Home / ਪੰਜਾਬ / ਸਿਮਰਨਜੀਤ ਸਿੰਘ ਮਾਨ ਨੇ ਸਿੱਖ ਕੌਮ ਨੂੰ 28 ਨਵੰਬਰ ਨੂੰ ਬਰਗਾੜੀ ਦੇ ਇਕੱਠ ‘ਚ ਪਹੁੰਚਣ ਦੀ ਕੀਤੀ ਅਪੀਲ

ਸਿਮਰਨਜੀਤ ਸਿੰਘ ਮਾਨ ਨੇ ਸਿੱਖ ਕੌਮ ਨੂੰ 28 ਨਵੰਬਰ ਨੂੰ ਬਰਗਾੜੀ ਦੇ ਇਕੱਠ ‘ਚ ਪਹੁੰਚਣ ਦੀ ਕੀਤੀ ਅਪੀਲ

ਸ੍ਰੀ ਫ਼ਤਹਿਗੜ੍ਹ ਸਾਹਿਬ: ਸਿਮਰਨਜੀਤ ਸਿੰਘ ਮਾਨ ਨੇ ਬਰਗਾੜੀ ਵਿਖੇ ਚੱਲ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਬੰਧੀ ਇਨਸਾਫ਼ ਪ੍ਰਾਪਤੀ ਦੇ ਮੋਰਚੇ ਨੂੰ ਮੁੱਖ ਰੱਖਕੇ 28 ਨਵੰਬਰ 2021 ਨੂੰ ਪੰਥ-ਗ੍ਰੰਥ ਤੇ ਕਿਸਾਨ ਬਚਾਓ ਇਕੱਠ ‘ਚ ਸਮੁੱਚੀ ਸਿੱਖ ਕੌਮ, ਪੰਥ ਦਰਦੀਆਂ, ਪੰਥਕ ਜਥੇਬੰਦੀਆਂ, ਬਾਹਰਲੇ ਮੁਲਕਾਂ ‘ਚ ਸਰਗਰਮ ਪੰਥਕ ਸਖਸ਼ੀਅਤਾਂ ਅਤੇ ਕਿਸਾਨ-ਮਜ਼ਦੂਰ ਜਥੇਬੰਦੀਆਂ ਆਦਿ ਸਭਨਾਂ ਨੂੰ ਪਹੁੰਚਣ ਦੀ ਹਾਰਦਿਕ ਅਪੀਲ ਕੀਤੀ ਹੈ।

ਉਨ੍ਹਾਂ ਕਿਹਾ ਕਿ, “ਕਿਉਂਕਿ ਬਾਦਲ ਸਰਕਾਰ ਸਮੇਂ ਦੌਰਾਨ ਵੱਡੀ ਗਿਣਤੀ ‘ਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੁਰਜ ਜਵਾਹਰ ਸਿੰਘ ਵਾਲਾ, ਬਹਿਬਲ ਕਲਾਂ, ਬਰਗਾੜੀ, ਕੋਟਕਪੂਰਾ ਅਤੇ ਹੋਰ ਵੱਡੀ ਗਿਣਤੀ ‘ਚ ਕਈ ਥਾਵਾਂ ‘ਤੇ ਸਾਜਸੀ ਢੰਗ ਨਾਲ ਅਪਮਾਨ ਕੀਤੇ ਗਏ ਸਨ। ਜਦੋ ਸਿੱਖ ਕੌਮ ਇਨਸਾਫ਼ ਲਈ ਬਹਿਬਲ ਕਲਾਂ ਵਿਖੇ ਅਮਨਮਈ ਢੰਗ ਨਾਲ ਰੋਸ਼ ਕਰ ਰਹੀ ਸੀ ਤਾਂ ਬਾਦਲ ਹਕੂਮਤ ਨੇ ਉਸ ਸਮੇ ਦੇ ਡੀਜੀਪੀ ਸੁਮੇਧ ਸੈਣੀ ਦੀ ਅਗਵਾਈ ਵਿਚ ਸਿੱਖਾਂ ‘ਤੇ ਗੋਲੀ ਚਲਾਕੇ ਦੋ ਸਿੱਖ ਸ਼ਹੀਦ ਭਾਈ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕਰ ਦਿੱਤਾ ਸੀ ਅਤੇ ਅਨੇਕਾ ਸਿੱਖਾਂ ਨੂੰ ਜਖ਼ਮੀ ਕਰ ਦਿੱਤਾ ਸੀ।

