ਆਸਟ੍ਰੇਲੀਆ ‘ਚ ਨਫ਼ਰਤ ਦੀ ਹੱਦ ਪਾਰ! ਸਿੱਖ ਗਾਰਡ ‘ਤੇ ਹਮਲਾ, ਦਸਤਾਰ ਉਤਾਰੀ, ਕੇਸਾਂ ਤੋਂ ਫੜਕੇ ਘੜੀਸਿਆ!

Global Team
2 Min Read

ਮੈਲਬਰਨ: ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਬੈਂਡੀਗੋ ਸ਼ਹਿਰ ‘ਚ ਇੱਕ ਸ਼ੌਪਿੰਗ ਮਾਲ ‘ਚ ਸਿੱਖ ਸਕਿਉਰਿਟੀ ਗਾਰਡ ‘ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਦੌਰਾਨ ਨੌਜਵਾਨਾਂ ਨੇ ਗਾਰਡ ਦੀ ਦਸਤਾਰ ਉਤਾਰ ਕੇ ਪੈਰਾਂ ਵਿੱਚ ਰੋਲੀ ਅਤੇ ਕੇਸਾਂ ਤੋਂ ਫੜ ਕੇ ਘੜੀਸ ਦਿੱਤਾ।

ਇਹ ਹਮਲਾ ਇੱਕ ਸ਼ੌਪਿੰਗ ਮਾਲ ਵਿੱਚ ਹੋਇਆ, ਜਿੱਥੇ ਦੁਕਾਨਦਾਰਾਂ ਨੇ ਝਗੜੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੀ ਵੀ ਹਮਲਾਵਰਾਂ ਨੇ ਕੁੱਟਮਾਰ ਕੀਤੀ। ਵਿਕਟੋਰੀਆ ਪੁਲਿਸ ਦੇ ਕਾਰਜਕਾਰੀ ਸੁਪਰਡੈਂਟ ਡੇਵਿਡ ਬੋਅਲਰ ਨੇ ਦੱਸਿਆ ਕਿ 9 ਹਮਲਾਵਰਾਂ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ, ਪੁਲਿਸ ਨੇ ਇਸ ਵਾਰਦਾਤ ਨੂੰ ਨਸਲੀ ਨਫ਼ਰਤ ਨਾਲ ਨਹੀਂ ਜੋੜਿਆ।

ਸਿੱਖ ਭਾਈਚਾਰੇ ਨੇ ਇਸ ਹਮਲੇ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ, ਪੂਰੀ ਜਾਂਚ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਵਿਕਟੋਰੀਆ ਗੁਰਦੁਆਰਾ ਕੌਂਸਲ ਨੇ ਕਿਹਾ ਕਿ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।

ਪ੍ਰੀਮੀਅਰ ਜੈਸਿੰਟਾ ਐਲਨ ਨੇ ਘਟਨਾ ਦੀ ਨਿੰਦਾ ਕੀਤੀ

ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਕਿਹਾ ਕਿ “ਇਹ ਹਮਲਾਵਰ ਹਰਗਿਜ਼ ਬਖਸ਼ੇ ਨਹੀਂ ਜਾਣਗੇ, ਅਤੇ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।” ਘਟਨਾ ਤੋਂ ਬਾਅਦ 10 ਤੋਂ ਵੱਧ ਪੁਲਿਸ ਅਧਿਕਾਰੀ ਮਾਲ ਅਤੇ ਆਲੇ ਦੁਆਲੇ ਗਸ਼ਤ ਕਰਦੇ ਨਜ਼ਰ ਆਏ।

ਇਹ ਵਾਰਦਾਤ ਸਿਰਫ਼ ਇੱਕ ਹਮਲਾ ਨਹੀਂ, ਬਲਕਿ ਆਸਟ੍ਰੇਲੀਆ ਵਿੱਚ ਵਧ ਰਹੇ ਨਫ਼ਰਤੀ ਘਟਨਾਵਾਂ ਦਾ ਸੰਕੇਤ ਵੀ ਹੈ। ਸਿੱਖ ਭਾਈਚਾਰਾ ਹੁਣ ਸਰਕਾਰ ਅਤੇ ਪੁਲਿਸ ਵੱਲੋਂ ਸਖ਼ਤ ਕਾਰਵਾਈ ਦੀ ਉਡੀਕ ਕਰ ਰਿਹਾ ਹੈ।

Share This Article
Leave a Comment