ਕੈਨੇਡਾ ਦੇ ਇਸ ਸੂਬੇ ਤੋਂ ਸਿੱਖਾਂ ਲਈ ਆਈ ਵੱਡੀ ਖੁਸ਼ਖਬਰੀ

Global Team
3 Min Read

ਰੇਜਿਨਾ: ਕੈਨੇਡਾ ਦੇ ਸੂਬੇ ਸਸਕੈਚਵਨ ਦੀ ਸਰਕਾਰ ਨੇ ਕਿਸੇ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਹੈਲਮਟ ਤੋਂ ਅਸਥਾਈ ਛੋਟ ਦੇ ਦਿੱਤੀ ਹੈ। ਪਰ ਇਹ ਛੋਟ ਚੈਰਿਟੀ ਰਾਈਡ ਵਰਗੇ ਖਾਸ ਸਮਾਗਮਾਂ ਲਈ ਹੀ ਦਿੱਤੀ ਗਈ ਹੈ, ਜਿਸ ਦੌਰਾਨ ਸਿੱਖ ਮੋਟਰਸਾਈਕਲ ਸਵਾਰ ਬਿਨਾਂ ਹੈਲਮਟ ਤੋਂ ਬਾਈਕ ਚਲਾ ਸਕਣਗੇ।

ਪ੍ਰੀਮੀਅਰ ਸਕੌਟ ਮੋਅ ਦੀ ਅਗਵਾਈ ਵਾਲੀ ਸਸਕੈਚਵਨ ਸਰਕਾਰ ਨੇ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਰਾਹਤ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਚੈਰਿਟੀ ਰਾਈਡ ਵਰਗੇ ਖਾਸ ਸਮਾਗਮਾਂ ਦੌਰਾਨ ਹੈਲਮਟ ਪਾਉਣ ਦੀ ਲੋੜ ਨਹੀਂ। ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਬਾਹਰ ਸਥਿਤ ਇੱਕ ਮੋਟਰਸਾਈਕਲ ਗਰੁੱਪ ‘ਲਿਜੈਂਡਰੀ ਸਿੱਖ ਰਾਈਡਰਜ਼’ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਸੀ ਕਿ ਸੂਬੇ ਵਿੱਚ ਚੈਰਿਟੀ ਰਾਈਡ ਭਾਵ ਫੰਡ ਇਕੱਠਾ ਕਰਨ ਲਈ ਕੱਢੀ ਜਾਂਦੀ ਮੋਟਰਸਾਈਕਲ ਰੈਲੀ ਦੌਰਾਨ ਸਿੱਖਾਂ ਨੂੰ ਹੈਲਮਟ ਤੋਂ ਛੋਟ ਦੇਣੀ ਚਾਹੀਦੀ ਹੈ। ਉਸ ਤੋਂ ਬਾਅਦ ਹੁਣ ਸਸਕੈਚਵਨ ਸਰਕਾਰ ਦਾ ਇਹ ਫ਼ੈਸਲਾ ਆ ਗਿਆ, ਜਿਸ ਵਿੱਚ ਸਿੱਖਾਂ ਨੂੰ ਅਸਥਾਈ ਤੌਰ ‘ਤੇ ਹੈਲਮਟ ਪਾਉਣ ਤੋਂ ਛੋਟ ਦੇ ਦਿੱਤੀ ਗਈ।

ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ, ਐਲਬਰਟਾ, ਮੈਨੀਟੋਬਾ ਅਤੇ ਓਨਟਾਰੀਓ ਤੇ ਸਸਕੈਚਵਨ ਸੂਬੇ ਵਿੱਚ ਧਾਰਮਿਕ ਸਮਾਗਮਾਂ ਦੌਰਾਨ ਸਥਾਈ, ਬਲੈਕਟ ਹੈਲਮੇਟ ਛੋਟ ਮਿਲੀ ਹੋਈ ਹੈ, ਪਰ ਕਾਨੂੰਨ ਬਾਕੀ ਸਾਰੇ ਮੋਟਰਸਾਈਕਲ ਸਵਾਰਾਂ ਨੂੰ ਜਨਤਕ ਆਵਾਜਾਈ ਦੌਰਾਨ ਹੈਲਮਟ ਪਾਉਣਾ ਲਾਜ਼ਮੀ ਬਣਾਉਂਦਾ ਹੈ। ਸਸਕੈਚਵਨ ਗੌਰਮਿੰਟ ਇੰਸ਼ੌਰੈਂਸ (SGI) ਲਈ ਜ਼ਿੰਮੇਵਾਰ ਮੰਤਰੀ ਡੌਨ ਮੋਰਗਨ ਨੇ ਕਿਹਾ ਕਿ ਮੋਟਰਸਾਈਕਲ ਸਵਾਰਾਂ ਲਈ ਹੈਲਮੇਟ ਸੁਰੱਖਿਆ ਉਪਕਰਨਾਂ ਦਾ ਇੱਕ ਜ਼ਰੂਰੀ ਹਿੱਸਾ ਹੈ।

