ਸਸਕੈਚੇਵਨ : ਕੈਨੇਡਾ ਦੇ ਸਸਕੈਚੇਵਨ ਸੂਬੇ ਦੇ ਰਿਜਾਇਨਾ ਸ਼ਹਿਰ ‘ਚ ਸਿੱਖ ਨੌਜਵਾਨ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਜਦੋਂ ਸਿਮਰਨਦੀਪ ਸਿੰਘ ਕੰਮ ਤੋਂ ਪਰਤ ਕੇ ਆਪਣੀ ਕਾਰ ਪਾਰਕ ਕਰ ਰਿਹਾ ਸੀ, ਉਸ ਵੇਲੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਦਸਤਾਰਧਾਰੀ ਨੌਜਵਾਨ ਸਿਮਰਨਦੀਪ ਸਿੰਘ ਨੇ ਦੱਸਿਆ ਕਿ ਜਦੋ ਉਹ ਆਪਣੀ ਕਾਰ ਪਾਰਕ ਕਰ ਰਿਹਾ ਸੀ ਤਾਂ ਇੱਕ ਗੱਡੀ ‘ਚ ਆਏ ਦੋ ਨੌਜਵਾਨਾਂ ਨੇ ਉਸ ‘ਤੇ ਹਥਿਆਰ ਨਾਲ ਹਮਲਾ ਕਰ ਦਿੱਤਾ। ਸਿਮਰਨਦੀਪ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ ਦੇ ਚਿਹਰੇ ਅਤੇ ਸਿਰ ਉਪਰ ਵਾਰ ਕੀਤੇ ਜਿਸ ਕਾਰਨ ਉਹ ਬੇਹੋਸ਼ ਹੋ ਕੇ ਡਿੱਗ ਗਿਆ। ਇਸੇ ਦੌਰਾਨ ਜਦੋਂ ਸਿਮਰਨਦੀਪ ਸਿੰਘ ਦੀ ਪਤਨੀ ਨੂੰ ਘਟਨਾ ਸਬੰਧੀ ਪਤਾ ਲੱਗਿਆ ਤਾਂ ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।
ਮੌਕੇ ਤੇ ਪਹੁੰਚੀ ਪੁਲਿਸ ਵਲੋਂ ਸਿੰਘ ਨੂੰ ਐਮਰਜੰਸੀ ਮੈਡੀਕਲ ਸਹਾਇਤਾ ਦਿੱਤੀ ਗਈ ਤੇ ਹਸਪਤਾਲ ਲਿਜਾਇਆ ਗਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਸ਼ੁਰੂ ਕਰ ਕੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ। ਸਿਮਰਨਦੀਪ ਸਿੰਘ ਕੌਮਾਂਤਰੀ ਵਿਦਿਆਰਥੀ ਵਜੋਂ ਕੈਨੇਡਾ ਆਇਆ ਸੀ ਅਤੇ ਆਪਣਾ ਖਰਚਾ ਚਲਾਉਣ ਲਈ ਟਰੱਕ ਚਲਾਉਣ ਦਾ ਕੰਮ ਕਰਦਾ ਹੈ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਓਂਟਾਰੀਓ ਦੇ ਲੰਡਨ ਸ਼ਹਿਰ ‘ਚ ਮੁਸਲਮਾਨ ਪਰਿਵਾਰ ਦੇ ਚਾਰ ਜੀਆਂ ਨੂੰ ਗੱਡੀ ਹੇਠ ਦਰੜ ਕੇ ਮਾਰਨ ਦੀ ਨਸਲੀ ਨਫ਼ਰਤ ਦੀ ਘਟਨਾ ਸਾਹਮਣੇ ਆਈ ਸੀ, ਜਦਕਿ ਹਮਲਾਵਰ ਪਹਿਲਾਂ ਕਦੇ ਵੀ ਉਸ ਪਰਿਵਾਰ ਨੂੰ ਨਹੀਂ ਮਿਲਿਆ ਸੀ।