ਬ੍ਰਿਟੇਨ ਵਿੱਚ ਸਿੱਖ ਔਰਤ ਨਾਲ ਜਬਰ ਜਨਾਹ, ਸੰਸਦ ਮੈਂਬਰ ਪ੍ਰੀਤ ਕੌਰ ਨੇ ਹਮਲੇ ਦੀ ਕੀਤੀ ਨਿੰਦਾ

Global Team
5 Min Read

ਲੰਡਨ: ਬ੍ਰਿਟੇਨ ਵਿੱਚ ਇੱਕ 20 ਸਾਲਾ ਸਿੱਖ ਕੁੜੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੂੰ ਲੈ ਕੇ ਲੋਕ ਗੁੱਸੇ ਵਿੱਚ ਹਨ। ਭਾਰਤੀ ਮੂਲ ਦੀ ਬ੍ਰਿਟਿਸ਼ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਇਸਨੂੰ ਨਸਲਵਾਦੀ ਅਤੇ ਅਪਰਾਧ ਦੀ ਸਿਖਰ ਦੱਸਿਆ ਹੈ। ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਦੋਸ਼ੀ ਅਜੇ ਤੱਕ ਫੜੇ ਨਹੀਂ ਗਏ ਹਨ।

ਬ੍ਰਿਟਿਸ਼ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਇੱਕ ਸਿੱਖ ਕੁੜੀ ‘ਤੇ ਹੋਏ ਜਿਨਸੀ ਹਮਲੇ ਦੀ ਨਿੰਦਾ ਕੀਤੀ ਹੈ। ਵੈਸਟ ਮਿਡਲੈਂਡਜ਼ ਪੁਲਿਸ ਇਸ ਘਟਨਾ ਦੀ ਨਸਲੀ ਅਪਰਾਧ ਵਜੋਂ ਜਾਂਚ ਕਰ ਰਹੀ ਹੈ। ਪ੍ਰੀਤ ਕੌਰ ਗਿੱਲ ਨੇ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਖੇਤਰ ਦੇ ਓਲਡਬਰੀ, ਸੈਂਡਵੈੱਲ ਖੇਤਰ ਵਿੱਚ ਹੋਏ ਭਿਆਨਕ ਹਮਲੇ ‘ਤੇ ਸੋਸ਼ਲ ਮੀਡੀਆ ‘ਤੇ ਆਪਣਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਲਿਖਿਆ, ‘ਇਸ ਭਿਆਨਕ ਹਮਲੇ ਤੋਂ ਮੈਨੂੰ ਬਹੁਤ ਸਦਮਾ ਲੱਗਾ ਹੈ। ਹਮਲਾਵਰਾਂ ਨੇ ਪੀੜਤਾ ਨੂੰ ਕਿਹਾ ਕਿ ਉਹ  ਇਥੋਂ ਦੀ ਨਹੀਂ ਹੈ। ਸਿੱਖ ਭਾਈਚਾਰੇ ਸਮੇਤ ਹਰ ਭਾਈਚਾਰੇ ਨੂੰ ਸੁਰੱਖਿਅਤ ਅਤੇ ਸਤਿਕਾਰਯੋਗ ਮਹਿਸੂਸ ਕਰਨ ਦਾ ਅਧਿਕਾਰ ਹੈ।’

ਮੈਂ ਖੁੱਲ੍ਹੇ ਨਸਲਵਾਦ ਦੇ ਵਧਣ ਬਾਰੇ ਚਿੰਤਤ ਹਾਂ

ਐਮਪੀ ਗਿੱਲ ਨੇ ਕਿਹਾ ਕਿ ਬਹੁਤ ਸਾਰੇ ਲੋਕ ਉਨ੍ਹਾਂ ਨਾਲ ਸੰਪਰਕ ਕਰ ਰਹੇ ਹਨ ਅਤੇ ਆਪਣੀਆਂ ਚਿੰਤਾਵਾਂ ਪ੍ਰਗਟ ਕਰ ਰਹੇ ਹਨ। ‘ਮੈਂ ਖੁੱਲ੍ਹੇ ਨਸਲਵਾਦ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਬਾਰੇ ਬਹੁਤ ਚਿੰਤਤ ਹਾਂ।’ਮੈਂ ਦੋਸ਼ੀਆਂ ਨੂੰ ਜਲਦੀ ਫੜਨ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਿਸ ਨਾਲ ਮਿਲ ਕੇ ਕੰਮ ਕਰਾਂਗੀ। ਸਮੈਥਵਿਕ ਦੇ ਸੰਸਦ ਮੈਂਬਰ ਗੁਰਿੰਦਰ ਸਿੰਘ ਜੋਸਨ ਨੇ ਵੀ ਇਸਨੂੰ ਇੱਕ “ਭਿਆਨਕ ਹਮਲਾ” ਦੱਸਿਆ ਅਤੇ ਲੋਕਾਂ ਨੂੰ ਪੁਲਿਸ ਦੀ ਜਾਂਚ ਵਿੱਚ ਮਦਦ ਕਰਨ ਦੀ ਅਪੀਲ ਕੀਤੀ।

ਕੀ ਹੈ ਪੂਰੀ ਘਟਨਾ?

ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ ਲਗਭਗ 8:30 ਵਜੇ ਦਿਨ-ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹ ਹਮਲਾ ਸਿਰਫ਼ ਜਿਨਸੀ ਅਪਰਾਧ ਹੀ ਨਹੀਂ ਸੀ, ਸਗੋਂ ਇਸ ਵਿੱਚ ਨਸਲੀ ਟਿੱਪਣੀਆਂ ਵੀ ਸ਼ਾਮਲ ਸਨ, ਜਿਸ ਕਾਰਨ ਪੁਲਿਸ ਇਸ ਨੂੰ ਨਸਲੀ ਹਮਲੇ ਵਜੋਂ ਜਾਂਚ ਕਰ ਰਹੀ ਹੈ।

ਪੀੜਤ ਨੌਜਵਾਨ ਨੇ ਪੁਲਿਸ ਨੂੰ ਦੱਸਿਆ ਕਿ ਹਮਲਾਵਰਾਂ ਨੇ ਉਸ ਨੂੰ ਕਿਹਾ, “ਆਪਣੇ ਦੇਸ਼ ਵਾਪਸ ਜਾਓ, ਤੁਹਾਡਾ ਇਸ ਦੇਸ਼ ‘ਤੇ ਕੋਈ ਹੱਕ ਨਹੀਂ ਹੈ।” ਇਸ ਬਿਆਨ ਤੋਂ ਬਾਅਦ ਇਲਾਕੇ ਵਿੱਚ ਗੁੱਸੇ ਅਤੇ ਚਿੰਤਾ ਦਾ ਮਾਹੌਲ ਹੈ।

ਦੋ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਤਲਾਸ਼ ਜਾਰੀ

ਪੁਲਿਸ ਜਾਂਚ ਵਿੱਚ ਹੁਣ ਤੱਕ ਪਤਾ ਲੱਗਿਆ ਹੈ ਕਿ ਇਸ ਵਾਰਦਾਤ ਵਿੱਚ ਦੋ ਵਿਅਕਤੀ ਸ਼ਾਮਲ ਸਨ। ਪੁਲਿਸ ਅਨੁਸਾਰ, ਦੋਵੇਂ ਹਮਲਾਵਰ ਗੋਰੇ (ਅੰਗਰੇਜ਼) ਸਨ। ਇੱਕ ਸ਼ੱਕੀ ਦਾ ਸਰੀਰ ਥੋੜ੍ਹਾ ਭਾਰੀ ਸੀ ਅਤੇ ਸਿਰ ਮੁੰਨਿਆ ਹੋਇਆ ਸੀ, ਜਿਸ ਨੇ ਕਾਲੀ ਸਵੈਟਸ਼ਰਟ ਅਤੇ ਦਸਤਾਨੇ ਪਾਏ ਹੋਏ ਸਨ। ਦੂਜਾ ਸ਼ੱਕੀ ਸਲੇਟੀ ਰੰਗ ਦਾ ਟਾਪ ਪਹਿਨਿਆ ਹੋਇਆ ਸੀ, ਜਿਸ ‘ਤੇ ਸਿਲਵਰ ਜ਼ਿੱਪ ਸੀ। ਇਹ ਹੁਲੀਆ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਪਛਾਣਿਆ ਹੈ।

ਘਟਨਾ ਤੋਂ ਬਾਅਦ ਵੈਸਟ ਮਿਡਲੈਂਡਸ ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਨੂੰ ਤੇਜ਼ ਕਰ ਦਿੱਤਾ। ਫੋਰੈਂਸਿਕ ਟੀਮਾਂ ਮਾਮਲੇ ਦੀ ਤਹਿਕੀਕਾਤ ਕਰ ਰਹੀਆਂ ਹਨ। ਪੁਲਿਸ ਬੁਲਾਰੇ ਨੇ ਕਿਹਾ ਕਿ ਇਸ ਘਟਨਾ ਨੇ ਸਥਾਨਕ ਭਾਈਚਾਰੇ ਵਿੱਚ ਗੁੱਸਾ ਅਤੇ ਡਰ ਪੈਦਾ ਕੀਤਾ ਹੈ। ਅਸੀਂ ਪੀੜਤਾ ਨੂੰ ਇਨਸਾਫ ਦਵਾਉਣ ਅਤੇ ਦੋਸ਼ੀਆਂ ਨੂੰ ਫੜਨ ਲਈ ਹਰ ਸੰਭਵ ਕਦਮ ਚੁੱਕ ਰਹੇ ਹਾਂ।

