ਸਿੱਖ ਇਤਿਹਾਸ:ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ

navdeep kaur
7 Min Read

ਸਿੱਖਾਂ ਦੇ ਦੂਸਰੇ ਗੁਰੂ ਅਤੇ ਸੇਵਾ ਦੇ ਪੁੰਜ ਗੁਰਮੁਖੀ ਦੇ ਦਾਨੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਅੱਜ ਪ੍ਰਕਾਸ਼ ਪੁਰਬ ਜਿੱਥੇ ਕੀ ਪੂਰੇ ਦੇਸ਼ ਅਤੇ ਵਿਦੇਸ਼ਾਂ ਦੇ ਵਿੱਚ ਸ਼ਰਧਾਲੂ ਆਪਣੇ-ਆਪਣੇ ਢੰਗ ਨਾਲ ਇਸ ਦਿਨ ਨੂੰ ਮਨਾ ਰਹੇ ਹਨ ਉੱਥੇ ਹੀ ਸਚਖੰਡ ਸ੍ਰੀ ਦਰਬਾਰ ਸਾਹਿਬ ਵਿਚ ਵੀ ਸਵੇਰ ਤੋਂ ਹੀ ਸ਼ਰਧਾਲੂ ਨਤਮਸਤਕ ਹੋ ਕੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਹਨ ਅਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ
ਗੁਰੂ ਅੰਗਦ ਸਾਹਿਬ ਜੀ ਸਿੱਖਾਂ ਦੇ ਦੂਜੇ ਗੁਰੂ ਸਨ ਜਿੰਨ੍ਹਾ ਨੇ 1539ਈ. ਤੋਂ ਲੈ ਕੇ 1552ਈ ਤੱਕ ਸਿੱਖ ਪੰਥ ਦੀ ਅਗਵਾਈ ਕੀਤੀ, ਜਿਸ ਸਮੇ ਭਾਰਤ ਉੱਪਰ ਮੁਗਲ ਬਾਦਸ਼ਾਹ ਹਮਾਯੂੰ ਦੀ ਹਕੂਮਤ ਸੀ। ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਕਾਲ ਦੇ ਦੋਰਾਨ ਭਾਰਤ ਵਿੱਚ ਰਾਜਨੀਤਿਕ ਦ੍ਰਿਸ਼ਟੀ ਤੋਂ ਆਰਜਾਕਤਾ ਦਾ ਦੌਰ ਸੀ। ਇਸ ਲਈ ਸਿੱਖ ਧਰਮ ਦੇ ਨਿਕਾਸ, ਵਿਕਾਸ ਤੇ ਸੰਗਠਨ ਲਈ ਉਹਨਾਂ ਦਾ ਗੁਰਿਆਈ ਕਾਲ ਬੜੀ ਅਹਿਮੀਅਤ ਰਖਦਾ ਸੀ 1 ਉਨ੍ਹਾ ਦੇ ਗੁਰੂ ਕਾਲ ਵਿਚ ਸਿਖ ਧਰਮ ਦਾ ਨਵਾਂ ਨਵਾਂ ਜਨਮ ਹੋਇਆ ਸੀ ਜਿਸਦੀ ਨੀਂਹ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀ। ਗੁਰੂ ਅੰਗਦ ਦੇਵ ਜੀ ਨੇ ਆਪਣੀ ਇਸ ਜਿਮੇਵਾਰੀ ਨੂੰ ਬੜੀ ਬਾਖੂਬੀ ਨਾਲ ਨਿਭਾਉਂਦੇ ਹੋਏ ਸਿਖ ਧਰਮ ਨੂੰ ਮਜਬੂਤ ਕੀਤਾ।