2015 ਤੋਂ ਅੱਜ ਤੱਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਦੋਸ਼ੀਆਂ ਅਤੇ ਸਿੱਖਾਂ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਲਈ ਸਿੱਖ ਕੌਮ ਸੰਘਰਸ਼ ਕਰਦੀ ਆ ਰਹੀ ਹੈ। ਐਸ.ਜੀ.ਪੀ.ਸੀ ਦੀ ਸਰਪ੍ਰਸਤੀ ਹੇਠ 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਅਲੋਪ ਕਰ ਦਿੱਤਾ ਗਿਆ ਹੈ ਜੋ ਅਜੇ ਤੱਕ ਪ੍ਰਾਪਤ ਨਹੀਂ ਹੋਏ ਅਤੇ ਨਾਂ ਹੀ ਇਸ ਸੰਬੰਧ ਵਿਚ ਦੋਸ਼ੀਆਂ ਵਿਰੁੱਧ ਐਸ.ਜੀ.ਪੀ.ਸੀ. ਦੇ ਅਧਿਕਾਰੀ ਕੋਈ ਕਾਨੂੰਨੀ ਕਾਰਵਾਈ ਕਰਨ ਨੂੰ ਤਿਆਰ ਹਨ। ਅੱਜ ਤੱਕ ਕੋਈ ਇਨਸਾਫ਼ ਨਹੀਂ ਮਿਲਿਆ।

ਬਲਕਿ ਕੁੰਵਰਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਬਣੀ ਸਿੱਟ ਜਾਂਚ ਕਮੇਟੀ ਦੀ ਰਿਪੋਰਟ ‘ਚ ਦੋਸ਼ੀਆਂ ਦੀ ਪਹਿਚਾਣ ਕਰਦੇ ਹੋਏ ਅਗਲੇਰੀ ਕਾਨੂੰਨੀ ਕਾਰਵਾਈ ਲਈ ਨਾਮ ਪੇਸ਼ ਕੀਤੇ ਗਏ ਸਨ। ਪਰ ਜਸਟਿਸ ਸ਼ੇਰਾਵਤ, ਜਸਟਿਸ ਸਾਂਗਵਾਨ ਅਤੇ ਜਸਟਿਸ ਬਜਾਜ ਆਦਿ ਜੱਜਾਂ ਨੇ ਉਸ ਜਾਂਚ ਰਿਪੋਰਟ ਨੂੰ ਨਜ਼ਰ ਅੰਦਾਜ ਕਰਦੇ ਹੋਏ ਅਤੇ ਰੱਦ ਕਰਦੇ ਹੋਏ ਦੋਸ਼ੀਆਂ ਨੂੰ ਬਣਦੀਆਂ ਕਾਨੂੰਨੀ ਸਜ਼ਾਵਾਂ ਦੇਣ ਦੀ ਬਜਾਇ ਰਾਹਤ ਦੇਣ ਦੇ ਅਮਲ ਕਰਕੇ ਸਿੱਖ ਮਨਾਂ ਨੂੰ ਡੂੰਘੀ ਠੇਸ ਪਹੁੰਚਾਈ। ਇਸਦੇ ਨਾਲ ਹੀ ਸਿੱਖ ਕੌਮ ਦਾ ਜੋ ਅਦਾਲਤਾਂ, ਜੱਜਾਂ ਤੇ ਕਾਨੂੰਨ ਵਿਚ ਥੋੜਾ-ਬਹੁਤਾਂ ਵਿਸਵਾਸ ਬਚਦਾ ਸੀ, ਉਸਨੂੰ ਵੀ ਖ਼ਤਮ ਕਰ ਦਿੱਤਾ।

