ਪੇਸ਼ਾਵਰ: ਪਾਕਿਸਤਾਨ ਦੇ ਪੇਸ਼ਾਵਰ ਵਿੱਚ ਸਿੱਖ ਨੌਜਵਾਨ ਦੇ ਕਤਲ ਦਾ ਪੁਲਿਸ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ। ਬੀਤੇ ਐਤਵਾਰ ਨੂੰ ਖੈਬਰ-ਪਖਤੂਨਖਵਾ ਦੇ ਸੁਦੂਰ ਸ਼ਾਂਗਲਾ ਜ਼ਿਲ੍ਹੇ ਦੇ 25 ਸਾਲ ਦਾ ਰਵਿੰਦਰ ਸਿੰਘ ਦੀ ਪੇਸ਼ਾਵਰ ‘ਚ ਲਾਸ਼ ਮਿਲੀ ਸੀ ।
ਜਿਸ ਸਬੰਧੀ ਜਾਣਕਾਰੀ ਦਿੰਦੇ ਇੱਕ ਉੱਚ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਰਵਿੰਦਰ ਦੀ ਮੰਗੇਤਰ ਪ੍ਰੇਮ ਕੁਮਾਰੀ ਨੇ ਸੁਪਾਰੀ ਦੇ ਕੇ ਉਸ ਦਾ ਕਤਲ ਕਰਵਾਇਆ ਸੀ। ਦਰਅਸਲ ਉਹ ਰਵਿੰਦਰ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ।
ਅਧਿਕਾਰੀ ਨੇ ਕਿਹਾ ਕਿ ਪ੍ਰੇਮ ਕੁਮਾਰੀ ਨੇ ਰਵਿੰਦਰ ਦੇ ਕਤਲ ਲਈ ਸੱਤ ਲੱਖ ਰੁਪਏ ਦੀ ਸੁਪਾਰੀ ਦੇਣ ਦਾ ਵਚਨ ਕੀਤਾ ਸੀ। ਇਸ ‘ਚੋਂ ਕੁੱਝ ਪੈਸੇ ਕਤਲ ਦੇ ਪਹਿਲਾਂ ਦੇ ਦਿੱਤੇ ਗਏ ਸਨ ਅਤੇ ਬਾਕੀ ਰਾਸ਼ੀ ਦਾ ਭੁਗਤਾਨ ਕਤਲ ਤੋਂ ਬਾਅਦ ਕੀਤਾ ਜਾਣਾ ਸੀ।
ਜਾਂਚ ਟੀਮ ਅਨੁਸਾਰ, ਰਵਿੰਦਰ ਦਾ ਕਤਲ ਮਰਦਨ ਵਿੱਚ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਉਸ ਦੇ ਮ੍ਰਿਤਕ ਨੂੰ ਪੇਸ਼ਾਵਰ ਵਿੱਚ ਸੁੱਟਿਆ ਗਿਆ ਸੀ। ਇੱਕ ਜਾਂਚਕਰਤਾ ਨੇ ਦੱਸਿਆ ਕਿ ਪ੍ਰੇਮ ਕੁਮਾਰੀ ਨੂੰ ਮਰਦਨ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਪੇਸ਼ਾਵਰ ਵਿੱਚ ਕਾਤਲ ਨੇ ਸੁਨਸਾਨ ਇਲਾਕੇ ਵਿੱਚ ਲਾਸ਼ ਨੂੰ ਸੁੱਟ ਦਿੱਤਾ ਸੀ ਅਤੇ ਫਿਰ ਫਿਰੌਤੀ ਮੰਗਣ ਲਈ ਰਵਿੰਦਰ ਦੇ ਫੋਨ ਤੋਂ ਪਰਿਵਾਰ ਨੂੰ ਫੋਨ ਕਰਕੇ ਕਿਹਾ ਸੀ ਕਿ ਉਹ ਜੇਕਰ ਉਹ ਪੈਸੇ ਨਹੀਂ ਦਿੰਦੇ ਹਨ, ਤਾਂ ਰਵਿੰਦਰ ਦਾ ਕਤਲ ਕਰ ਦਿੱਤਾ ਜਾਵੇਗਾ। ਇਹ ਸਭ ਕਤਲ ਦੀ ਜਾਂਚ ਦਾ ਰੁਖ਼ ਮੋੜ੍ਹਨ ਲਈ ਕੀਤਾ ਗਿਆ ਸੀ ।
ਦੱਸ ਦਈਏ ਰਵਿੰਦਰ ਸਿੰਘ ਆਪਣੇ ਵਿਆਹ ਦੀ ਖਰੀਦਾਰੀ ਲਈ ਪੇਸ਼ਾਵਰ ਗਿਆ ਸੀ। ਰਵਿੰਦਰ ਸਿੰਘ ਮਲੇਸ਼ਿਆ ਵਿੱਚ ਰਹਿੰਦਾ ਸੀ ਅਤੇ ਵਿਆਹ ਕਰਵਾਉਣ ਲਈ ਘਰ ਪਰਤਿਆ ਸੀ ਤੇ ਉਸ ਦਾ ਭਰਾ ਹਰਮੀਤ ਸਿੰਘ ਪੱਤਰਕਾਰ ਹੈ ।