ਗੁਰੂ ਅੰਗਦ ਦੇਵ ਜੀ ਦਾ ਜਨਮ ਮਤੇ ਦੀ ਸਰਾਂ ਜਿਲਾ ਫਿਰੋਜਪੁਰ ਬਾਬਾ ਫੇਰੂ ਮਲ ਤੇ ਮਾਤਾ ਦਇਆ ਜੀ ਦੇ ਗ੍ਰਹਿ ਵਿਖੇ ਹੋਇਆ। ਜਦ ਬਾਬਰ ਦੇ ਹਮਲੇ ਤੇ ਸੂਬੇਦਾਰਾਂ ਦੀਆ ਬਗਾਵਤਾਂ ਕਾਰਨ ਬਦਅਮਨੀ ਤੇ ਲੁਟਮਾਰ ਕਰਕੇ ਮਤੇ ਦੀ ਸਰਾਂ ਬਿਲਕੁਲ ਬਰਬਾਦ ਹੋ ਗਈ ਤਾਂ ਬਾਬਾ ਫੇਰੂ ਮਲ ਪਰਿਵਾਰ ਸਮੇਤ ਪਿੰਡ ਹਰੀਕੇ ਤੇ ਫਿਰ ਖਡੂਰ ਸਾਹਿਬ ਆ ਵਸੇ। ਬਾਬਾ ਫੇਰੂ ਮਲ ਦੇ 7 ਪੁਤਰ ਤੇ ਇਕ ਧੀ ਬੀਬੀ ਵਰਾਈ ਜੋ ਖਡੂਰ ਸਾਹਿਬ ਮਹਿਮੇ ਚੌਧਰੀ ਨਾਲ ਵਿਆਹੀ ਹੋਈ ਸੀ। ਉਨ੍ਹਾ ਦਾ ਵਿਆਹ 15 ਸਾਲ ਦੀ ਉਮਰ ਵਿਚ 1519 ਈ ਵਿਚ ਮਾਤਾ ਖੀਵੀ, ਸਪੁੱਤਰੀ ਦੇਵੀ ਚੰਦ ਪਿੰਡ ਸੰਘਰ ਨੇੜੇ ਖਡੂਰ ਵਿਖੇ ਹੋਇਆ।
ਭਾਈ ਲਹਿਣਾ ਜੀ ਦਾ ਬਚਪਨ ਬੜੇ ਚਾਵਾਂ-ਮਲਾਰਾਂ ਤੇ ਉਤਮ ਪਾਲਣ -ਪੋਸ਼ਣ ਨਾਲ ਬੀਤਿਆ। ਇਨ੍ਹਾ ਦੀ ਪੜਾਈ ਤੇ ਫ਼ਾਰਸੀ ਸਿਖਣ ਦਾ ਯੋਗ ਪ੍ਰਬੰਧ ਕੀਤਾ ਗਿਆ। ਆਪ ਚੋਧਰੀ ਤਖਤ ਕੋਲ ਮੁਨਸ਼ੀ ਦਾ ਕੰਮ ਕਰਨ ਲਗ ਪਏ1 ਕਿਸੇ ਕਾਰਨ ਜਦ ਬਾਬਾ ਫੇਰੂ ਮਲ ਤੇ ਚੋਧਰੀ ਤਖਤ ਮਲ ਦਾ ਆਪਸੀ ਮਤ ਭੇਦ ਗਿਆ ਤਾਂ ਆਪ ਆਪਣੇ ਸਹੁਰੇ ਪਰਿਵਾਰ ਪਿੰਡ ਸੰਘਰ ਵਿਚ ਚਲੇ ਗਏ ਤੇ ਕੁਝ ਦੇਰ ਉਥੇ ਹੀ ਰਹੇ। ਇਥੇ ਆਪਜੀ ਦੇ ਦੋ ਪੁਤਰ ਦਾਸੁ ਤੇ ਦਾਤੂ ਜੀ ਤੇ ਦੋ ਧੀਆਂ ਬੀਬੀ ਅਨੋਖੀ ਤੇ ਬੀਬੀ ਅਮਰੋ ਜੀ ਹੋਏ। ਗੁਰੂ ਅੰਗਦ ਦੇਵ ਜੀ ਤੇ ਮਾਤਾ ਖੀਵੀ ਦੀ ਸ਼ਖਸ਼ੀਅਤ ਦਾ ਦੋਨੋ ਬਚੀਆਂ ਤੇ ਗਹਿਰਾ ਪ੍ਰਭਾਵ ਪਿਆ। ਇਹ ਬੀਬੀ ਅਮਰੋ ਜੀ ਹੀ ਸਨ ਜਿਨ੍ਹਾ ਦੇ ਮੁਖ ਤੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣ ਕੇ ਗੁਰੂ ਅਮਰਦਾਸ ਗੁਰੂ ਘਰ ਦੇ ਸੇਵਾ ਕਰਦੇ ਗੁਰੂ ਪਦਵੀ ਤਕ ਪਹੁੰਚੇ ਗਏ।

 

- Advertisement -

 

 

 

 

- Advertisement -

 