ਇਨਸਾਫ਼ ਦੇਣ ਵਿਚ ਦੇਰੀ ਕਰਨਾ ਅਸਲੀਅਤ ਵਿਚ ਇਨਸਾਫ਼ ਦਾ ਗਲਾਂ ਘੁੱਟਣ ਦੇ ਬਰਾਬਰ ਹੀ ਕਾਰਵਾਈ ਹੈ। ਇਸ ਸਬੰਧ ‘ਚ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਵਿਖੇ ਨਿਰੰਤਰ ਮੋਰਚਾ ਚੱਲਦਾ ਆ ਰਿਹਾ ਹੈ, ਇਸੇ ਵਿਸ਼ੇ ‘ਤੇ 28 ਨਵੰਬਰ ਨੂੰ ਪੰਥ-ਗ੍ਰੰਥ ਅਤੇ ਕਿਸਾਨ ਬਚਾਓ ਇਕੱਠ ਬਰਗਾੜੀ ਦੇ ਖੇਡ ਸਟੇਡੀਅਮ ਵਿਖੇ ਰੱਖਿਆ ਗਿਆ ਹੈ । ਜਿਸ ‘ਚ ਸਮੂਹ ਸਿੱਖ ਕੌਮ ਅਤੇ ਇਨਸਾਫ਼ ਪਸੰਦਾਂ ਨੂੰ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।”

ਉਨ੍ਹਾਂ ਕਿਹਾ ਕਿ ਇਹ ਵੀ ਹੁਕਮਰਾਨਾਂ ਵੱਲੋ ਸਿੱਖ ਕੌਮ ਨਾਲ ਵੱਡੀ ਬੇਇਨਸਾਫ਼ੀ ਹੋ ਰਹੀ ਹੈ ਕਿ ਜਿੰਨੀਆਂ ਵੀ ਇੰਡੀਆਂ ਦੀਆਂ ਵਿਧਾਨਿਕ ਸੰਸਥਾਵਾਂ ਹਨ, ਉਨ੍ਹਾਂ ਦੀ ਚੋਣ ਹਰ 5 ਸਾਲ ਬਾਅਦ ਹੁੰਦੀ ਹੈ ਇਸੇ ਤਰ੍ਹਾਂ ਐਸ.ਜੀ.ਪੀ.ਸੀ. ਦੀ ਧਾਰਮਿਕ ਸੰਸਥਾਂ ਦੀ ਕਾਨੂੰਨੀ ਮਿਆਦ 5 ਸਾਲ ਹੈ । ਪਰ ਬੀਤੇ 10 ਸਾਲਾਂ ਤੋਂ ਇਸ ਦੀ ਜਰਨਲ ਚੋਣ ਨਾ ਕਰਵਾਕੇ ਸਿੱਖ ਕੌਮ ਨਾਲ ਬਹੁਤ ਵੱਡਾ ਧੋਖਾ, ਫਰੇਬ ਕੀਤਾ ਜਾ ਰਿਹਾ ਹੈ।

ਜਦੋਂਕਿ ਬਾਕੀ ਕਾਨੂੰਨੀ ਸੰਸਥਾਵਾਂ, ਪਾਰਲੀਮੈਂਟ, ਸੂਬਿਆਂ ਦੀਆਂ ਅਸੈਬਲੀਆਂ, ਮਿਊਸੀਪਲ ਕਾਰਪੋਰੇਸ਼ਨਾਂ, ਮਿਊਸੀਪਲ ਕੌਸਲਾਂ, ਪੰਚਾਇਤਾਂ, ਜ਼ਿਲ੍ਹਾ ਪ੍ਰੀਸ਼ਦਾਂ ਆਦਿ ਦੀ ਚੋਣ ਹਰ 5 ਸਾਲ ਬਾਅਦ ਹੁੰਦੀ ਆ ਰਹੀ ਹੈ । ਐਸ.ਜੀ.ਪੀ.ਸੀ. ਦੀ ਸੰਸਥਾਂ ਦੀਆਂ ਜਮਹੂਰੀ ਕਦਰਾਂ-ਕੀਮਤਾਂ ਨੂੰ ਕੁੱਚਲ ਦਿੱਤਾ ਗਿਆ ਹੈ ਜੋ ਸਾਡੀ ਇਸ ਮਹਾਨ ਸੰਸਥਾਂ ਦੇ ਪ੍ਰਬੰਧ ਨੂੰ ਤਹਿਸ-ਨਹਿਸ ਕਰਨ ਵਾਲੀਆ ਦੁੱਖਦਾਇਕ ਕਾਰਵਾਈਆ ਹਨ ।

