜਿਸ ਵਿੱਚ ਭਾਰਤ ਵਿੱਚ ਕਿਰਸਾਨੀ ਸੰਘਰਸ਼ ਵਿੱਚ ਮੋਰਚਾ ਫ਼ਤਿਹ ਕਰਨ ਉਪਰੰਤ ਲੋਕ ਪ੍ਰਸਿੱਧ ਗਾਇਕ ਕੰਵਰ ਗਰੇਵਾਲ ਬਤੌਰ ਪ੍ਰਮੁੱਖ ਕਲਾਕਾਰ ਪਹੁੰਚੇ। ਲੋਕਾਂ ਦੇ ਭਾਰੀ ਇਕੱਠ ਦੌਰਾਨ ਮੇਲੇ ਦੀ ਸ਼ੁਰੂਆਤ ਦੌਰਾਨ ਜੀ. ਐਚ. ਜੀ. ਡਾਂਸ ਅਤੇ ਸੰਗੀਤ ਅਕੈਡਮੀਂ ਦੇ ਬੱਚਿਆਂ ਅਤੇ ਹੋਰ ਬੱਚਿਆਂ ਨੇ ਪੰਜਾਬੀ ਗੀਤਾਂ ਉੱਪਰ ਡਾਂਸ, ਗਿੱਧੇ ਅਤੇ ਭੰਗੜੇ ਵਰਗੀਆਂ ਵੰਨਗੀਆਂ ਪੇਸ਼ ਕੀਤੀਆਂ ਗਈਆਂ।
ਇਸਤੋਂ ਬਾਅਦ ਚੱਲੇ ਗਾਇਕੀ ਦੇ ਖੁੱਲੇ ਅਖਾੜੇ ਵਿੱਚ ਕੈਲੀਫੋਰਨੀਆਂ ਦੇ ਗਾਇਕ ਕਲਾਕਾਰ ਜੀਤਾ ਗਿੱਲ, ਗਾਇਕ ਪੱਪੀ ਭਦੌੜ ਅਤੇ ਗਾਇਕ ਸੱਤੀ ਪੱਬਲਾ ਨੇ ਹਾਜ਼ਰੀ ਭਰੀ। ਅੰਤ ਵਿੱਚ ਚੱਲੇ ਗਾਇਕੀ ਦੇ ਖੁੱਲ੍ਹੇ ਅਖਾੜੇ ਵਿੱਚ ਗਾਇਕ ਕੰਵਰ ਗਰੇਵਾਲ ਨੇ ਭਾਰਤ ਦੇ ਕਿਰਸਾਨੀ ਅੰਦੋਲਨ ਅਤੇ ਹੋਰ ਗੀਤਾਂ ਰਾਹੀ ਢਾਈ ਘੰਟੇ ਦੇ ਲਗਭਗ ਸਰੋਤਿਆਂ ਨੂੰ ਕੀਲੀ ਰੱਖਿਆ।
- Advertisement -
ਪ੍ਰਬੰਧਕਾਂ ਵੱਲੋਂ ਕਿਰਸਾਨੀ ਸੰਘਰਸ਼ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਕਰਕੇ ਕੰਵਰ ਗਰੇਵਾਲ ਦਾ ਸਨਮਾਨ ਵੀ ਕੀਤਾ ਗਿਆ। ਇਸ ਮੇਲੇ ਦਾ ਮਹੌਲ ਬਾਹਰ ਲੱਗੇ ਵੱਖ-ਵੱਖ ਸਟਾਲਾਂ ਆਦਿਕ ਕਰਕੇ ਪੰਜਾਬ ਦੇ ਮੇਲੇ ਦੀ ਨੁਹਾਰ ਪੇਸ਼ ਕਰ ਰਿਹਾ ਸੀ। ਵਿਦੇਸ਼ੀ ਸਟੇਜ਼ਾ ਦੌਰਾਨ ਕੰਵਰ ਗਰੇਵਾਲ ਨੇ ਵੀ ਖੁੱਲ੍ਹੇ ਅਖਾੜੇ ਵਿੱਚ ਗਾ ਖੁਸ਼ੀ ਪਰਗਟ ਕੀਤੀ। ਮੇਲੇ ਦੌਰਾਨ ਸਟੇਜ਼ ਸੰਚਾਲਨ ਦਾ ਕੰਮ ਸਟੇਜ਼ਾ ਦੀ ਮਲਕਾ ਪੰਜਾਬੀਅਤ ਦਾ ਮਾਣ ਬੀਬੀ ਆਸ਼ਾ ਸ਼ਰਮਾਂ ਨੇ ਬਾਖੂਬੀ ਸਾਇਰਨਾਂ ਅੰਦਾਜ ਵਿੱਚ ਕੀਤਾ।
ਉਚੇਚੇ ਪ੍ਰਬੰਧਾਂ ਲਈ ਪ੍ਰਬੰਧਕ ਵੀਰ ਵਧਾਈ ਦੇ ਪਾਤਰ ਨੇ। ਦਰਸ਼ਕਾਂ ਦਾ ਠਾਠਾਂ ਮਾਰਦਾ ਇਕੱਠ, ਲੱਗਦੇ ਨਾਅਰੇ, ਝੂਲਦੇ ਕਿਸਾਨੀ ਝੰਡੇ ਟਿਕਰੀ ਬਾਡਰ ਦੀ ਯਾਦ ਤਾਜਾ ਕਰਵਾ ਰਹੇ ਸਨ। ਆਸਟਰੇਲੀਆ ਵਾਲੇ ਪੱਤਰਕਾਰ ਮਿੰਟੂ ਬਰਾੜ ਨੇ ਵੀ ਮੇਲੇ ਵਿੱਚ ਖ਼ਾਸ ਤੌਰ ਤੇ ਹਾਜਰੀ ਭਰੀ। ਪ੍ਰਬੰਧਕਾਂ ਵਿੱਚ ਬਿੱਟੂ ਕੁੱਸਾ, ਜਸਵੀਰ ਸਰਾਏ, ਮਿੰਟੂ ਧਾਲੀਵਾਲ, ਰਾਜ ਧਾਲੀਵਾਲ, ਬੌਬੀ ਸਿੱਧੂ, ਸਨੀ ਮਹੇਟ ਅਤੇ ਬਿੱਲ ਨਿੱਝਰ ਨੇ ਸਭਨਾਂ ਦਾ ਮੇਲੇ ਨੂੰ ਕਾਮਯਾਬ ਕਰਨ ਲਈ ਧੰਨਵਾਦ ਕੀਤਾ। ਅੰਤ ਪੰਜਾਬ, ਪੰਜਾਬੀਅਤ ਵਿੱਚ ਰੰਗਿਆ ਇਹ ਮੇਲਾ ਆਪਣੀਆਂ ਯਾਦਗਾਰੀ ਪੈੜਾ ਛੱਡ ਸਮਾਪਤ ਹੋਇਆ।