ਸਸਕੈਚਵਨ ਸਰਕਾਰ ਵਲੋਂ ਜਾਰੀ ਬਿਆਨ ਅਨੁਸਾਰ ਵਾਹਨ ਉਪਕਰਣ ਨਿਯਮਾਂ ਵਿੱਚ ਸੋਧਾਂ ਅਸਥਾਈ ਹੋਣਗੀਆਂ ਅਤੇ ਸਿੱਖ ਧਰਮ ਦੇ ਸਾਰੇ ਮੈਂਬਰਾਂ ਨੂੰ ਬਿਨਾਂ ਹੈਲਮੇਟ ਦੇ ਮੋਟਰਸਾਈਕਲ ਚਲਾਉਣ ਦੀ ਕੋਈ ਬਲੈਂਕਟ ਛੋਟ ਪੇਸ਼ ਕਰਨ ਦੀ ਕਈ ਯੋਜਨਾ ਨਹੀਂ ਹੈ। ਮੋਰਗਨ ਨੇ ਕਿਹਾ ਕਿ ਸਾਡੀ ਸਰਕਾਰ ਅਸਥਾਈ ਛੋਟਾਂ ਦੇ ਇਸ ਪ੍ਰਬੰਧ ਨੂੰ ਇੱਕ ਨਿਰਪੱਖ ਸਮਝੌਤੇ ਵਜੋਂ ਦੇਖਦੀ ਹੈ, ਜੋ ਭਵਿੱਖ ਵਿੱਚ ਚੈਰਿਟੀ ਫੰਡਰੇਜ਼ਰਾਂ ਨੂੰ ਅੱਗੇ ਵਧਣ ਦੇ ਯੋਗ ਬਣਾਵੇਗੀ। ਛੋਟਾਂ ਨੂੰ ਸਸਕੈਚਵਨ ਗੌਰਮਿੰਟ ਇੰਸ਼ੌਰੈਂਸ ਲਈ ਜ਼ਿੰਮੇਵਾਰ ਮੰਤਰੀ ਵਲੋਂ ਮਨਜ਼ੂਰੀ ਦੇਣੀ ਪਵੇਗੀ ਅਤੇ ਇਹ ਸਿੱਖ ਭਾਈਚਾਰੇ ਦੇ ਮੈਂਬਰਾਂ ਤੱਕ ਸੀਮਤ ਹੋਵੇਗੀ, ਜੋ ਆਪਣੇ ਵਿਸ਼ਵਾਸ ਦੇ ਪ੍ਰਗਟਾਵੇ ਵਜੋਂ ਦਸਤਾਰ ਸਜਾਉਂਦੇ ਹਨ ਅਤੇ ਹੈਲਮਟ ਪਹਿਨਣ ਵਿੱਚ ਅਸਮਰੱਥ ਹਨ। ਦਿੱਤੀ ਗਈ ਕੋਈ ਵੀ ਛੋਟ ਉਨ੍ਹਾਂ ਯਾਤਰੀਆਂ ਜਾਂ ਸਵਾਰੀਆਂ ਤੇ ਲਾਗੂ ਨਹੀਂ ਹੋਵੇਗੀ, ਜੋ ਅਜੇ ਵੀ ਸਿਖਿਆਰਥੀ ਹਨ ਜਾਂ ਆਪਣੇ ਗ੍ਰਹਿ ਸੂਬੇ ਦੇ ਗ੍ਰੇਜੂਏਟ ਡਰਾਈਵਰ ਲਾਇਸੰਸਿੰਗ ਪ੍ਰੋਗਰਾਮ ਵਿੱਚ ਹਨ।

Share This Article
Leave a Comment