ਨਵੀਂ ਦਿੱਲੀ (ਪ੍ਰਭਜੋਤ ਕੌਰ): ਇੱਕ ਪਾਸੇ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਤਾਂ ਦੂਜੇ ਪਾਸੇ ਦਿੱਲੀ ਵਿੱਚ ਕਾਂਗਰਸ ਪਾਰਟੀ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣ ਲਈ ਉਹਨਾਂ ਦੀ ਰਿਹਾਇਸ਼ ‘ਤੇ ਨਵਜੋਤ ਸਿੰਘ ਸਿੱਧੂ ਪਹੁੰਚੇ। ਪੰਜਾਬ ਦੇ ਸਾਬਕਾ ਕੈਬਿਨਟ ਮੰਤਰੀ ਨਵਜੋਤ ਸਿੱਧੂ ਦੇ ਨਾਲ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਵੀ ਪਹੁੰਚੇ। ਇਸ ਦੌਰਾਨ ਦੋਵਾਂ ਲੀਡਰਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਕਾਫ਼ੀ ਦੇਰ ਤੱਕ ਗੱਲਬਾਤ ਕੀਤੀ।
ਮੀਟਿੰਗ ਖ਼ਤਮ ਹੋਣ ਤੋਂ ਬਾਅਦ ਹਰੀਸ਼ ਰਾਵਤ ਨੇ ਕਿਹਾ ਕਿ ਅੱਜ ਦੀ ਮੀਟਿੰਗ ਕਿਸਾਨੀ ਮੁੱਦੇ ‘ਤੇ ਸੀ। ਕਾਂਗਰਸ ਪ੍ਰਧਾਨ ਨਾਲ ਗੱਲਬਾਤ ਕੀਤੀ ਗਈ ਕਿ ਜਿਵੇਂ ਬੀਜੇਪੀ ਅੰਦੋਲਨ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਇਸ ਦਾ ਮੁਕਾਬਲਾ ਕਿਵੇਂ ਕੀਤਾ ਜਾਵੇ। ਹਰੀਸ਼ ਰਾਵਤ ਨੇ ਕਿਹਾ ਕਿ ਸਾਡੀ ਸੀਨੀਅਰ ਲੀਡਰਸ਼ਿਪ ਨੇ ਅੰਦੋਲਨ ਪ੍ਰਤੀ ਕਿਸਾਨਾਂ ਦੇ ਹੱਕ ਦਵਾਉਣ ਲਈ ਰਣਨੀਤੀ ਤਿਆਰ ਕੀਤੀ ਹੈ। ਇਸ ਤੋਂ ਇਲਾਵਾ ਹਰੀਸ਼ ਰਾਵਤ ਨੇ ਕਿਹਾ ਕਿ ਬੀਜੇਪੀ ਨੂੰ ਇਹ ਵੀ ਜਾਣ ਲੈਣਾ ਚਾਹੀਦਾ ਹੈ ਕਿ ਮੁਰਲੀ ਮਨੋਹਰ ਜੋਸ਼ੀ ਅਤੇ ਲਾਲ ਕ੍ਰਿਸ਼ਨ ਅਡਵਾਨੀ ਵਰਗੇ ਲੀਡਰ ਵੀ ਅੰਦੋਲਨਜੀਵੀ ਰਹੇ ਹਨ।
ਪੰਜਾਬ ਦੀ ਸਿਆਸਤ ਤੋਂ ਥੋੜ੍ਹੀ ਦੂਰੀ ਬਣਾਏ ਨਵਜੋਤ ਸਿੱਧੂ ਹੌਲੀ-ਹੌਲੀ ਆਪਣੀ ਵਾਪਸੀ ਕਰ ਰਹੇ ਹਨ। ਪਹਿਲਾਂ ਨਵਜੋਤ ਸਿੱਧੂ ਪੰਜਾਬ ਕਾਂਗਰਸ ਲੀਡਰਸ਼ਿਪ ਤੋਂ ਕਾਫ਼ੀ ਨਾਰਾਜ਼ ਚੱਲ ਰਹੇ ਸਨ ਜਿਸ ਕਾਰਨ ਉਹਨਾਂ ਨੇ ਕੈਬਿਨਟ ਰੈਂਕ ਤੋਂ ਅਸਤੀਫ਼ਾ ਦਿੱਤਾ ਸੀ। ਨਵਜੋਤ ਸਿੱਧੂ ਨੂੰ ਮਨਾਉਣ ਲਈ ਕਾਂਗਰਸ ਨੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਜ਼ਿੰਮੇਵਰੀ ਸੌਂਪੀ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਾਲੇ ਸਿਆਸੀ ਦੂਰੀਆਂ ਵੀ ਘੱਟ ਗਈਆਂ ਹਨ।
ਇਸ ਦਾ ਜਵਾਬ ਇਹ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਸਿਸਵਾਂ ਵਿਖੇ ਆਪਣੇ ਫਾਰਮ ਹਾਊਸ ‘ਤੇ ਸਿੱਧੂ ਨੂੰ ਲੰਚ ਲਈ ਬੁਲਾਇਆ ਸੀ ਅਤੇ ਉਸ ਤੋਂ ਬਾਅਦ ਟਵੀਟ ਕਰਕੇ ਕਿਹਾ ਸੀ ਕਿ ਦੋਵਾਂ ਲੀਡਰਾਂ (ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ) ਵਿਚਾਲੇ ਲੰਚ ਮੀਟਿੰਗ ਬਹੁਤ ਵਧੀਆ ਰਹੀ ਤੇ ਉਮੀਦ ਹੈ ਭਵਿੱਖ ਵਿੱਚ ਵੀ ਅਜਿਹੀਆਂ ਬੈਠਕਾਂ ਹੁੰਦੀਆਂ ਰਹਿਣਗੀਆਂ। ਇਸ ਤੋਂ ਪੰਜਾਬ ਦੀ ਸਿਆਸਤ ਵਿੱਚ ਇਹ ਵੀ ਖਦਸ਼ੇ ਲਾਏ ਜਾ ਰਹੇ ਹਨ ਕਿ ਨਵਜੋਤ ਸਿੱਧੂ ਨੂੰ ਕਾਂਗਰਸ ਹਾਈਕਮਾਨ ਕੋਈ ਵੱਡੀ ਜ਼ਿੰਮੇਵਾਰੀ ਵੀ ਦੇ ਸਕਦੀ ਹੈ।