ਵਿਆਹ
ਸੰਨ 1519 ਈ: ਵਿਚ ਭਾਈ ਲਹਿਣਾ ਜੀ ਦਾ ਵਿਆਹ ਖਡੂਰ ਸਾਹਿਬ ਦੇ ਵਾਸੀ ਭਾਈ ਦੇਵੀ ਚੰਦ ਦੀ ਸਪੁੱਤਰੀ ਬੀਬੀ ਖੀਵੀ ਜੀ ਨਾਲ ਹੋਇਆ। ਵਿਆਹ ਤੋਂ ਬਾਅਦ ਉਹਨਾਂ ਦੇ ਘਰ ਦੋ ਧੀਆਂ ਬੀਬੀ ਅਨੋਖੀ ਜੀ ਤੇ ਬੀਬੀ ਅਮਰੋ ਜੀ ਅਤੇ ਦੋ ਪੁੱਤਰ ਭਾਈ ਦਾਤੂ ਜੀ ਤੇ ਭਾਈ ਦਾਸੂ ਜੀ ਨੇ ਜਨਮ ਲਿਆ। ਭਾਈ ਫੇਰੂ ਮੱਲ ਜੀ ਦੇ ਅਕਾਲ ਚਲਾਣੇ ਮਗਰੋਂ ਭਾਈ ਲਹਿਣਾ ਜੀ ਨੇ ਆਪਣੇ ਪਿਤਾ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਚੰਗੀ ਤਰ੍ਹਾਂ ਸੰਭਾਲੀਆਂ।

ਗੁਰੂ ਨਾਨਕ ਦਾ ਸਿੱਖ ਬਣਨਾ -:
27 ਸਾਲ ਦੀ ਉਮਰ ਤੱਕ ਭਾਈ ਲਹਿਣਾ ਜੀ ਦੇਵੀ ਮਾਤਾ ਦੀ ਪੂਜਾ ਕਰਦੇ ਸਨ। 27 ਸਾਲ ਦੀ ਉਮਰ ਵਿਚ ਉਹਨਾਂ ਨੇ ਭਾਈ ਜੋਧਾ ਜੀ ਕੋਲੋਂ ਗੁਰੂ ਨਾਨਕ ਜੀ ਬਾਰੇ ਸੁਣਿਆ ਅਤੇ ਉਸ ਤੋਂ ਬਾਅਦ ਉਹਨਾਂ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਲਈ ਕਰਤਾਰਪੁਰ ਸਾਹਿਬ ਜਾਣ ਦਾ ਫੈਸਲਾ ਕੀਤਾ। ਗੁਰੂ ਨਾਨਕ ਦੇਵ ਜੀ ਨੂੰ ਇਕ ਵਾਰ ਮਿਲਣ ਤੋਂ ਬਾਅਦ ਭਾਈ ਲਹਿਣਾ ਜੀ ਵਿਚ ਬਹੁਤ ਬਦਲਾਅ ਆਇਆ ਅਤੇ ਉਹਨਾਂ ਨੇ ਅਪਣੇ ਆਪ ਨੂੰ ਗੁਰੂ ਸਾਹਿਬ ਦਾ ਸਿੱਖ ਬਣਾ ਲਿਆ। ਗੁਰੂ ਅੰਗਦ ਦੇਵ ਜੀ ਨੇ ਲਗਭਗ 7 ਸਾਲ ਗੁਰੂ ਸਾਹਿਬ ਦੀ ਸੰਗਤ ਕੀਤੀ। ਉਸ ਤੋਂ ਬਾਅਦ 13 ਜੂਨ 1539 ਨੂੰ ਗੁਰੂ ਸਾਹਿਬ ਨੇ ਭਾਈ ਲਹਿਣਾ ਦਾ ਨਾਂਅ ਬਦਲ ਕੇ ਅੰਗਦ ਦੇਵ ਰੱਖ ਦਿੱਤਾ ਅਤੇ ਗੁਰੂ ਅੰਗਦ ਦੇਵ ਜੀ ਨੂੰ ਸਿੱਖਾਂ ਦੇ ਦੂਜੇ ਗੁਰੂ ਥਾਪਿਆ।

 

ਗੁਰਮੁਖੀ ਲਿਪੀ ਦੀ ਖੋਜ -:
ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਦੇ ਵਰਤਮਾਨ ਰੂਪ ਦੀ ਖੋਜ ਕੀਤੀ। ਉਸ ਤੋਂ ਬਾਅਦ ਗੁਰਮੁਖੀ ਪੰਜਾਬੀ ਭਾਸ਼ਾ ਲਿਖਣ ਦਾ ਮਾਧਿਅਮ ਬਣ ਗਈ। ਬਾਅਦ ਵਿਚ ਇਸੇ ਲਿਪੀ ਵਿਚ ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਕੀਤੀ ਗਈ।ਗੁਰਮੁਖੀ ਲਿਪੀ ਵਿੱਚ ਹੀ ਸਿੱਖਾਂ ਦੇ ਮਹਾਨ ਗੁਰੂ “ਸ੍ਰੀ ਗੁਰੂ ਗ੍ਰੰਥ ਸਾਹਿਬ “ਦੀ ਲਿਖਤ ਹੈ। ਜਿਸ ਨੂੰ ਕੇਵਲ ਸਿੱਖ ਹੀ ਨਹੀਂ ਹਰ ਸਖ਼ਸ਼ ਬੜੇ ਆਰਾਮ ਨਾਲ ਪੜ੍ਹ ‘ਤੇ ਸਮਝ ਸਕਦਾ ਹੈ।

