ਨਿਊਜ਼ ਡੈਸਕ: ਇੰਗਲੈਂਡ ਦੇ ਪਹਿਲੇ ਦਸਤਾਰਧਾਰੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਪਾਰਲੀਮੈਂਟ ਦੀ ਸੁਰੱਖਿਆ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਇੰਗਲੈਂਡ ਦੀ ਸੁਰੱਖਿਆ ਕਮੇਟੀ ਵਿਚ ਉਹ ਘੱਟ ਗਿਣਤੀਆਂ ਵਿਚੋਂ ਪਹਿਲੇ ਸਿੱਖ ਹਨ, ਜਿਨ੍ਹਾਂ ਨੂੰ ਕਮੇਟੀ ਦਾ ਮੈਂਬਰ ਚੁਣਿਆ ਗਿਆ ਹੈ।
ਤਨਮਨਜੀਤ ਸਿੰਘ ਢੇਸੀ ਦਾ ਪਰਿਵਾਰ ਜਲੰਧਰ ਜ਼ਿਲ੍ਹੇ ਦੇ ਰਾਏਪੁਰ ਪਿੰਡ ਦਾ ਰਹਿਣ ਵਾਲਾ ਹੈ। ਢੇਸੀ ਨੇ ਇਸ ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਇੰਗਲੈਂਡ ਦੀ ਸੁਰੱਖਿਆ ਕਮੇਟੀ ਵਿਚ ਪਹਿਲੇ ਏਸ਼ੀਆਈ ਸਿੱਖ ਹੋਣ ਦਾ ਮਾਣ ਹਾਸਲ ਹੋਇਆ ਹੈ।
ਸੁਰੱਖਿਆ ਕਮੇਟੀ ਪਾਰਲੀਮੈਂਟ ਦੀਆਂ ਅਹਿਮ ਕਮੇਟੀਆਂ ਵਿਚੋਂ ਇਕ ਹੈ। ਇਸ ਕਮੇਟੀ ਦਾ ਕੰਮ ਸਰਕਾਰ ‘ਤੇ ਨਜ਼ਰ ਰੱਖਣਾ ਹੁੰਦਾ ਹੈ ਕਿ ਉਹ ਸੁਰੱਖਿਆ ਦੇ ਮਾਮਲੇ ਵਿਚ ਕਿਧਰੇ ਵੀ ਕੁਤਾਹੀ ਨਾ ਵਰਤੇ।
ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਇੰਗਲੈਂਡ ਦੇ ਲੋਕਾਂ ਨੇ ਪਹਿਲਾਂ ਵੀ ਉਨ੍ਹਾਂ ਦੀ ਸਲੋਅ ਹਲਕੇ ਤੋਂ ਚੋਣ ਕਰ ਕੇ ਇਤਿਹਾਸ ਰਚਿਆ ਸੀ। ਇੰਗਲੈਂਡ ਦੀ ਪਾਰਲੀਮੈਂਟ ਵਿਚ ਵੀ ਉਹ ਘੱਟ ਗਿਣਤੀਆਂ ਬਾਰੇ ਅਤੇ ਨਸਲੀ ਟਿੱਪਣੀਆਂ ਵਿਰੁੱਧ ਆਵਾਜ਼ ਬੁਲੰਦ ਕਰਦੇ ਆ ਰਹੇ ਹਨ। ਸੁਰੱਖਿਆ ਕਮੇਟੀ ਦਾ ਮੈਂਬਰ ਬਣ ਕੇ ਉਨ੍ਹਾਂ ਨੂੰ ਹੋਰ ਮਾਣ ਮਹਿਸੂਸ ਹੋ ਰਿਹਾ ਹੈ।