ਚੰਡੀਗੜ: ਭਾਰਤੀ ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤਾ ਲਾਗੂ ਰਹਿਣ ਦੌਰਾਨ ਨਕਦੀ ਦੀ ਢੋਆ- ਢੁਆਈ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਨਗਦੀ ਢੋਆ- ਢੁਆਈ ਬਾਰੇ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ ਅਨੁਸਾਰ ਬੈਂਕਾਂ ਨੂੰ ਇਹ ਯਕੀਨੀ ਬਨਾਉਣਾ ਹੋਵੇਗਾ ਕਿ ਉਨਾਂ ਦੀਆਂ ਆਉਟ-ਸੋਰਸ ਏਜੰਸੀਆਂ/ਕੰਪਨੀਆਂ ਦੀਆਂ ਨਕਦੀ ਦੀ ਢੋਆ- ਢੁਆਈ ਕਰਨ ਵਾਲੀਆਂ ਗੱਡੀਆਂ ਕਿਸੇ ਵੀ ਹਾਲਾਤ ਵਿੱਚ ਕਿਸੀ ਤੀਜੀ ਧਿਰ ਜਾਂ ਵਿਅਕਤੀ ਦੇ ਪੈਸੇ ਦੀ ਢੋਆ- ਢੁਆਈ ਨਾ ਕਰ ਰਹੀਆਂ ਹੋਣ। ਆਉਟ-ਸੋਰਸ ਏਜੰਸੀਆਂ/ਕੰਪਨੀਆਂ ਦੀਆਂ ਨਕਦੀ ਦੀ ਢੋਆ- ਢੁਆਈ ਕਰਨ ਵਾਲੀਆਂ ਗੱਡੀਆਂ ਕੌਲ ਢੋਆ- ਢੁਆਈ ਕੀਤੀ ਜਾ ਰਹੀ ਨਕਦੀ ਸਬੰਧੀ ਬੈਂਕ ਵੱਲੋਂ ਜ਼ਾਰੀ ਪੱਤਰ/ਦਸਤਾਵੇਜ਼ ਜ਼ਰੂਰ ਹੋਣ ਕਿ ਉਹ ਜੋ ਨਕਦੀ ਲੈ ਜਾ ਰਹੇ ਹਨ ਉਸ ਨੂੰ ਕਿਸੇ ਏ.ਟੀ.ਐਮ. ਵਿੱਚ ਪਾਉਣਾ ਹੈ ਜਾਂ ਕਿਸੇ ਹੋਰ ਬਰਾਂਚ ਵਿੱਚ ਦੇਣਾ ਹੈ ਜਾਂ ਫਿਰ ਕਿਸੇ ਬੈਂਕ ਦੀ ਕਰੰਸੀ ਚੈਸਟ ਵਿੱਚ ਜ਼ਮਾ ਕਰਵਾਉਣਾ ਹੈ।
ਉਨਾਂ ਕਿਹਾ ਕਿ ਆਉਟ-ਸੋਰਸ ਏਜੰਸੀਆਂ/ਕੰਪਨੀਆਂ ਦੀਆਂ ਨਕਦੀ ਦੀ ਢੋਆ- ਢੁਆਈ ਕਰਨ ਵਾਲੀਆਂ ਗੱਡੀਆਂ ਉੱਤੇ ਤਾਇਨਾਤ ਮੁਲਾਜ਼ਮਾਂ ਕੋਲ ਉਨਾਂ ਦੀ ਕੰਪਨੀ/ਏਜੰਸੀ ਵੱਲੋਂ ਜ਼ਾਰੀ ਪਹਿਚਾਣ ਪੱਤਰ ਜ਼ਰੂਰ ਹੋਵੇ। ਉਕਤ ਨਿਯਮਾਂ ਦੀ ਪਾਲਣਾ ਇਸ ਲਈ ਕਰਨਾ ਜ਼ਰੂਰੀ ਹੈ ਕਿਉਂਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਨਾਮਜ਼ਦ ਅਧਿਕਾਰੀ (ਜ਼ਿਲਾ ਚੋਣ ਜਾਂ ਕੋਈ ਵੀ ਹੋਰ ਨਾਮਜ਼ਦ ਅਧਿਕਾਰੀ) ਜੇਕਰ ਕਿਤੇ ਨਕਦੀ ਦੀ ਢੋਆ- ਢੁਆਈ ਕਰ ਰਹੀ ਕਿਸੇ ਗੱਡੀ ਨੂੰ ਰੋਕ ਕੇ ਜਾਂਚ ਕਰਦਾ ਹੈ ਤਾਂ ਏਜੰਸੀ/ਕੰਪਨੀ ਦੇ ਮੁਲਾਜ਼ਮ ਕੈਸ਼ ਸਬੰਧੀ ਪੂਰੇ ਦਸਤਾਵੇਜ਼ ਦਿਖਾ ਸਕਣ ਅਤੇ ਇਹ ਸਾਬਿਤ ਕਰ ਸਕਣ ਕਿ ਉਨਾਂ ਨੇ ਕਿਸ ਬੈਂਕ ਤੋਂ ਕਿਸ ਮਕਸਦ ਨਾਲ ਇਹ ਨਕਦੀ ਲਈ ਹੈ ਕਿਸੇ ਏ.ਟੀ.ਐਮ. ਵਿੱਚ ਪਾਉਣਾ ਹੈ ਜਾਂ ਕਿਸੇ ਹੋਰ ਬਰਾਂਚ ਵਿੱਚ ਦੇਣਾ ਹੈ ਜਾਂ ਫਿਰ ਕਿਸੇ ਬੈਂਕ ਦੀ ਕਰੰਸੀ ਚੈਸਟ ਵਿੱਚ ਜ਼ਮਾ ਕਰਵਾਉਣਾ ਹੈ ਕਿਉਂਕਿ ਜਾਂਚ ਟੀਮ ਕੈਸ਼ ਦੀ ਗਿਣਤੀ ਕਰਕੇ ਵੀ ਜਾਂਚ ਕਰ ਸਕਦੇ ਹਨ।
ਡਾ. ਰਾਜੂ ਨੇ ਦੱਸਿਆ ਕਿ ਉਪਰੋਕਤ ਨਿਯਮਾਵਲੀ ਨਗਦੀ ਦੀ ਢੋਆ- ਢੁਆਈ ਬੈਂਕਾਂ ਲਈ ਤੈਅ ਕੀਤਾ ਗਿਆ ਹੈ ਜੇਕਰ ਕਿਤੇ ਗੈਰ-ਕਾਨੂੰਨੀ ਨਕਦੀ, ਵਿਦੇਸ਼ੀ ਕਰੰਸੀ ਜਾਂ ਨਕਲੀ ਭਾਰਤੀ ਕਰੰਸੀ ਦੀ ਸੂਚਨਾ ਮਿਲਦੀ ਹੈ ਤਾਂ ਇਸ ਦੀ ਸੂਚਨਾ ਜ਼ਿਲੇ ਦੇ ਸਬੰਧਤ ਵਿਭਾਗ ਨੂੰ ਤੁਰੰਤ ਦਿੱਤੀ ਜਾਵੇ।
ਉਨਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਉਪਰੋਕਤ ਨਿਯਮਾਵਲੀ ਦੀ ਚੋਣ ਪ੍ਰਕਿ੍ਰਆ ਦੌਰਾਨ ਜੇਕਰ ਪਾਲਣਾ ਨਹੀਂ ਕੀਤੀ ਗਈ ਤਾਂ ਆਦਰਸ਼ ਚੋਣ ਜ਼ਾਬਤੇ ਅਧੀਨ ਅਤੇ ਮੌਜੂਦਾ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਈ ਜਾਵੇਗੀ।