ਯੂਕੇ ਸਿੱਖ ਫੈਡਰੇਸ਼ਨ ਦੀ ਸਖ਼ਤ ਨਿੰਦਾ

ਯੂਕੇ ਸਿੱਖ ਫੈਡਰੇਸ਼ਨ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਫੈਡਰੇਸ਼ਨ ਦੇ ਮੁਖੀ ਦਵਿੰਦਰਜੀਤ ਸਿੰਘ ਨੇ ਕਿਹਾ, “ਅਸੀਂ ਸਾਰੇ ਸਿਆਸੀ ਦਲਾਂ ਨੂੰ ਇਸ ਹਮਲੇ ਦੀ ਸਰਵਜਨਕ ਨਿੰਦਾ ਕਰਨ ਦੀ ਅਪੀਲ ਕਰਦੇ ਹਾਂ।” ਉਨ੍ਹਾਂ ਨੇ ਯੂਕੇ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਨੂੰ ਵੀ ਸੁਚੇਤ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਇਹ ਹਮਲਾ ਦਿਨ-ਦਿਹਾੜੇ ਵਿਅਸਤ ਸੜਕ ‘ਤੇ ਹੋਇਆ, ਪਰ ਹੁਣ ਤੱਕ ਕਿਸੇ ਵੀ ਰਾਜਨੇਤਾ ਨੇ ਇਸ ਨਸਲੀ ਅਤੇ ਜਿਨਸੀ ਹਮਲੇ ਦੀ ਜਨਤਕ ਨਿੰਦਾ ਨਹੀਂ ਕੀਤੀ। ਉਨ੍ਹਾਂ ਨੇ ਮੌਜੂਦਾ ਸਿਆਸੀ ਮਾਹੌਲ ਨੂੰ ਪਾਪੂਲਿਜ਼ਮ ਅਤੇ ਪ੍ਰਵਾਸੀ-ਵਿਰੋਧੀ ਰਾਜਨੀਤੀ ਦਾ ਨਤੀਜਾ ਦੱਸਿਆ।

ਯੂਕੇ ਦੇ ਸਿੱਖ ਸੰਸਦ ਮੈਂਬਰ ਦੀ ਪ੍ਰਤੀਕਿਰਿਆ

ਲੇਬਰ ਪਾਰਟੀ ਦੇ ਸੰਸਦ ਮੈਂਬਰ ਗੁਰਿੰਦਰ ਸਿੰਘ ਜੋਸਨ ਨੇ ਸੋਸ਼ਲ ਮੀਡੀਆ ‘ਤੇ ਇਸ ਘਟਨਾ ਨੂੰ ਭਿਆਨਕ ਹਮਲਾ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੀਆਂ ਸੰਵੇਦਨਾਵਾਂ ਪੀੜਤਾ ਨਾਲ ਹਨ। ਉਨ੍ਹਾਂ ਪੁਸ਼ਟੀ ਕੀਤੀ ਕਿ ਪੁਲਿਸ ਇਸ ਮਾਮਲੇ ਨੂੰ ਨਫ਼ਰਤੀ ਅਪਰਾਧ (ਹੇਟ ਕ੍ਰਾਈਮ) ਮੰਨ ਕੇ ਸੰਵੇਦਨਸ਼ੀਲਤਾ ਨਾਲ ਜਾਂਚ ਕਰ ਰਹੀ ਹੈ। ਸੰਸਦ ਮੈਂਬਰ ਜੋਸਨ ਨੇ ਇਹ ਵੀ ਕਿਹਾ ਕਿ ਪੀੜਤਾ  ਸਦਮੇ ਵਿੱਚ ਹੈ, ਇਸ ਲਈ ਪੁਲਿਸ ਉਸ ਦੀ ਇੱਛਾ ਅਤੇ ਸਹੂਲਤ ਅਨੁਸਾਰ ਕਾਰਵਾਈ ਕਰ ਰਹੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।
Share This Article
Leave a Comment