ਲੰਗਰ ਦੀ ਸੇਵਾ
ਗੁਰ-ਗੱਦੀ ‘ਤੇ ਬੈਠਣ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਤੋਂ ਗੁਰਮਤਿ ਦਾ ਪ੍ਰਚਾਰ ਸ਼ੁਰੂ ਕੀਤਾ ਤਾਂ ਗੁਰੂ ਸਾਹਿਬ ਦੀ ਪਤਨੀ ਮਾਤਾ ਖੀਵੀ ਜੀ ਨੇ ਲੰਗਰ ਦੀ ਸੇਵਾ ਦੇ ਸਾਰੇ ਪ੍ਰਬੰਧ ਦੀ ਜ਼ਿੰਮੇਵਾਰੀ ਆਪ ਸੰਭਾਲ ਲਈ। ਮਾਤਾ ਖੀਵੀ ਜੀ ਵੱਲੋਂ ਬਹੁਤ ਵਧੀਆ ਲੰਗਰ ਤਿਆਰ ਕੀਤਾ ਜਾਂਦਾ ਸੀ ਅਤੇ ਸੰਗਤਾਂ ਨੂੰ ਸ਼ਰਧਾ ਨਾਲ ਛਕਾਇਆ ਜਾਂਦਾ ਸੀ। ਮਾਤਾ ਖੀਵੀ ਨੇ ਲੰਗਰ ਦੀ ਸੇਵਾ ਤੋਂ ਇਲਾਵਾ ਸਭ ਲਈ ਪ੍ਰੇਮ ਭਰਿਆ ਵਾਤਾਵਰਣ ਵੀ ਸਿਰਜਿਆ। ਅੱਜ ਵੀ ਖਡੂਰ ਸਾਹਿਬ ਵਿਖੇ ਮਾਤਾ ਖੀਵੀ ਜੀ ਦਾ ਲੰਗਰ ਚੱਲਦਾ ਹੈ।
ਸਿੱਖ ਧਰਮ ਵਿਚ ਸਿਰਫ ਮਾਤਾ ਖੀਵੀ ਜੀ ਹੀ ਅਜਿਹੀ ਔਰਤ ਹਨ, ਜਿਨ੍ਹਾਂ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੋਇਆ ਹੈ। ਭਾਈ ਸੱਤਾ ਅਤੇ ਬਲਵੰਡ ਦੁਆਰਾ ਰਾਮਕਲੀ ਦੀ ਵਾਰ ਅੰਦਰ ਇਉਂ ਵਰਨਣ ਕੀਤਾ ਗਿਆ ਹੈ:
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ।।
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤ ਖੀਰਿ ਘਿਲਾਈ।। (ਪੰਨਾ 967)

ਜੋਤੀ ਜੋਤ ਸਮਾਉਣਾ -:
1552 ਵਿਚ ਗੁਰੂ ਸਾਹਿਬ ਨੇ ਗੁਰੂ ਅਮਰ ਦਾਸ ਜੀ ਨੂੰ ਗੁਰਗੱਦੀ ਸੌਂਪੀ। ਗੁਰੂ ਅੰਗਦ ਦੇਵ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਸਾਹਿਬ ਰਹਿ ਕੇ ਸਿੱਖੀ ਦਾ ਪ੍ਰਚਾਰ ਕਰਨ ਲਈ ਆਖਿਆ। ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਹਨਾਂ ਦੀ ਪਤਨੀ ਮਾਤਾ ਖੀਵੀ ਜੀ ਨੇ 30 ਸਾਲ ਜੀਵਨ ਬਤੀਤ ਕੀਤਾ। ਹਰ ਸਾਲ ਗੁਰੂ ਅੰਗਦ ਦੇਵ ਸਾਹਿਬ ਦਾ ਪ੍ਰਕਾਸ਼ ਪੁਰਬ ਖਡੂਰ ਸਾਹਿਬ ਵਿਖੇ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਜਾਂਦਾ ਹੈ ।

 

 

Share this Article
Leave a comment