ਦਰਸ਼ਨ ਸਿੰਘ ਖੋਖਰ ;
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ਵਿਚ ਜੋ ਤਕਰੀਰਾਂ ਕਾਂਗਰਸ ਦੇ ਆਗੂਆਂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀਆਂ ਹਨ ਉਸ ਦੇ ਵੱਖ- ਵੱਖ ਵਿਸ਼ਲੇਸ਼ਕ ਵੱਖੋ-ਵੱਖ ਅਰਥ ਕੱਢ ਰਹੇ ਹਨ। ਪਰ ਇਕ ਅੰਦਰੂਨੀ ਪੱਖ ਜਾਣਨਾ ਵੀ ਜ਼ਰੂਰੀ ਹੈ। ਉਹ ਇਹ ਹੈ ਕਿ, ਕੀ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਾਲ ਰਲਾ ਕੇ ਕਾਮਯਾਬੀ ਹਾਸਲ ਹੋ ਸਕੇਗੀ ?
ਅਸਲ ਵਿਚ ਨਵਜੋਤ ਸਿੰਘ ਸਿੱਧੂ ਮੁੱਦਿਆਂ ਦੀ ਰਾਜਨੀਤੀ ਦਾ ਉਭਾਰ ਕਰਕੇ ਅਤੇ ਆਪਣੀ ਹੀ ਸਰਕਾਰ ਨੂੰ ਘੇਰਨ ਕਰਕੇ ਚਰਚਾ ਵਿੱਚ ਹਨ। ਅਗਾਮੀ ਵਿਧਾਨ ਸਭਾ ਚੋਣਾਂ ਇਸ ਗੱਲ ‘ਤੇ ਵੀ ਨਿਰਭਰ ਕਰਨਗੀਆਂ ਕਿ ਮੌਜੂਦਾ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੋਕ ਕਿਸ ਤਰ੍ਹਾਂ ਵੇਖਦੇ ਹਨ। ਹੁਣ ਜਦੋਂ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ (ਸਿੱਧੂ ਦੇ ਤਾਜਪੋਸ਼ੀ ਸਮਾਗਮ ਦੌਰਾਨ) ਕੈਪਟਨ ਸਰਕਾਰ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ ਤਾਂ ਆਮ ਲੋਕਾਂ ਦੇ ਮਨਾਂ ਵਿੱਚ ਵੀ ਇਹ ਗੱਲ ਘਰ ਕਰ ਜਾਵੇਗੀ ਕਿ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਚੰਗੀ ਨਹੀਂ। ਕੈਪਟਨ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਨੂੰ ਆਧਾਰ ਬਣਾ ਕੇ ਨਵਜੋਤ ਸਿੰਘ ਸਿੱਧੂ ਸਿਆਸੀ ਮੈਦਾਨ ਵਿਚ ਕਾਮਯਾਬ ਹੋ ਸਕਦੇ ਹਨ। ਪਰ ਜੇਕਰ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਨਾਲ ਰੱਖਿਆ ਤਾਂ ਉਨ੍ਹਾਂ ਦਾ ਸਿਆਸੀ ਪੈਂਡਾ ਔਖਾ ਹੋ ਜਾਵੇਗਾ। ਇਸ ਗੱਲ ਨੂੰ ਨਵਜੋਤ ਸਿੰਘ ਸਿੱਧੂ ਵੀ ਭਲੀ ਭਾਂਤ ਜਾਣਦੇ ਹਨ ਜਿਸ ਕਾਰਨ ਉਨ੍ਹਾਂ ਤਾਜਪੋਸ਼ੀ ਸਮਾਗਮ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਖੁੱਲ੍ਹਕੇ ਦੁਆ ਸਲਾਮ ਨਹੀਂ ਕੀਤੀ ਅਤੇ ਕੇਵਲ ਵਿਖਾਵੇ ਮਾਤਰ ਹੀ ਕੈਪਟਨ ਨੂੰ ਸਤਿਕਾਰ ਦਿੱਤਾ ਸੀ।
