– ਅਵਤਾਰ ਸਿੰਘ
ਸਿਗਮੰਡ ਫਰਾਇਡ ਦਾ ਨਾਂ ਅਧੁਨਿਕ ਸੰਸਾਰ ਦੇ ਤਿੰਨ ਮਹਾਨ ਚਿੰਤਕਾਂ ਵਿੱਚ ਗਿਣਿਆ ਜਾਂਦਾ ਹੈ, ਦੂਜੇ ਦੋ ਚਿੰਤਕ ਡਾਰਵਿਨ ਅਤੇ ਆਈਨਸਟੀਨ ਹਨ।ਸਿਗਮੰਡ ਫਰਾਇਡ ਦਾ ਜਨਮ 6 ਮਈ,1856 ਕਸਬੇ ਮੋਰਵੀਆ, ਚੈਕੋਸਲੋਵਾਕੀਆ ਵਿੱਚ ਹੋਇਆ ਜੋ ਪਹਿਲਾਂ ਆਸਟਰੀਆ ਵਿਚ ਸੀ।
ਫਰਾਇਡ ਨੇ ਇਕ ਮੱਧ-ਸ਼੍ਰੇਣੀ ਦੇ ਯਹੂਦੀ ਪਰਿਵਾਰ ਵਿੱਚ ਜਨਮ ਲਿਆ। ਉਸ ਦੀ ਮਾਂ ਉਸ ਦੇ ਪਿਤਾ ਦੀ ਦੂਜੀ ਪਤਨੀ ਸੀ। ਫਰਾਇਡ ਉਪਰੰਤ ਉਸ ਦੀ ਮਾਂ ਨੇ ਸੱਤ ਹੋਰ ਪੁੱਤਰਾਂ ਧੀਆਂ ਨੂੰ ਜਨਮ ਦਿੱਤਾ।
ਜਦੋਂ ਫਰਾਇਡ ਦਾ ਜਨਮ ਹੋਇਆ ਤਾਂ ਉਸ ਦਾ ਪਿਤਾ, ਜੈਬਰ ਫਰਾਇਡ, ਚਾਲੀ ਸਾਲ ਵੱਡਾ ਸੀ ਅਤੇ ਉਸ ਦੇ ਵਪਾਰੀ ਵਜੋਂ ਉਸ ਦੀ ਆਮਦਨ ਸਧਾਰਨ ਪ੍ਰਕਾਰ ਦੀ ਸੀ, ਫਰਾਇਡ ਦੀ ਮਾਂ ਦੀ ਉਮਰ ਫਰਾਇਡ ਦੇ ਜਨਮ ਸਮੇਂ ਅੱਧੀ ਸੀ ਭਾਵ ਕੇਵਲ ਵੀਹ ਵਰ੍ਹੇ ਸੀ।
ਫਰਾਇਡ ਦੇ ਮਨ ਵਿਚ ਆਪਣੇ ਪਿਤਾ ਪ੍ਰਤੀ ਸਾੜੇ, ਨਫ਼ਰਤ, ਤਰਸ ਅਤੇ ਪਿਆਰ ਦੇ ਮਿਲੇ-ਜੁਲੇ ਭਾਵ ਸਨ। ਉਹ ਆਪਣੀ ਮਾਂ ਵੱਲ ਵਧੇਰੇ ਝੁਕਿਆ ਹੋਇਆ ਸੀ। ਆਪਣੇ ਸਕੂਲ ਵਿਚਲੇ ਅੱਠਾਂ ਸਾਲਾਂ ਵਿਚੋਂ ਅੰਤਲੇ ਛੇ ਵਰ੍ਹੇ ਫਰਾਇਡ ਸਦਾ ਆਪਣੀ ਜਮਾਤ ਵਿਚ ਪਹਿਲੇ ਨੰਬਰ ‘ਤੇ ਰਿਹਾ।