ਇਸੇ ਤਰ੍ਹਾਂ ਇਸ ਮਹਾਨ ਸੰਸਥਾਂ ਦੇ ਅਧੀਨ ਆਉਦੇ ਵਿਦਿਅਕ ਅਤੇ ਸਿਹਤਕ ਅਦਾਰਿਆ ਜਿਨ੍ਹਾਂ ਦੀ ਆਮਦਨ ਐਸ.ਜੀ.ਪੀ.ਸੀ. ਦੇ ਖਜਾਨੇ ਵਿਚ ਆਉਣੀ ਚਾਹੀਦੀ ਹੈ, ਕਿਉਂਕਿ ਇਹ ਸੰਸਥਾਵਾਂ ਕੌਮੀ ਖਜਾਨੇ ਵਿਚੋ ਹੀ ਬਣੀਆ ਹਨ । ਉਨ੍ਹਾਂ ਅਦਾਰਿਆ ਨੂੰ ਬੀਤੇ ਕੁਝ ਸਮੇ ਤੋ ਬਾਦਲ ਪਰਿਵਾਰ ਨੇ ਆਪਣੇ ਸੰਬੰਧੀਆਂ ਦੇ ਨਿੱਜੀ ਟਰੱਸਟ ਬਣਾਕੇ ਐਸ.ਜੀ.ਪੀ.ਸੀ. ਦੇ ਅਧਿਕਾਰ ਨੂੰ ਖਤਮ ਕਰ ਦਿੱਤਾ ਹੈ ਅਤੇ ਵੱਡੇ ਪੱਧਰ ਤੇ ਇਨ੍ਹਾਂ ਅਦਾਰਿਆ ਵਿਚ ਹਰ ਪੱਖੋ ਲੁੱਟ-ਖਸੁੱਟ ਜਾਰੀ ਹੈ ।

ਇਸੇ ਤਰ੍ਹਾਂ ਸਿੱਖ ਗੁਰਧਾਮਾਂ ਦੇ ਲੰਗਰਾਂ ਵਿਚ ਵਰਤੋ ਆਉਣ ਵਾਲੀਆ ਰਸਦਾਂ ਚੀਨੀ, ਆਟਾ, ਘਿਓ, ਦਾਲਾਂ, ਸਬਜੀਆਂ ਆਦਿ ਦੀ ਖਰੀਦੋ-ਫਰੋਖਤ ਅਤੇ ਗੁਰੂਘਰਾਂ ਦੀਆਂ ਇਮਾਰਤਾਂ ਲਈ ਸੀਮੇਟ, ਬਜਰੀ, ਰੇਤਾ, ਲੋਹਾ, ਲੱਕੜ, ਬਿਜਲਈ ਸਮਾਨ ਆਦਿ ਦੀ ਖਰੀਦੋ-ਫਰੋਖਤ ਵਿਚ ਵੱਡੇ ਘਪਲੇ ਹੁੰਦੇ ਆ ਰਹੇ ਹਨ । ਸਿਰਪਾਓ, ਚੰਦੋਆ ਸਾਹਿਬ ਦੀ ਖਰੀਦੋ-ਫਰੋਖਤ ਸਮੇ ਵੀ ਅਜਿਹੇ ਗੈਰ ਇਖਲਾਕੀ ਅਮਲ ਹੋ ਰਹੇ ਹਨ।

ਇਨ੍ਹਾਂ ਸਭ ਕੌਮੀ ਪੰਥਕ ਮੁੱਦਿਆ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ-ਸਨਮਾਨ ਨੂੰ ਬਰਕਰਾਰ ਕਰਵਾਉਣ ਲਈ ਹੀ 28 ਨਵੰਬਰ ਨੂੰ ਬਰਗਾੜੀ ਵਿਖੇ ਇਕੱਠ ਰੱਖਿਆ ਗਿਆ ਹੈ ਜਿਸ ਵਿਚ ਹਰ ਸਿੱਖ ਆਪਣੀ ਇਖਲਾਕੀ ਜ਼ਿੰਮੇਵਾਰੀ ਸਮਝਦੇ ਹੋਏ ਵੱਧ ਤੋ ਵੱਧ ਸੰਗਤਾਂ ਨੂੰ ਨਾਲ ਲੈਕੇ ਸ਼ਮੂਲੀਅਤ ਕਰਨ ।

Check Also

 ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਉਣ ਪਹੁੰਚੇ ਵਿੱਤ ਮੰਤਰੀ ਦਾ ਪ੍ਰਦਰਸ਼ਨਕਾਰੀਆਂ ਵੱਲੋਂ ਵਿਰੋਧ

ਪਟਿਆਲਾ : ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਉਣ ਪਹੁੰਚੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਯੂਟੀ ਮੁਲਾਜ਼ਮ …

Leave a Reply

Your email address will not be published. Required fields are marked *