ਜੇਕਰ ਨਵਜੋਤ ਸਿੰਘ ਸਿੱਧੂ ਕਾਂਗਰਸ ਹਾਈ ਕਮਾਂਡ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਦੇ ਦਬਾਅ ਕਾਰਨ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮਿਲਕੇ ਚੱਲਦੇ ਹਨ ਤਾਂ ਪੰਜਾਬ ਦੇ ਲੋਕੀਂ ਇਹ ਸਵਾਲ ਕਰਨਗੇ ਅਤੇ ਇਹ ਸੋਚਣਗੇ ਕਿ ਸਿੱਧੂ ਅਤੇ ਕੈਪਟਨ ਅੰਦਰ-ਖਾਤੇ ਮਿਲੇ ਹੋਏ ਹਨ ਅਤੇ ਬਾਹਰੋਂ ਹੀ ਇਕ ਦੂਜੇ ਦਾ ਵਿਰੋਧ ਕਰਦੇ ਰਹੇ ਹਨ। ਸਿਆਸੀ ਮਾਹੌਲ ਦੌਰਾਨ ਵੇਲਾ ਤਾਂ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਤਿੱਖਾ ਵਿਰੋਧ ਕਰਕੇ ਨਵਜੋਤ ਸਿੰਘ ਸਿੱਧੂ ਆਪਣੀ ਸਾਖ਼ ਬਹਾਲ ਰੱਖਣ ਤਾਂ ਕਿ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦਾ ਵਧੇਰੇ ਫ਼ਾਇਦਾ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨਾ ਉਠਾ ਜਾਵੇ।
ਇਕ ਸਵਾਲ ਇਹ ਵੀ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਦਫ਼ਤਰ ਵਿੱਚ ਬਿਸਤਰਾ ਲਗਾਉਣ ਅਤੇ ਵਿਰੋਧੀਆਂ ਦਾ ਬਿਸਤਰਾ ਗੋਲ ਕਰਨ ਦੀ ਗੱਲ ਤਾਂ ਠੋਕ ਵਜਾ ਕੇ ਕਹਿ ਦਿੱਤੀ ਹੈ ਪਰ ਕੀ ਨਵਜੋਤ ਸਿੰਘ ਸਿੱਧੂ ਨੂੰ ਉਸ ਪੱਧਰ ਦੀਆਂ ਪਾਵਰਾਂ ਮਿਲ ਜਾਣਗੀਆਂ ਕਿ ਉਹ ਲੋਕਾਂ ਨਾਲ ਹੁੰਦੀ ਬੇਇਨਸਾਫ਼ੀ ਦੂਰ ਕਰਵਾ ਸਕਣਗੇ ਅਤੇ ਲੋਕਾਂ ਦੇ ਕੰਮ ਕਰਵਾਉਣ ਦੇ ਸਮਰੱਥ ਹੋ ਸਕਣਗੇ ? ਜਿਸ ਤਰ੍ਹਾਂ ਸੁਨੀਲ ਜਾਖੜ ਨੇ ਸਪੱਸ਼ਟ ਕਿਹਾ ਕਿ ਮੌਜੂਦਾ ਸਰਕਾਰ ਨੂੰ ਲਾਲ ਫੀਤਾਸ਼ਾਹੀ ਨੇ ਖ਼ਰਾਬ ਕੀਤਾ ਹੈ ਪਰ ਕੀ ਲਾਲ ਫੀਤਾਸ਼ਾਹੀ ਉੱਤੇ ਲਗਾਮ ਕਸੀ ਜਾ ਸਕੇਗੀ ?
ਸੋ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਅਤੇ ਗੰਭੀਰ ਪੇਚੀਦਗੀਆਂ ਹਨ ਜਿਨ੍ਹਾਂ ਨਾਲ ਸੁਲਝਣ ਲਈ ਉਨ੍ਹਾਂ ਨੂੰ ਇੱਕ ਸਿਆਸੀ ਲਾਈਨ ਮਿੱਥ ਕੇ ਹੀ ਚੱਲਣਾ ਪਵੇਗਾ। ਸਿੱਧੂ ਨੂੰ ਇਹ ਵੀ ਸੋਚਣਾ ਪਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਕਿਸ ਹੱਦ ਤੱਕ ਚੱਲਿਆ ਜਾ ਸਕਦਾ ਹੈ।