ਨਸਲੀ ਟਿੱਪਣੀ ਨੂੰ ਲੈ ਕੇ ਬ੍ਰਿਟੇਨ ਦੀ ਸੰਸਦ ‘ਚ ਤਨਮਨਜੀਤ ਸਿੰਘ ਢੇਸੀ ਨੇ ਘੇਰੇ PM ਜਾਨਸਨ

TeamGlobalPunjab
2 Min Read

ਲੰਦਨ: ਸੋਸ਼ਲ ਮੀਡੀਆ ‘ਤੇ ਬ੍ਰਿਟੇਨ ਦੇ ਪ੍ਰਧਾਨਮੰਤਰੀ ਤੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਬੋਰਿਸ ਜਾਨਸਨ ਤੇ ਯੂਕੇ ਦੀ ਲੇਬਰ ਪਾਰਟੀ ਦੇ ਸਿੱਖ ਸੰਸਦ  ਤਨਮਨਜੀਤ ਸਿੰਘ ਢੇਸੀ ਦੀ ਤਿੱਖੀ ਬਹਿਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਤਨਮਨਜੀਤ ਸਿੰਘ ਢੇਸੀ ਨਸ‍ਲਵਾਦੀ ਟਿੱਪਣੀ ਨੂੰ ਲੈ ਕੇ ਬੋਰਿਸ ਜਾਨਸਨ ਤੋਂ ਮੁਆਫੀ ਮੰਗਣ ਲਈ ਕਹਿ ਰਹੇ ਹਨ।

ਸੰਸਦ ‘ਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਤਨਮਨਜੀਤ ਸਿੰਘ ਢੇਸੀ ਨੇ ਇਸ ਤਰ੍ਹਾਂ ਘੇਰਿਆ ਕਿ ਉਨ੍ਹਾਂ ਦੇ ਸਮਰਥਨ ‘ਚ ਸੰਸਦ ਵਿੱਚ ਮੌਜੂਦ ਮੈਂਬਰਾਂ ਨੇ ਖੂਬ ਤਾਲੀਆਂ ਵਜਾਈਆਂ ਤੇ ਉਸ ਵੇਲੇ ਪੀ. ਐੱਮ. ਜਾਨਸਨ ਵੀ ਸੰਸਦ ‘ਚ ਹੀ ਮੌਜੂਦ ਸਨ।

ਦਰਅਸਲ ਸਾਲ 2018 ‘ਚ ਬੋਰਿਸ ਜਾਨਸਨ ਵੱਲੋਂ ‘ਦਿ ਟੈਲੀਗ੍ਰਾਫ’ ‘ਚ ਇਕ ਲੇਖ ਲਿਖਿਆ ਗਿਆ ਸੀ ਜਿਸ ‘ਚ ਉਸ ਨੇ ਮੁਸਲਿਮ ਔਰਤਾਂ ‘ਤੇ ਨਸਲਵਾਦੀ ਟਿੱਪਣੀ ਕਰਦੇ ਹੋਏ ਲਿਖਿਆ ਸੀ ਕਿ ਜੋ ਔਰਤਾਂ ਬੁਰਕਾ ਪਾਉਂਦੀਆਂ ਹਨ, ਉਹ ਕਿਸੇ ‘ਲੈਟਰਬਾਕਸ’ ਜਾਂ ‘ਬੈਂਕ ਲੁੱਟਣ ਵਾਲਿਆਂ’ ਵਾਂਗ ਦਿਖਾਈ ਦਿੰਦੀਆਂ ਹਨ। ਉਨ੍ਹਾਂ ਦੀ ਇਸ ਟਿੱਪਣੀ ‘ਤੇ ਤਨਮਨਜੀਤ ਸਿੰਘ ਨੇ ਉਨ੍ਹਾਂ ਨੂੰ ਮੁਆਫੀ ਮੰਗਣ ਲਈ ਕਿਹਾ ਹੈ।

ਤਨਮਨਜੀਤ ਸਿੰਘ ਨੇ ਢੇਸੀ ਨੇ ਸੰਸਦ ਨੂੰ ਸੰਬੋਧਤ ਕਰਦੇ ਹੋਏ ਨੇ ਕਿਹਾ ਕਿ ਸਾਡੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਵੀ ਹਨ, ਜਿਨ੍ਹਾਂ ਦੇ ਧਾਰਮਿਕ ਪਹਿਰਾਵੇ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਸਿੱਖਾਂ ਦੀ ਦਸਤਾਰ ‘ਤੇ ਵੀ ਬਹੁਤ ਸਾਰੇ ਲੋਕ ਗਲਤ ਟਿੱਪਣੀਆਂ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਉਨ੍ਹਾਂ ਮੁਸਲਿਮ ਔਰਤਾਂ ਦਾ ਦਰਦ ਬਹੁਤ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿਉਂਕਿ ਉਨ੍ਹਾਂ ਦੀ ਪੱਗ ‘ਤੇ ਵੀ ਲੋਕਾਂ ਨੇ ਕਈ ਵਾਰ ਟੱਪਣੀ ਕੀਤੀ ਹੈ।

ਉੱਥੇ ਹੀ ਪ੍ਰਧਾਨਮੰਤਰੀ ਜਾਨਸਨ ਨੇ ਇਸ ‘ਤੇ ਸਫਾਈ ਦਿੰਦੇ ਕਿਹਾ ਕਿ ਉਨ੍ਹਾਂ ਦੇ ਉਸ ਲੇਖ ਨੂੰ ਦੁਬਾਰਾ ਪੜ੍ਹਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ‘ਤੇ ਮਾਣ ਹੈ ਕਿ ਉਨ੍ਹਾਂ ਦੀ ਕੈਬਨਿਟ ‘ਚ ਵੱਖ-ਵੱਖ ਧਰਮਾਂ ਦੇ ਲੋਕ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਢੇਸੀ ਦੇ ਇਸ ਬਿਆਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦਿ ਸ਼ਲਾਘਾ ਕੀਤੀ ਹੈ ਕਿ ਉਨ੍ਹਾਂ ਨੇ ਸਿੱਖ ਹੋਣ ਦੇ ਨਾਤੇ ਕਿਸੇ ਹੋਰ ਧਰਮ ਦੇ ਹੱਕ ਲਈ ਵੀ ਆਵਾਜ਼ ਚੁੱਕੀ ਹੈ।

Share this Article
Leave a comment