ਵਿਆਨਾ ‘ਚ ਯਹੂਦੀਆਂ ਲਈ ਕੰਮ ਧੰਦਿਆਂ ਦੀ ਚੋਣ ਬੜੀ ਸੀਮਤ ਸੀ। ਫਰਾਇਡ ਨੇ ਮਨੋਚਕਿਤਸਾ ਵਿਗਿਆਨ ਦਾ ਖੇਤਰ ਚੁਣਿਆ। ਬਚਪਨ ਵਿਚ ਫਰਾਇਡ ਦੇ ਮਨ ਵਿਚ ਮਾਨਵ ਜਾਤੀ ਦੇ ਦੁੱਖਾਂ-ਕਲੇਸ਼ਾਂ ਪ੍ਰਤੀ ਧਿਆਨ ਦੇਣ ਦੀ ਬਿਰਤੀ ਨਹੀਂ ਸੀ, ਪਰ ਜਵਾਨੀ ਵਿੱਚ ਇਹ ਭਾਵਨਾ ਉਤਪੰਨ ਹੋ ਚੁਕੀ ਸੀ ਅਤੇ ਉਸ ਦੇ ਮਨ ਵਿਚ ਮਾਨਵ ਜਾਤੀ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਹੱਲ ਲੱਭਣ ਦੀ ਜਗਿਆਸਾ ਸੀ ਇਸ ਜਗਿਆਸਾ ਨਾਲ ਉਹ 1873 ਤੋਂ 1881 ਤਕ ਚਕਿਤਸਾ-ਵਿਗਿਆਨ ਦਾ ਅਧਿਐਨ ਕਰਦਾ ਰਿਹਾ।
ਉਹ ਇੱਕ ਨਿਪੁੰਨ ਲੇਖਕ ਸੀ ਅਤੇ ਆਪਣੀ ਲੇਖਣੀ ਨਾਲ ਉਸ ਨੇ ਅਪਣੇ ਵਿਚਾਰਾਂ ਨੂੰ ਆਧੁਨਿਕ ਯੁੱਗ ਦਾ ਇਕ ਵਾਦ ਬਣਾ ਦਿੱਤਾ। ਉਸ ਦਾ ਮਨੋ-ਵਿਸ਼ਲੇਸ਼ਣ ਉਸ ਦੇ ਆਪਣੇ ਮਨ, ਮਨ ਵਿਚਲੇ ਡਰਾਂ ਅਤੇ ਭੈਆਂ, ਅਤ੍ਰਿਪਤ ਇੱਛਾਵਾਂ, ਦੱਬੀਆਂ, ਘੁੱਟੀਆਂ ਖ਼ਾਹਿਸ਼ਾਂ, ਹਾਰ ਗਈਆਂ ਤਾਂਘਾਂ-ਉਮੰਗਾਂ ਦਾ ਹੀ ਵਿਸ਼ਲੇਸ਼ਣ ਹੈ।
ਭਾਵੇਂ ਉਸ ਦੇ ਆਪਣੇ ਸਮਕਾਲੀਆਂ ਅਤੇ ਸਾਥੀਆਂ ਨਾਲ ਵਿਚਾਰਾਂ ਦੇ ਪੱਖੋਂ ਮਤਭੇਦ ਪੈਦਾ ਹੋਏ ਤੇ ਐਡਲਰ, ਯੁੰਗ, ਰੈਂਕ, ਸਟੈਕਲ ਆਦਿ ਉਸ ਦਾ ਸਾਥ ਛੱਡ ਗਏ ਪਰ ਫਰਾਇਡ ਆਪਣੇ ਵਿਚਾਰਾਂ ਦੇ ਪੱਖੋਂ ਦ੍ਰਿੜ ਰਿਹਾ। ਹਰ ਨਵੇਂ ਮਨੋ-ਵਿਗਿਆਨੀ ਨੂੰ ਪਹਿਲਾਂ ਇਹ ਸਪਸ਼ਟ ਕਰਨਾ ਪੈਂਦਾ ਹੈ ਕਿ ਉਹ ਫਰਾਇਡ ਦੇ ਪੱਖ ਵਿਚ ਖਲੋਤਾ ਹੈ ਜਾਂ ਵਿਰੋਧ ਵਿਚ। ਅੰਤ 23 ਸਤੰਬਰ 1939 ਨੂੰ ਇਹ ਮਹਾਨ ਮਨੋਵਿਗਿਆਨੀ ਇਸ ਫਾਨੀ ਸੰਸਾਰ ਨੂੰ ਤਿਆਗ ਗਿਆ।